nabaz-e-punjab.com

ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਗਾਇਕਾਂ ਵਿਰੁੱਧ ਸਖ਼ਤ ਕਾਰਵਾਈ ਕਰੇ ਸਰਕਾਰ: ਬੌਬੀ ਕੰਬੋਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਭਾਰਤੀ ਕਿਸਾਨ ਸੰਘ ਦੀ ਚੰਡੀਗੜ੍ਹ ਇਕਾਈ ਦੇ ਸੂਬਾ ਪ੍ਰਧਾਨ ਅਤੇ ਸੈਕਟਰ-68 ਤੋਂ ਭਾਜਪਾ ਕੌਂਸਲਰ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਦੀ ਅਗਵਾਈ ਹੇਠ ਵਫ਼ਦ ਨੇ ਅੱਜ ਐਸਐਸਪੀ ਕੁਲਦੀਪ ਸਿੰਘ ਚਾਹਲ ਨਾਲ ਮੁਲਾਕਾਤ ਕਰਕੇ ਪੰਜਾਬੀ ਗਾਇਕਾਂ ਐਲੀ ਮਾਂਗਟ, ਯੋ ਯੋ ਹਨੀ ਸਿੰਘ, ਸਿੱਧੂ ਮੁੱਸੇਵਾਲਾ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਭਾਜਪਾ ਆਗੂ ਨੇ ਕਿਹਾ ਕਿ ਪਿਛਲੇ ਦਿਨੀਂ ਗਾਇਕ ਐਲੀ ਮਾਂਗਟ ਅਤੇ ਗਾਇਕ ਰੰਮੀ ਰੰਧਾਵਾ ਬਰਦਰਸ ਦੀ ਫੇਸਬੁੱਕ/ਇੰਸਟਾਗ੍ਰਾਮ ’ਤੇ ਸ਼ਰੇਆਮ ਭਾਰਤ ਦੇ ਸੰਵਿਧਾਨ ਨੂੰ ਤਾਰਪੀਡੋ ਕਰਦਿਆਂ ਗੈਂਗਵਾਰ ਦੀਆਂ ਵੀਡੀਓ ਅਪਲੋਡ ਕੀਤੀਆਂ ਗਈਆਂ ਹਨ ਅਤੇ ਇਹ ਗਾਇਕ ਪੰਜਾਬ ਦੇ ਨੌਜਵਾਨਾਂ ਵਿੱਚ ਨਫ਼ਰਤ ਭਰ ਰਹੇ ਹਨ। ਇਸ ਲਈ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵਫ਼ਦ ਨੇ ਕਿਹਾ ਕਿ ਫੇਸਬੁੱਕ ’ਤੇ ਇਕ ਦੂਜੇ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਇਨ੍ਹਾਂ ਦੋਵੇਂ ਗਾਇਕਾਂ ਨੇ ਆਪਸੀ ਤਾਲਮੇਲ ਕਰਕੇ ਫੋਕੀ ਸ਼ੌਹਰਤ ਲੈਣ ਲਈ ਇਹ ਸਭ ਕੁਝ ਕੀਤਾ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ।
ਭਾਜਪਾ ਆਗੂ ਨੇ ਮੰਗ ਕੀਤੀ ਕਿ ਇਸਦੇ ਨਾਲ ਹੀ ਗਾਇਕ ਯੋ ਯੋ ਹਨੀ ਸਿੰਘ, ਸਿੱਧੂ ਮੁੱਸੇਵਾਲਾ ਦੇ ਖ਼ਿਲਾਫ਼ ਵੀ ਹਥਿਆਰਾਂ ਅਤੇ ਨਸ਼ੇ ਅਤੇ ਗੈਂਗਸਟਰ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਅਤੇ ਅੌਰਤਾਂ ਨੂੰ ਨੀਵਾਂ ਦਿਖਾਉਣ ਵਾਲੇ ਗੀਤ ਗਾਉਣ ਲਈ ਕੇਸ ਦਰਜ ਕੀਤਾ ਜਾਵੇ। ਵਫ਼ਦ ਵਿੱਚ ਪੰਜਾਬ ਕਿਸਾਨ ਸੰਘ ਦੇ ਇੰਚਾਰਜ ਹਰਜੀਤ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਜੋਗਿੰਦਰ ਗੁੱਜਰ, ਕੁਲਦੀਪ ਸਿੰਘ ਮੱਲ੍ਹੀ ਬਲਾਕ ਪ੍ਰਧਾਨ, ਮੀਤ ਪ੍ਰਧਾਨ ਸਰਬਜੀਤ ਸਿੰਘ, ਇੰਟਰ ਨੈਸ਼ਨਲ ਸਰਬ ਕੰਬੋਜ ਸਮਾਜ ਦੇ ਪ੍ਰਧਾਨ ਹਰਮੀਤ ਕੰਬੋਜ ਪੰਮਾ ਅਤੇ ਕੇਵਲ ਕੰਬੋਜ ਵੀ ਹਾਜ਼ਰ ਸਨ।
ਉਧਰ, ਪੰਜਾਬ ਸਪੋਰਟਸ ਐਂਡ ਯੂਥ ਵੈਲਫੇਅਰ ਬੋਰਡ ਦੇ ਵਾਈਸ ਚੇਅਰਮੈਨ ਵਿਕਰਮ ਕੰਬੋਜ ਨੇ ਅੱਜ ਪੰਜਾਬੀ ਗਾਇਕ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਦੋਵੇਂ ਗਾਇਕਾਂ ਵੱਲੋਂ ਆਪਣੀ ਟੀ ਆਰ ਪੀ ਵਧਾਉਣ ਲਈ ਨੌਜਵਾਨਾਂ ਨੂੰ ਭੜਕਾਇਆ ਗਿਆ ਹੈ। ਲਿਹਾਜ਼ਾ ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗਾਇਕਾਂ ਨੇ ਸੋਸ਼ਲ ਮੀਡੀਆ ’ਤੇ ਗੈਂਗਵਾਰ ਨੂੰ ਬੜ੍ਹਾਵਾ ਦੇਣ ਵਾਲੀਆਂ ਪੋਸਟਾਂ ਅਪਲੋਡ ਕਰਕੇ ਨੌਜਵਾਨਾਂ ਨੂੰ ਉਕਸਾਇਆ ਹੈ ਅਤੇ ਇਸ ਦੇ ਮਾੜੇ ਨਤੀਜੇ ਆ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਗਾਇਕਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …