nabaz-e-punjab.com

ਮੁਹਾਲੀ ਦੇ ਸਾਰੇ ਪਿੰਡਾਂ ਨੂੰ ਸਰਕਾਰੀ ਬੱਸ ਸਰਵਿਸ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ: ਸਿੱਧੂ

ਪਿੰਡਾਂ ਦੇ ਲੋਕਾਂ ਲਈ 27 ਰੂਟਾਂ ਤੇ ਪੇਂਡੂ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ, ਮੁਹਾਲੀ ਵਿੱਚ ਸਿਟੀ ਬੱਸ ਸੇਵਾ ਜਲਦੀ ਹੋਵੇਗੀ ਸ਼ੁਰੂ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਐਸ.ਏ.ਐਸ. ਨਗਰ ਦੇ ਪਿੰਡਾਂ ਦੇ ਲੋਕਾਂ ਨਾਲ ਪੇਂਡੂ ਬੱਸ ਸੇਵਾ ਸ਼ੁਰੂ ਕਰਨ ਦੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ, ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਫੇਜ਼ 8 ਦੇ ਬੱਸ ਸਟੈਂਡ ਤੋਂ ਪੇਂਡੂ ਬੱਸ ਸੇਵਾ ਦੀ ਸ਼ੁਰੂਆਤ ਪੀਆਰਟੀਸੀ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ। ਸ੍ਰੀ ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਹਲਕੇ ਦੇ ਕਈ ਪਿੰਡਾਂ ਵਿੱਚ ਕੋਈ ਬੱਸ ਸੇਵਾ ਨਹੀਂ ਸੀ, ਜਿਸ ਕਾਰਨ ਬਜੂਰਗਾਂ, ਬੱਚਿਆਂ, ਅੌਰਤਾਂ ਅਤੇ ਕਰਮਚਾਰੀਆਂ ਨੂੰ ਸ਼ਹਿਰ ਵਿੱਚ ਆਉਣ ਜਾਣ ਵਿੱਚ ਵੱਡੀ ਮੁਸ਼ਕਿਲ ਪੇਸ਼ ਆਉਂਦੀ ਸੀ ਅਤੇ ਚੋਣਾਂ ਦੌਰਾਨ ਲੋਕਾਂ ਨੇ ਬੱਸ ਸੇਵਾ ਸ਼ੁਰੂ ਕਰਨ ਦੀ ਜੋਰਦਾਰ ਮੰਗ ਕੀਤੀ ਸੀ, ਜਿਸਨੂੰ ਕਿ ਹੁਣ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਬੱਸ ਸੇਵਾ ਲਈ 27 ਰੂਟਾਂ ਲਈ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਅਤੇ ਹੁਣ ਵਿਧਾਨ ਸਭਾ ਹਲਕੇ ਦਾ ਕੋਈ ਪਿੰਡ ਅਜਿਹਾ ਨਹੀਂ ਰਹੇਗਾ ਜਿੱਥੇ ਬੱਸ ਸੇਵਾ ਦੀ ਸਹੂਲਤ ਨਾ ਹੋਵੇ। ਇਸ ਕੰਮ ਨੂੰ ਪੂਰਾ ਕਰਨ ਲਈ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਇਹ ਬੱਸ ਫੇਜ਼ 8 ਮੁਹਾਲੀ ਦੇ ਬੱਸ ਅੱਡੇ ਤੋਂ ਪਿੰਡ ਸੋਹਾਣਾ, ਲਾਂਡਰਾਂ, ਸਵਾੜਾ ਗਿੱਦੜਪੁਰ, ਚੰਡਿਆਲਾ ਸੂਦਾਂ, ਸੋਏਮਾਜਰਾ, ਪੱਤੜਾਂ, ਬੀਰੋਮਾਜਰੀ, ਮਾਣਕਪੁਰ ਅਤੇ ਗੱਜੂਖੇੜਾ ਤੋਂ ਹੁੰਦੀ ਹੋਈ ਰਾਜਪੂਰਾ ਜਾਵੇਗੀ ਅਤੇ ਇਹ ਬੱਸ ਦੁਬਾਰਾ ਫਿਰ ਇਸੇ ਰੂਟ ਤੇ ਮੁਹਾਲੀ ਵਾਪਿਸ ਆਵੇਗੀ ਅਤੇ ਜਦਕਿ ਦੂਜੀ ਬੱਸ ਫੇਜ਼ 8 ਤੋਂ ਸੋਹਾਣਾ, ਲਾਂਡਰਾਂ, ਭਾਗੋਮਾਜਰਾ, ਬੈਰੋਪੁਰ, ਰਾਏਪੁਰ ਕਲਾਂ, ਸ਼ਾਮਪੁਰ, ਗੋਬਿੰਦਗੜ੍ਹ, ਢੇਲਪੁਰ, ਗਡਾਣਾ, ਅਵਰਾਵਾਂ, ਮਾਣਕਪੁਰ ਅਤੇ ਗੱਜੂਖੇੜਾ ਤੋਂ ਰਾਜਪੁਰਾ ਜਾਣ ਉਪਰੰਤ ਫਿਰ ਵਾਪਿਸ ਉਸੇ ਰੂਟ ਤੇ ਮੁਹਾਲੀ ਪਰਤਦੀ ਹੈ। ਸ੍ਰ: ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਵੱਲੋਂ ਮੁਹਾਲੀ ਸ਼ਹਿਰ ਲਈ ਸਿਟੀ ਬੱਸ ਸੇਵਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿਟੀ ਬੱਸ ਸੇਵਾ ਸ਼ੁਰੂ ਕਰਨ ਲਈ ਮੁੱਢਲੀ ਕਾਰਵਾਈ ਆਰੰਭ ਦਿੱਤੀ ਹੈ ਅਤੇ ਪਹਿਲੇ ਪੜਾਅ ਦੌਰਾਨ 20 ਬੱਸਾਂ ਸਿਟੀ ਬੱਸ ਸੇਵਾ ਲਈ ਪਾਈਆਂ ਜਾਣਗੀਆਂ।
ਸ੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬਣੀ ਕਾਂਗਰਸ ਪਾਰਟੀ ਦੀ ਮੌਜੂਦਾ ਸਰਕਾਰ ਨੇ ਚੌਣਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ। ਉਨ੍ਹਾਂ ਨੂੰ ਹਰ ਕੀਮਤ ਤੇ ਪੂਰਾ ਕੀਤਾ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਸਾਫ ਸੂਥਰਾ ਪ੍ਰਸਾਸ਼ਨ ਦੇਣ ਦੇ ਨਾਲ ਨਾਲ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਿਆ ਜਾਵੇਗਾ। ਪੇਂਡੂ ਬੱਸ ਸੇਵਾ ਦੀ ਸ਼ੁਰੂਆਤ ਮੌਕੇ ਤੇ ਮੌਜੂਦ ਮਨਜੀਤ ਸਿੰਘ ਸਾਬਕਾ ਸਰਪੰਚ ਸੈਦਪੁਰ ਅਤੇ ਜਸਵੰਤ ਸਿੰਘ ਸਾਬਕਾ ਸਰਪੰਚ ਗਿੱਦੜਪੁਰ ਨੇ ਹਲਕਾ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਦੇ ਵਿਸੇਸ਼ ਯਤਨਾਂ ਸਦਕਾ ਸ਼ੁਰੂ ਹੋਈ ਪੇਂਡੂ ਬੱਸ ਸੇਵਾ ਦਾ ਭਰਵਾ ਸਵਾਗਤ ਕਰਦਿਆਂ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਬੱਸ ਸੇਵਾ ਦੀ ਸਹੂਲਤ ਨਹੀਂ ਸੀ। ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮ ਕਾਜ ਲਈ ਮੁਹਾਲੀ ਜਾਂ ਰਾਜਪੁਰਾ ਆਦਿ ਥਾਵਾਂ ਤੇ ਜਾਣ ਲਈ ਖੱਜਲ ਖੁਆਰੀ ਦਾ ਸਾਹਮਣਾ ਕਰਨਾਂ ਪੈਂਦਾ ਸੀ ਅਤੇ ਹੁਣ ਬੱਸ ਸੇਵਾ ਸ਼ੁਰੂ ਹੋਣ ਨਾਲ ਇਸ ਸਮੱਸਿਆ ਦਾ ਪੱਕਾ ਹੱਲ ਹੋ ਗਿਆ ਹੈ।
ਇਸ ਮੌਕੇ ਸਥਾਨਕ ਵਿਧਾਇਕ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾਂ ਮੱਛਲੀਕਲਾਂ ਨੇ ਦੱਸਿਆ ਕਿ ਪੇਂਡੂ ਬੱਸ ਸੇਵਾ ਉਨ੍ਹਾਂ ਪਿੰਡਾਂ ਲਈ ਪਹਿਲ ਦੇ ਅਧਾਰ ਤੇ ਸ਼ੁਰੂ ਕੀਤੀ ਜਾ ਰਹੀ ਹੈ ਜਿੱਥੇ ਕੇ ਪਹਿਲਾ ਬੱਸ ਸੇਵਾ ਨਹੀ ਸੀ। ਇਸ ਮੌਕੇ ਟ੍ਰੈਫਿਕ ਮੈਨੇਜਰ ਪੀ.ਆਰ.ਟੀ.ਸੀ. ਸ੍ਰੀ ਪਰਵੀਨ ਸ਼ਰਮਾਂ, ਚੌਧਰੀ ਹਰੀਪਾਲ ਚੋਲਟਾ ਕਲਾਂ, ਗੁਰਚਰਨ ਸਿੰਘ ਭਮਰਾ, ਸਤਪਾਲ ਸਿੰਘ ਕਸਿਆਲਾ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਰਣਧੀਰ ਸਿੰਘ ਸੈਦਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ ਸੈਦਪੁਰ, ਅਮਰਜੀਤ ਸਿੰਘ ਸਾਬਕਾ ਸਰਪੰਚ ਪੱਤੜਾਂ ਭਰਪੂਰ ਸਿੰਘ ਸਾਬਕਾ ਸਰਪੰਚ ਚੰਡਿਆਲਾ ਸੂਦਾਂ, ਹਰਭਜਨ ਸਿੰਘ ਰਾਏਪੁਰ, ਪਰਦੂਮਨ ਸਿੰਘ ਸਮੇਤ ਹੋਰ ਪੰਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…