
ਸਰਕਾਰੀ ਕਾਲਜ ਦੇ ਕਲਰਕ ਸੰਤ ਸਿੰਘ 36 ਵਰ੍ਹਿਆਂ ਦੀ ਸੇਵਾ ਮਗਰੋਂ ਸੇਵਾਮੁਕਤ
ਨਬਜ਼-ਏ-ਪੰਜਾਬ, ਮੁਹਾਲੀ, 31 ਮਾਰਚ:
ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸੌਰਿਆ ਚੱਕਰ) ਸਰਕਾਰੀ ਕਾਲਜ ਫੇਜ਼-6 ਵਿਖੇ 36 ਵਰ੍ਹਿਆਂ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਕਲਰਕ ਸੰਤ ਸਿੰਘ ਅੱਜ ਸੇਵਾਮੁਕਤ ਹੋ ਗਏ। ਉਨ੍ਹਾਂ ਦੀ ਸੇਵਾਮੁਕਤੀ ’ਤੇ ਕਾਲਜ ਦੀ ਪ੍ਰਿੰਸੀਪਲ ਡਾ ਗੁਰਿੰਦਰਜੀਤ ਕੌਰ ਅਤੇ ਸਟਾਫ਼ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਸਟਾਫ਼ ਵੱਲੋਂ ਸੰਤ ਸਿੰਘ ਨੂੰ ਯਾਦਗਾਰੀ-ਚਿੰਨ੍ਹ ਅਤੇ ਹੋਰ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਗੁਰਿੰਦਰਜੀਤ ਕੌਰ ਨੇ ਕਲਰਕ ਸੰਤ ਸਿੰਘ ਦੀ ਇਮਾਨਦਾਰੀ, ਮਿਹਨਤ, ਵਾਤਾਵਰਨ ਪ੍ਰੇਮੀ, ਖੂਨਦਾਨ ਅਤੇ ਹੋਰਨਾਂ ਸਮਾਜਿਕ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਤ ਸਿੰਘ ਨੇ ਹਮੇਸ਼ਾ ਆਪਣੀ ਜ਼ਿੰਮੇਵਾਰੀ ਸਮਰਪਣ ਅਤੇ ਸੇਵਾ ਭਾਵਨਾ ਨਾਲ ਨਿਭਾਈ ਹੈ। ਅਖੀਰ ਵਿੱਚ ਸੰਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਾਲਜ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।