nabaz-e-punjab.com

ਮੁਹਾਲੀ ਵਿੱਚ ਸਰਕਾਰੀ ਮੈਡੀਕਲ ਕਾਲਜ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਹਰੀ ਝੰਡੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੇ ਵਿਧਾਇਕ ਸਿੱਧੂ ਵੱਲੋਂ ਭਾਰਤ ਸਰਕਾਰ ਦਾ ਸਵਾਗਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਐਸ.ਏ.ਐਸ ਨਗਰ (ਮੁਹਾਲੀ) ਵਿੱਚ 374.86 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਮੈਡੀਕਲ ਕਾਲਜ ਸਥਾਪਿਤ ਕਰਨ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੁਹਾਲੀ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਕਾਰੀ ਪ੍ਰਾਜੈਕਟ ’ਤੇ ਕੇਂਦਰ ਦੀ ਮੋਹਰ ਲੱਗਣ ਨਾਲ ਵਿਰੋਧੀਆਂ ਵੱਲੋਂ ਮੈਡੀਕਲ ਕਾਲਜ ਸਬੰਧੀ ਪਾਏ ਸਾਰੇ ਭੁਲੇਖੇ ਵੀ ਦੂਰ ਹੋ ਗਏ ਹਨ। ਇਸ ਨਾਲ ਕੈਪਟਨ ਸਰਕਾਰ ਦੇ ਸੂਬੇ ਵਿੱਚ ਮੈਡੀਕਲ ਮਾਹਰਾਂ ਦੀ ਵੱਡੀ ਘਾਟ ਨੂੰ ਦੂਰ ਕਰਨ ਅਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਬਾਰੇ ਪ੍ਰੋਗਰਾਮ ਨੂੰ ਹੁਲਾਰਾ ਮਿਲੇਗਾ।
ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਇਸ ਪ੍ਰਾਜੈਕਟ ਨੂੰ ਸਵੀਕਾਰ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਮੈਡੀਕਲ ਕਾਲਜ ਦੇ ਬਣਨ ਨਾਲ ਮੁਹਾਲੀ ਦੇ ਨੇੜਲੇ ਇਲਾਕਿਆਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਵਿੱਚ ਮਦਦ ਮਿਲੇਗੀ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਸਮੇਂ ਸੀਮਾ ਦੇ ਅੰਦਰ ਮੁਕੰਮਲ ਕਰਵਾਇਆ ਜਾਵੇਗਾ।
ਜਾਣਕਾਰੀ ਅਨੁਸਾਰ ਕੇਂਦਰੀ ਸਪਾਂਸਰ ਸਕੀਮ ਦੀਆਂ ਸ਼ਰਤਾਂ ਮੁਤਾਬਕ ਭਾਰਤ ਸਰਕਾਰ ਵੱਲੋਂ ਇਸ ਕਾਲਜ ਦੇ ਢਾਂਚਾਗਤ ਵਿਕਾਸ ਅਤੇ ਸਾਜ਼ੋ-ਸਾਮਾਨ ਲਈ ਤਿੰਨ ਕਿਸ਼ਤਾਂ ਵਿੱਚ 113.40 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਜਦੋਂਕਿ ਸੂਬਾ ਸਰਕਾਰ ਵੱਲੋਂ ਪ੍ਰਾਜੈਕਟ ਲਈ 2018-19 ਦੇ ਆਪਣੇ ਬਜਟ ਵਿੱਚ ਪਹਿਲਾਂ ਹੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਭਾਵੇਂ ਕੇਂਦਰ ਸਰਕਾਰ ਨੇ ਨਵੇਂ ਮੈਡੀਕਲ ਕਾਲਜ ਸਥਾਪਿਤ ਕਰਨ ਅਤੇ ਹਸਪਤਾਲਾਂ ਦਾ ਪੱਧਰ ਉੱਚਾ ਚੁੱਕਣ ਲਈ 2014 ਵਿੱਚ ਸਕੀਮ ਸ਼ੁਰੂ ਕੀਤੀ ਸੀ ਪਰ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਇਸ ਮਾਮਲੇ ਨੂੰ ਅੱਗੇ ਲਿਜਾਉਣ ਵਿੱਚ ਨਾਕਾਮ ਰਹੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਚਾਰਜ ਸੰਭਾਲਦੇ ਹੀ ਪੰਜਾਬ ਵਿੱਚ ਪਹਿਲ ਦੇ ਅਧਾਰ ’ਤੇ ਸਿਹਤ ਸੁਵਿਧਾਵਾਂ ਦਾ ਪੱਧਰ ਉੱਚਾ ਚੁੱਕਣ ਅਤੇ ਸੰਸਥਾਵਾਂ ਸਥਾਪਿਤ ਕਰਨ ਦਾ ਵਾਅਦਾ ਕੀਤਾ ਸੀ।
ਪੰਜਾਬ ਸਿਹਤ ਸਿਸਟਮਜ਼ ਕਾਰਪੋਰੇਸ਼ਨ ਵੱਲੋਂ ਪੇਸ਼ ਕੀਤੀ ਪ੍ਰਾਜੈਕਟ ਰਿਪੋਰਟ ਦੇ ਅਨੁਸਾਰ ਮੁਹਾਲੀ ਵਿੱਚ ਨਵੇਂ ਬਣਾਏ ਜਾ ਰਹੇ ਮੈਡੀਕਲ ਕਾਲਜ ਉੱਤੇ 374.86 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ’ਚੋਂ 325.26 ਕਰੋੜ ਰੁਪਏ ਇਮਾਰਤ ਅਤੇ ਬੁਨਿਆਦੀ ਢਾਂਚੇ ਉੱਤੇ ਖਰਚੇ ਜਾਣਗੇ ਜਦੋਂਕਿ 49.60 ਕਰੋੜ ਰੁਪਏ ਸਾਜੋ-ਸਮਾਨ ’ਤੇ ਖਰਚ ਹੋਣਗੇ। ਕਾਲਜ ਵਿੱਚ ਐਮਬੀਬੀਐਸ ਦੀਆਂ 100 ਸੀਟਾਂ ਹੋਣਗੀਆਂ ਅਤੇ ਇਹ ਕਾਲਜ 20.85 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ। ਇਸ ਵਾਸਤੇ ਸਰਕਾਰੀ ਹਸਪਤਾਲ ਲਈ 9.81 ਏਕੜ ਅਤੇ ਮੁਹਾਲੀ ਦੇ ਸਟੇਟ ਇੰਸਟੀਚਿਊਟ ਆਫ਼ ਹੈਲਥ ਐਂਡ ਫੈਮਲੀ ਵੈਲਫੇਅਰ ਲਈ 4.20 ਏਕੜ ਰਕਬੇ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਸ ਤੋਂ ਇਲਾਵਾ ਦਾਰਾ ਸਟੂਡੀਓ ਨੇੜੇ ਜੁਝਾਰ ਨਗਰ ਵਿੱਚ ਵੀ 6.84 ਏਕੜ ਰਕਬਾ ਪ੍ਰਾਪਤ ਕੀਤਾ ਗਿਆ ਹੈ ਜੋ ਕਿ ਮੁਹਾਲੀ ਦੇ ਸਰਕਾਰੀ ਜ਼ਿਲ੍ਹਾ ਪੱਧਰੀ ਹਸਪਤਾਲ ਤੋਂ ਸਿਰਫ਼ 1.5 ਕਿਲੋਮੀਟਰ ਦੂਰੀ ’ਤੇ ਹੈ। ਇਸ ਸਬੰਧੀ ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਲਈ ਲੋੜ ਪੈਣ ਉੱਤੇ ਹੋਰ ਜ਼ਮੀਨ ਪ੍ਰਾਪਤ ਕਰਨ ਲਈ ਵੀ ਸਿਹਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…