nabaz-e-punjab.com

ਪਿੰਡ ਧੜਾਕ ਵਿੱਚ ਪੀਣ ਵਾਲੇ ਪਾਣੀ ਦਾ ਸੰਕਰ ਗਹਿਰਾਇਆ, ਸਰਕਾਰੀ ਬੋਰ ਫੇਲ

ਪਿਛਲੇ ਇੱਕ ਹਫ਼ਤੇ ਤੋਂ ਪਾਣੀ ਦੀ ਸਪਲਾਈ ਠੱਪ, ਪਿੰਡ ਵਾਸੀ ਸੜਕਾਂ ’ਤੇ ਉਤਰੇ, ਖਾਲੀ ਬਾਲਟੀਆਂ ਲੈ ਕੇ ਕੀਤਾ ਰੋਸ ਮੁਜ਼ਾਹਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸ਼ਹਿਰੀ ਖੇਤਰ ਅਤੇ ਨੇੜਲੇ ਪਿੰਡਾਂ ਵਿੱਚ ਲੋਕਾਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਪਿੰਡ ਧੜਾਕ ਕਲਾਂ ਅਤੇ ਧੜਾਕ ਖੁਰਦ ਵਾਸੀਆਂ ਨੂੰ ਪਾਣੀ ਨਹੀਂ ਮਿਲ ਰਿਹਾ ਹੈ। ਗਰਮੀ ਵਧਣ ਦੇ ਨਾਲ ਇਲਾਕੇ ਵਿੱਚ ਪਾਣੀ ਦੀ ਮੰਗ ਵੀ ਵਧ ਗਈ ਹੈ। ਉਧਰ, ਨੇੜਲੇ ਪਿੰਡ ਬਲੌਂਗੀ ਵਾਸੀ ਜਿੱਥੇ ਟੈਂਕਰ ਮੰਗਵਾ ਕੇ ਆਪਣੀ ਪਿਆਸ ਬੁਝਾ ਰਹੇ ਹਨ, ਉੱਥੇ ਪਿੰਡ ਧੜਾਕ ਦੇ ਵਸਨੀਕ ਅਗਾਂਹਵਧੂ ਕਿਸਾਨ ਗਿਆਨ ਸਿੰਘ ਧੜਾਕ ਦੇ ਟਿਊਬਵੈੱਲ ਤੋਂ ਪਾਣੀ ਭਰਨ ਲਈ ਮਜਬੂਰ ਹਨ। ਜਦੋਂਕਿ ਕੁਝ ਲੋਕਾਂ ਨੇ ਸਰਕਾਰ ਤੋਂ ਇਨਸਾਫ਼ ਦੀ ਉਮੀਦ ਛੱਡ ਕੇ ਆਪਣੇ ਪੱਧਰ ’ਤੇ ਸਬਮਰਸੀਬਲ ਪੰਪ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਪ੍ਰੰਤੂ ਪਿੰਡ ਵਿੱਚ ਰਹਿੰਦੇ ਗਰੀਬ ਲੋਕ ਆਪਣੇ ਘਰਾਂ ਵਿੱਚ ਸਬਮਰਸੀਬਲ ਪੰਪ ਲਗਾਉਣ ਦੇ ਸਮਰਥ ਨਹੀਂ ਹਨ।
ਪਿੰਡ ਧੜਾਕ ਕਲਾਂ ਵਿੱਚ ਸ਼ੁੱਕਰਵਾਰ ਨੂੰ ਪਿੰਡ ਵਾਸੀਆਂ ਨੇ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ। ਇਸ ਮੌਕੇ ਪਿੰਡ ਵਾਸੀ ਗੁਰਮੁੱਖ ਸਿੰਘ ਲਾਖਾ, ਹਾਕਮ ਸਿੰਘ, ਬਿੰਦਰਾ ਸਿੰਘ ਅਤੇ ਪਿੰਡ ਦੀਆਂ ਅੌਰਤਾਂ ਨੇ ਕਿਹਾ ਕਿ ਉਹ ਸ਼ੁਰੂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਲੇਕਿਨ ਪਿਛਲੇ ਤਿੰਨ ਸਾਲ ਤੋਂ ਇਹ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਸਰਕਾਰੀ ਬੋਰ ਫੇਲ ਹੋ ਗਿਆ ਹੈ ਅਤੇ ਇੱਕ ਹਫ਼ਤੇ ਤੋਂ ਪਾਣੀ ਨੂੰ ਤਰਸ ਗਏ ਹਨ ਜਦੋਂਕਿ ਜਲ ਸਪਲਾਈ ਵਿਭਾਗ ਨੇ ਮੋਟਰ ਚਲਾਉਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ। ਉਨ੍ਹਾਂ ਪਿਛਲੇ 30 ਦਿਨਾਂ ਵਿੱਚ ਕਈ ਵਾਰ ਸਬਮਰਸੀਬਲ ਮੋਟਰ ਸੜ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਨਵਾਂ ਟਿਊਬਵੈੱਲ ਲਗਾਇਆ ਜਾਵੇਗਾ। ਇਸ ਸਬੰਧੀ ਟੈਂਡਰ ਕਾਲ ਕੀਤੇ ਗਏ ਹਨ। ਲੇਕਿਨ ਅਜੇ ਤਾਈਂ ਵਿਭਾਗ ਵੱਲੋਂ ਪਿੰਡ ਵਾਸੀਆਂ ਦੀ ਪਿਆਸ ਬੁਝਾਉਣ ਲਈ ਕੋਈ ਆਰਜ਼ੀ ਪ੍ਰਬੰਧ ਵੀ ਨਹੀਂ ਕੀਤੇ ਗਏ ਹਨ। ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ (ਐਸਈ) ਆਰ.ਪੀ. ਗੁਪਤਾ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਲੇਕਿਨ ਅੱਜ ਜਲ ਸੰਕਟ ਬਾਰੇ ਪਤਾ ਲੱਗਣ ਤੋਂ ਬਾਅਦ ਸਬੰਧਤ ਐਕਸੀਅਨ ਦੀ ਡਿਊਟੀ ਲਗਾਈ ਗਈ ਹੈ ਅਤੇ ਜਲਦੀ ਹੀ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇਗੀ। ਅਧਿਕਾਰੀ ਨੇ ਭਰੋਸਾ ਦਿੱਤਾ ਕਿ ਜਦੋਂ ਤੱਕ ਪਿੰਡ ਧੜਾਕ ਵਿੱਚ ਨਵਾਂ ਟਿਊਬਵੈੱਲ ਨਹੀਂ ਲੱਗਦਾ, ਉਦੋਂ ਤੱਕ ਪਿੰਡ ਵਿੱਚ ਪਾਣੀ ਸਪਲਾਈ ਦੇ ਆਰਜ਼ੀ ਪ੍ਰਬੰਧ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…