
ਪਿੰਡ ਕੁੰਭੜਾ ਦੇ ਸਰਬਪੱਖੀ ਵਿਕਾਸ ਲਈ ਮੇਅਰ ਕੁਲਵੰਤ ਸਿੰਘ ਦਾ ਵਿਸ਼ੇਸ਼ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਕੁੰਭੜਾ ਵਿੱਚ ਕਰੀਬ ਦੋ ਦਹਾਕੇ ਬਾਅਦ ਹੋਏ ਵਿਕਾਸ ਕਾਰਜਾਂ ਦੀ ਖੁਸ਼ੀ ਵਿੱਚ ਅੱਜ ਅਕਾਲੀ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਦੀ ਅਗਵਾਈ ਹੇਠ ਪਿੰਡ ਦੀਆਂ ਬੀਬੀਆਂ ਨੇ ਇਕੱਠੇ ਹੋ ਕੇ ਮੇਅਰ ਕੁਲਵੰਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਇਨ੍ਹਾਂ ਬੀਬੀਆਂ ਨੇ ਸੋਮਵਾਰ ਨੂੰ ਨਗਰ ਨਿਗਮ ਦਫ਼ਤਰ ਵਿੱਚ ਪਹੁੰਚ ਕੇ ਮੇਅਰ ਨੂੰ ਸਨਮਾਨਿਤ ਕੀਤਾ।
ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਅਤੇ ਸਮਾਜ ਸੇਵੀ ਹਰਮੇਸ਼ ਸਿੰਘ ਨੇ ਦੱਸਿਆ ਕਿ 68 ਲੱਖ ਰੁਪਏ ਦੀ ਲਾਗਤ ਨਾਲ ਕੁੰਭੜਾ ਦੀ ਸੜਕ ਬਣਾਈ ਗਈ ਹੈ। ਜਦੋਂਕਿ ਇਸ ਤੋਂ ਪਹਿਲਾਂ ਪਿੰਡ ਵਿੱਚ 37 ਲੱਖ ਦੀ ਲਾਗਤ ਨਾਲ ਐਲਈਡੀ ਲਾਈਟਾਂ ਲਗਾਈਆਂ ਗਈਆਂ ਹਨ ਅਤੇ ਪਿੰਡ ਵਾਸੀਆਂ ਦੀ ਪਿਆਸ ਬੁਝਾਉਣ ਲਈ 70 ਲੱਖ ਰੁਪਏ ਦੀ ਲਾਗਤ ਨਾਲ ਦੋ ਨਵੇਂ ਟਿਊਬਵੈੱਲ ਲਗਾਏ ਗਏ। ਸਮੁੱਚੇ ਪਿੰਡ ਵਿੱਚ ਪੇਵਰ ਬਲਾਕ ’ਤੇ 90 ਲੱਖ ਖਰਚੇ ਅਤੇ 1 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਪੂਰੇ ਪਿੰਡ ਵਿੱਚ ਨਵੇਂ ਸਿਰਿਓਂ ਵਾਟਰ ਸਪਲਾਈ ਪਾਈਪਲਾਈਨ ਵਿਛਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਕ ਹੋਰ ਟਿਊਬਵੈਲ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਰਕ ’ਤੇ 10 ਲੱਖ , ਸਰਕਾਰੀ ਸਕੂਲ ਦੇ ਵਿਕਾਸ ’ਤੇ 15 ਲੱਖ ਅਤੇ ਧਰਮਸ਼ਾਲਾ ’ਤੇ 14 ਖਰਚੇ ਗਏ ਹਨ। ਇਸ ਤੋਂ ਇਲਾਵਾ 75 ਲੱਖ ਦੇ ਹੋਣ ਵਿਕਾਸ ਕੰਮ ਪਾਸ ਕੀਤੇ ਗਏ ਹਨ, ਓਪਨ ਏਅਰ ਜਿਮ ਅਤੇ ਬਿਜਲੀ ਦੀਆਂ ਪੁਰਾਣੀਆਂ ਬਦਲ ਕੇ ਨਵੀਆਂ ਪਾਉਣ ਲਈ 35 ਲੱਖ ਖਰਚੇ ਗਏ ਹਨ।