
ਸਰਕਾਰ ਤੇ ਪੀਜੀਆਈ ਦਾ ਉਪਰਾਲਾ: ਰੇਹੜੀ-ਫੜੀ ਵਾਲਿਆਂ ਨੂੰ ਨਿਯਮਾਂ ਸਬੰਧੀ ਲਾਈ ਵਰਕਸ਼ਾਪ
ਸੜਕਾਂ ’ਤੇ ਆਪਣਾ ਕਾਰੋਬਾਰ ਨਾ ਕਰਨ ਰੇਹੜੀਆਂ-ਫੜੀ ਵਾਲੇ: ਮੇਅਰ ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਅਤੇ ਪੀਜੀਆਈ ਵੱਲੋਂ ਦੀਨ ਦਿਆਲ ਅੰਤੋਦਿਆ ਯੋਜਨਾ ਨੈਸ਼ਨਲ ਅਰਬਨ ਲਾਇਵਲੀਹੁੱਡ ਮਿਸ਼ਨ ਤਹਿਤ ਰੇਹੜੀ-ਫੜੀਆਂ ਵਾਲਿਆਂ ਨੂੰ ਆਪਣਾ ਕਾਰੋਬਾਰ ਵਧਾਉਣ ਅਤੇ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਅੱਜ ਇੱਥੇ ਮੁਹਾਲੀ ਨਗਰ ਨਿਗਮ ਭਵਨ ਵਿਖੇ ਵਿਸ਼ੇਸ਼ ਵਰਕਸ਼ਾਪ ਲਗਾਈ ਗਈ। ਜਿਸ ਦਾ ਉਦਘਾਟਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੀਤਾ। ਇਸ ਵਰਕਸ਼ਾਪ ਵਿੱਚ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਰੇਹੜੀ-ਫੜੀ ਵਾਲਿਆਂ ਨੂੰ ਨਿਯਮਾਂ ਦੀ ਪਾਲਣਾ ਕਰਦਿਆਂ ਆਪਣਾ ਕਾਰੋਬਾਰ ਵਧਾਉਣ ਅਤੇ ਸਿਹਤ ਤੇ ਸਫ਼ਾਈ ਬਾਰੇ ਜਾਗਰੂਕ ਕੀਤਾ ਗਿਆ ਅਤੇ ਤੰਬਾਕੂ ਤੋਂ ਹੋਣ ਵਾਲੇ ਨੁਕਸਾਨ ਅਤੇ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਦੂਜੇ ਪੜਾਅ ਦੀ ਇਹ ਵਰਕਸ਼ਾਪ 20 ਮਈ ਤੱਕ ਚੱਲੇਗੀ।
ਮੇਅਰ ਜੀਤੀ ਸਿੱਧੂ ਨੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ’ਤੇ ਜ਼ੋਰ ਦਿੰਦਿਆਂ ਸੜਕਾਂ ਉੱਤੇ ਰੇਹੜੀਆਂ-ਫੜੀਆਂ ਨਾ ਲਗਾਉਣ ਅਤੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਆਪਣੀ ਰੋਜ਼ੀ ਰੋਟੀ ਕਮਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਫ਼ਾਈ ਰੱਖਣ ਨਾਲ ਜਿੱਥੇ ਆਪਣਾ ਬਚਾਅ ਕਰ ਸਕਦੇ ਹਨ, ਉੱਥੇ ਆਪਣੇ ਗਾਹਕਾਂ ਨੂੰ ਵੀ ਬਿਮਾਰੀਆਂ ਤੋਂ ਬਚਾਅ ਸਕਦੇ ਹਨ। ਇਸ ਤੋਂ ਪਹਿਲਾਂ ਕਮਿਸ਼ਨਰ ਕਮਲ ਗਰਗ ਨੇ ਕਿਹਾ ਕਿ ਪੰਜਾਬ ਭਰ ਵਿੱਚ ਇਹ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਦੋ ਸਾਲ ਪਹਿਲਾਂ ਮੁਹਾਲੀ ਤੋਂ ਹੀ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ। ਇਸ ਟਰੇਨਿੰਗ ਦੌਰਾਨ ਰੇਹੜੀ-ਫੜੀ ਵਾਲਿਆਂ ਨੂੰ ਸਾਫ਼-ਸਫ਼ਾਈ, ਭਲਾਈ ਸਕੀਮਾਂ, ਬੈਂਕ ਸਹੂਲਤਾਂ ਬਾਰੇ ਜਾਗਰੂਕ ਕਰਨ ਸਮੇਤ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਜਾਂਦਾ ਹੈ।
ਪੀਜੀਆਈ ਤੋਂ ਆਏ ਐਸੋਸੀਏਟ ਪ੍ਰੋਫੈਸਰ ਡਾ. ਡਾ ਪੂਨਮ ਖੰਨਾ ਅਤੇ ਡਾ. ਅਭੀਨਵ ਕਾਲੜਾ ਨੇ ਰੇਹੜੀ-ਫੜੀ ਵਾਲਿਆਂ ਨੂੰ ਸਾਫ਼-ਸਫ਼ਾਈ ਰੱਖਣ ਦੇ ਢੰਗ ਤਰੀਕੇ ਦੱਸੇ। ਉਨ੍ਹਾਂ ਕਿਹਾ ਕਿ ਗਾਹਕਾਂ ਨੂੰ ਖਾਣ-ਪੀਣ ਦਾ ਸਮਾਨ ਪਰੋਸਣ ਬਾਰੇ ਜਾਗਰੂਕ ਕੀਤਾ ਗਿਆ। ਉਂਜ ਵੀ ਸਮੇਂ ਸਮੇਂ ਸਿਰ ਖਾਣ-ਪੀਣ ਦੇ ਸਮਾਨ ਦੇ ਸੈਂਪਲ ਭਰੇ ਜਾਂਦੇ ਹਨ। ਹੋਟਲ ਮੈਨੇਜਮੈਂਟ ਕਾਲਜ ਚੰਡੀਗੜ੍ਹ ਦੇ ਐੱਚਓਡੀ ਜੇਪੀ ਕਾਂਤ ਨੇ ਦੱਸਿਆ ਕਿ ਟਰਾਈ ਸਿਟੀ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਸਰਕਾਰੀ ਕਾਲਜ ਤੋਂ ਦੋ ਮਹੀਨੇ ਦਾ ਮੁਫ਼ਤ ਕੋਰਸ ਕਰ ਸਕਦਾ ਹੈ। ਇਸ ਸਬੰਧੀ ਸਬੰਧਤ ਵਿਅਕਤੀ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਸਿਟੀ ਮਿਸ਼ਨ ਮੈਨੇਜਰ ਪ੍ਰੀਤੀ ਅਰੋੜਾ ਪਾਠਕ ਨੇ ਰੇਹੜੀ-ਫੜੀ ਵਾਲਿਆਂ ਨੂੰ ਸੈਲਫ ਹੈਲਪ ਗਰੁੱਪ ਬਣਾਉਣ ਲਈ ਜਾਗਰੂਕ ਕੀਤਾ।

ਇਸ ਮੌਕੇ ਫਾਇਨਾਂਸ਼ੀਅਲ ਲਿਟਰੇਸੀ ਕੌਂਸਲਰ ਅਨੀਤਾ ਘੋਸਲਾ ਨੇ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਰੁਦਰਾ ਥੀਏਟਰ ਗਰੁੱਪ ਨੇ ਨਾਟਕ ਪੇਸ਼ ਕੀਤਾ। ਜਿਸ ਵਿੱਚ ਰੇਹੜੀ-ਫੜੀ ਵਾਲਿਆਂ ਨੂੰ ਸਫ਼ਾਈ ਪ੍ਰਤੀ ਧਿਆਨ ਦੇਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਬੇਦੀ, ਸੰਯੁਕਤ ਕਮਿਸ਼ਨਰ ਹਰਕੀਰਤ ਕੌਰ ਚਾਨਾ, ਜਸਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।