nabaz-e-punjab.com

ਪੰਜਾਬ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਵਿੱਚ ਸੋਧ ਫਾਰਮੂਲਾ ਪੈਨਸ਼ਨਰਾਂ ਨਾਲ ਛਲਾਵਾ: ਸੰਯੁਕਤ ਫਰੰਟ

19 ਦਸੰਬਰ ਦੀ ਪੰਜਾਬ ਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਖਰੜ ਰੈਲੀ ਨੂੰ ਸਫਲ ਬਣਾਉਣ ਦਾ ਅਹਿਦ

ਪੈਨਸ਼ਨਰ ਦਿਵਸ ’ਤੇ 17 ਦਸੰਬਰ ਨੂੰ ਸਮੂਹ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਦੇਣ ਦਾ ਫੈਸਲਾ

30 ਦਸੰਬਰ ਨੂੰ ਜ਼ਿਲ੍ਹਾ ਪੱਧਰਾਂ ’ਤੇ ਰੈਲੀਆਂ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਪੰਜਾਬ ਗੌਰਮਿੰਟ ਪੈਨਸ਼ਨਰਜ਼ ਸੰਯੁਕਤ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਕਨਵੀਨਰ ਧਨਵੰਤ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂ ਵੀ ਸ਼ਾਮਲ ਹੋਏ। ਹਰਬੰਸ ਸਿੰਘ ਰਿਆੜ, ਦੇਸ ਰਾਜ ਗਾਂਧੀ, ਕੁਲਵਰਨ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਵਿੱਚ ਪੈਨਸ਼ਨਾਂ ਸੋਧਣ ਦਾ ਫਾਰਮੂਲਾ 31-12-2015 ਦੀ ਬੇਸਿਕ ਪੈਨਸ਼ਨ ਤੇ 113 ਫੀਸਦੀ ਡੀਏ ਜੋੜ ਕੇ 15 ਫੀਸਦੀ ਲਾਭ ਜੋੜ ਕੇ ਜਨਵਰੀ 2016 ਦੀ ਨਵੀਂ ਬੇਸਿਕ ਪੈਨਸ਼ਨ ਬਣੇਗੀ ਜਦੋਂਕਿ ਤਨਖ਼ਾਹ-ਕਮਿਸ਼ਨ ਦੀ ਰਿਪੋਰਟ ਵਿੱਚ ਅਜਿਹੀ ਕੋਈ ਤਜਵੀਜ਼ ਨਹੀਂ ਹੈ।
ਸੰਯੁਕਤ ਫਰੰਟ ਦੇ ਕੋਆਰਡੀਨੇਟਰ ਕਰਮ ਸਿੰਘ ਧਨੋਆ, ਠਾਕੁਰ ਸਿੰਘ, ਭਜਨ ਸਿੰਘ ਗਿੱਲ, ਹਰਜੀਤ ਸਿੰਘ, ਕੁਲਵੰਤ ਸਿੰਘ, ਸੁਰਿੰਦਰ ਰਾਮ ਕੁੱਸਾ ਨੇ ਇਸ ਫਾਰਮੂਲੇ ਨੂੰ ਮੁੱਢੋਂ ਰੱਦ ਕਰਦਿਆਂ ਮੰਗ ਕੀਤੀ ਕਿ ਛੇਵੇਂ ਤਨਖ਼ਾਹ-ਕਮਿਸ਼ਨ ਦੀ ਸਿਫ਼ਾਰਸ਼ ਮੁਤਾਬਕ ਘੱਟੋ-ਘੱਟ 2.59 ਦਾ ਗੁਣਾਕ ਜਾਰੀ ਕੀਤਾ ਜਾਵੇ ਅਤੇ ਨੈਸ਼ਨਲ ਫਿਕਸ਼ੇਸ਼ਨ ਫਾਰਮੂਲੇ ਅਨੁਸਾਰ ਪੈਨਸ਼ਨਾਂ ਸੋਧਣ ਲਈ ਅਧਿਕਾਰ ਡੀਡੀਓ ਪੱਧਰ ’ਤੇ ਦਿੱਤੇ ਜਾਣ ਅਤੇ ਇਸ ਨੂੰ ਸਰਲ ਕਰਕੇ ਉਦਾਹਰਣਾ ਸਾਹਿਤ ਲਾਗੂ ਕੀਤਾ ਜਾਵੇ। ਹਰਜਿੰਦਰ ਸਿੰਘ, ਇੰਦਰਜੀਤ ਖੀਵਾ ਅਤੇ ਦਰਸ਼ਨ ਸਿੰਘ ਉਟਾਲ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੇ 2802 ਕਰੋੜ ਦੇ ਬਕਾਏ ਦੇਣ ਦੇ ਝੂਠੇ ਪ੍ਰਚਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਜਨਵਰੀ 16 ਤੋਂ ਹੁਣ ਤੱਕ ਬਣਦਾ ਬਕਾਇਆ ਪੈਨਸ਼ਨਰਾਂ ਨੂੰ ਯੱਕਮੁਸ਼ਤ ਦਿੱਤਾ ਜਾਵੇ ਕਿਉਂਕਿ ਪੈਨਸ਼ਨਰ ਸੇਵਾਮੁਕਤ ਹੋਣ ਤੋਂ ਬਾਅਦ ਸਰੀਰਕ ਤੌਰ ’ਤੇ ਕਮਜ਼ੋਰ ਹੋਣ ਕਾਰਨ, ਆਪਣੇ ਜੀਵਨ ਦੇ ਆਖ਼ਰੀ ਪੜਾਅ ਵੱਲ ਜਾ ਰਹੇ ਹਨ।
ਹਰਨੇਕ ਸਿੰਘ ਨੇਕ, ਜਗਦੀਸ਼ ਸਿੰਘ ਸਰਾਓ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਇਲਾਜ ਲਈ ਕੈਸ਼ ਲੈੱਸ ਮੈਡੀਕਲ ਸਹੂਲਤ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਪੈਨਸ਼ਨਰ ਬੁਢਾਪੇ ਵਿੱਚ ਆਪਣੇ ਇਲਾਜ ਲਈ ਕਿਸੇ ਦੇ ਮੁਥਾਜ ਨਾ ਹੋਣ। ਮੀਟਿੰਗ ਦੇ ਅਖੀਰ ਵਿੱਚ ਸਮੂਹ ਕਨਵੀਨਰਾਂ ਨੇ 19 ਦਸੰਬਰ ਦੀ ਪੰਜਾਬ ਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਖਰੜ ਰੈਲੀ ਵਿੱਚ ਹਰੇਕ ਪੈਨਸ਼ਨਰ ਜਥੇਬੰਦੀ ਨੂੰ ਆਪਣੇ ਪੱਧਰ ’ਤੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਇੱਕ ਹੋਰ ਫੈਸਲੇ ਮੁਤਾਬਕ 17 ਦਸੰਬਰ ਨੂੰ ਪੈਨਸ਼ਨਰ ਦਿਵਸ ਮੌਕੇ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਅਤੇ 30 ਦਸੰਬਰ ਨੂੰ ਜ਼ਿਲ੍ਹਾ ਪੱਧਰਾਂ ’ਤੇ ਰੈਲੀਆਂ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਬੁਲਾਰਿਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਕੋਈ ਸਾਰਥਿਕ ਹੱਲ ਨਾ ਕੱਢਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਘੋਲ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਮੁਕਤਸਰ, ਫਿਰੋਜਪੁਰ, ਫਰੀਦਕੋਟ, ਫਤਹਿਗੜ੍ਹ ਸਾਹਿਬ ਦੇ ਆਗੂ ਪ੍ਰੀਤਮ ਸਿੰਘ ਨਾਗਰਾ, ਰਣਜੀਤ ਸਿੰਘ ਅਤੇ ਹੋਰਨਾਂ ਆਗੂਆਂ ਨੇ ਸ਼ਮੂਲੀਅਤ ਕੀਤੀ।

Load More Related Articles

Check Also

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ 21 ਅਪਰੈਲ: ਗੁਰਦੁਆ…