
ਸਰਕਾਰੀ ਕਾਲਜ: ਹਰਜੋਤ ਬੈਂਸ ਨੇ 585 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ (ਸੌਰਿਆ ਚੱਕਰ ਵਿਜੇਤਾ) ਫੇਜ਼-6 ਵਿਖੇ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਹਰਜੀਤ ਗੁਜਰਾਲ ਦੀ ਅਗਵਾਈ ਹੇਠ 34ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ।
ਡਿਗਰੀ ਵੰਡ ਸਮਾਗਮ ਦਾ ਆਗਾਜ਼ ਸ਼ਬਦ ਗਾਇਨ ਅਤੇ ਸਮਾਂ ਰੌਸ਼ਨ ਕਰਨ ਨਾਲ ਹੋਇਆ। ਉਪਰੰਤ ਕਾਲਜ ਪ੍ਰਿੰਸੀਪਲ ਸ੍ਰੀਮਤੀ ਹਰਜੀਤ ਗੁਜਰਾਲ ਨੇ ਨੇ ਸਾਲਾਨਾ ਰਿਪੋਰਟ ਪੜ੍ਹੀ। ਇਸ ਮੌਕੇ ਕੈਬਨਿਟ ਮੰਤਰੀ ਬੈਂਸ ਨੇ ਵੱਖ-ਵੱਖ ਵਿਸ਼ਿਆਂ ਦੇ ਪੋਸਟ ਗਰੈਜੂਏਟ ਅਤੇ ਗਰੈਜੂਏਟ ਪਾਸ 585 ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ। ਉਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦੇਸ਼ ਵਾਸੀਆਂ ਨੂੰ ਉਨ੍ਹਾਂ ’ਤੇ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਹਨ ਕਿ ਨੌਜਵਾਨ ਪੀੜ੍ਹੀ ਦੇਸ਼ ਨੂੰ ਹੋਰ ਬੁਲੰਦੀਆਂ ’ਤੇ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਵਿੱਦਿਅਕ ਯੋਗਤਾ ਮੁਤਾਬਕ ਨੌਕਰੀਆਂ ਦੇਣ ਲਈ ਵਚਨਬੱਧ ਹੈ। ਸਮਾਗਮ ਦੌਰਾਨ ਮੰਚ ਸੰਚਾਲਨ ਡਾ. ਜਸਪਾਲ ਸਿੰਘ ਨੇ ਕੀਤਾ ਅਤੇ ਸਮਾਗਮ ਦੀ ਸਮਾਪਤੀ ਤੋਂ ਪਹਿਲਾਂ ਰਜਿਸਟਰਾਰ ਡਾ. ਸੁਰਿੰਦਰਪਾਲ ਨੇ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।