Nabaz-e-punjab.com

ਸਰਕਾਰੀ ਕਾਲਜ ਮੁਹਾਲੀ ਹੁਣ ਨੂੰ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਦੇ ਨਾਮ ਨਾਲ ਜਾਣਿਆ ਜਾਵੇਗਾ

ਅਪਰੈਲ 1999 ਵਿੱਚ ਕਾਰਗਿਲ ਦੀ ਲੜਾਈ ਵਿੱਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸੀ ਮੇਜਰ ਐਚਪੀ ਸਿੰਘ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸੇਵਾਮੁਕਤ ਆਈਏਐਸ ਸ੍ਰੀਮਤੀ ਰੂਪਨ ਦਿਉਲ ਬਜਾਜ ਦੇ ਯਤਨਾਂ ਨੂੰ ਪਿਆ ਬੂਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਇੱਥੋਂ ਦੇ ਸਰਕਾਰੀ ਕਾਲਜ ਫੇਜ਼-6 ਨੂੰ ਹੁਣ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਮੁੰਡੀ ਖਰੜ (ਸੌਰਿਆ ਚੱਕਰ ਵਿਜੇਤਾ) ਦੇ ਨਾਮ ਨਾਲ ਜਾਣਿਆ ਜਾਇਆ ਕਰੇਗਾ। ਪੰਜਾਬ ਸਰਕਾਰ ਨੇ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਸਬੰਧੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੇਵਾਮੁਕਤ ਆਈਏਐਸ ਸ੍ਰੀਮਤੀ ਰੂਪਨ ਦਿਉਲ ਬਜਾਜ ਨੇ ਵੀ ਆਪੋ ਆਪਣੇ ਪੱਧਰ ’ਤੇ ਇਸ ਉਪਲਬਧੀ ਲਈ ਸਮੇਂ ਸਮੇਂ ਸਿਰ ਯੋਗ ਪੈਰਵੀ ਕੀਤੀ ਜਾਂਦੀ ਰਹੀ ਹੈ। ਜਿਨ੍ਹਾਂ ਦੀ ਬਦੌਲਤ ਇਹ ਕਾਰਜ ਨੇਪਰੇ ਚੜ੍ਹਿਆ ਹੈ। ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਵੀ ਕਾਲਜ ਦਾ ਨਾਂ ਸ਼ਹੀਦ ਮੇਜਰ ਦੇ ਨਾਮ ’ਤੇ ਰੱਖਣ ਲਈ ਹਾਮੀ ਭਰੀ ਸੀ।
ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ 26 ਜੁਲਾਈ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਵਿੱਦਿਅਕ ਅਦਾਰਿਆਂ\ਕਾਲਜਾਂ ਦੇ ਨਾਂ ਉੱਘੀਆਂ ਸ਼ਖ਼ਸੀਅਤਾਂ ਦੇ ਨਾਮ ’ਤੇ ਰੱਖੇ ਜਾਣ ਅਤੇ ਇਸ ਸਬੰਧੀ ਬਕਾਇਦਾ ਇਕ ਵਿਸ਼ੇਸ਼ ਕਮੇਟੀ ਕਾਇਮ ਕੀਤੀ ਗਈ ਸੀ। ਇਸ ਕਮੇਟੀ ਦੀ ਬੀਤੀ 21 ਜਨਵਰੀ ਨੂੰ ਹੋਈ ਮੀਟਿੰਗ ਵਿੱਚ ਮੁਹਾਲੀ ਦੇ ਸਰਕਾਰੀ ਕਾਲਜ ਦਾ ਨਾਂ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਰੱਖਣ ਦੀ ਸਰਕਾਰ ਨੂੰ ਸਿਫ਼ਾਰਸ਼ ਕੀਤੀ ਗਈ ਸੀ। ਇਸ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਹੱਤਵਪੂਰਨ ਕਾਰਜ ਨੂੰ ਮਨਜ਼ੂਰੀ ਦਿੱਤੀ ਗਈ।
ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ (ਸਿੱਖਿਆ ਸੈੱਲ) ਵੱਲੋਂ ਡੀਪੀਆਈ (ਕਾਲਜ) ਨੂੰ ਬੀਤੀ 19 ਅਗਸਤ ਨੂੰ ਇਕ ਪੱਤਰ ਲਿਖ ਕੇ ਆਖਿਆ ਗਿਆ ਕਿ ਸਰਕਾਰੀ ਕਾਲਜ ਮੁਹਾਲੀ ਦਾ ਨਾਂ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸੌਰਿਆ ਚੱਕਰ ਵਿਜੇਤਾ) ਦੇ ਨਾਮ ’ਤੇ ਤਬਦੀਲ ਕੀਤਾ ਜਾਵੇ। ਇਸ ਸਬੰਧੀ ਸਾਰੀਆਂ ਲੋੜੀਂਦੀਆਂ ਮੁੱਢਲੀਆਂ ਕਾਰਵਾਈਆਂ ਨੂੰ ਸਮੇਟਦਿਆਂ ਡੀਪੀਆਈ (ਕਾਲਜ) ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਪ੍ਰਿੰਸੀਪਲ ਨੂੰ ਸੂਚਨਾ ਭੇਜਦਿਆਂ ਅਗਲੀ ਕਾਰਵਾਈ ਮੁਕੰਮਲ ਕਰਨ ਲਈ ਪੱਤਰ ਲਿਖਿਆ ਗਿਆ ਹੈ।
ਉਧਰ, ਸ਼ਹੀਦ ਮੇਜਰ ਦੇ ਪਿਤਾ ਕੈਪਟਨ (ਸੇਵਾਮੁਕਤ) ਹਰਪਾਲ ਸਿੰਘ ਨੇ ਪੰਜਾਬ ਸਰਕਾਰ, ਸਿਹਤ ਮੰਤਰੀ ਬਲਬੀਰ ਸਿੱਧੂ, ਸੇਵਾਮੁਕਤ ਆਈਏਐਸ ਸ੍ਰੀਮਤੀ ਰੂਪਨ ਦਿਉਲ ਬਜਾਜ ਅਤੇ ਪ੍ਰਿੰਸੀਪਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਥੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ, ਉੱਥੇ ਇਸ ਫੈਸਲੇ ਨਾਲ ਭਾਰਤੀ ਫੌਜ ਦੇ ਜਵਾਨਾਂ ਦਾ ਹੌਸਲਾ ਵਧਿਆ ਹੈ ਅਤੇ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋਵੇਗਾ।
ਜ਼ਿਕਰਯੋਗ ਹੈ ਕਿ ਅਪਰੈਲ 1999 ਵਿੱਚ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਵਾਸੀ ਮੁੰਡੀ ਖਰੜ ਨੇ ਕਾਰਗਿਲ ਦੀ ਲੜਾਈ ਵਿੱਚ ਦੁਸ਼ਮਣਾਂ ਦੇ ਦੰਦ ਖੱਟੇ ਕਰਦਿਆਂ ਸ਼ਹੀਦੀ ਪ੍ਰਾਪਤੀ ਕੀਤੀ ਸੀ। ਸ਼ਹੀਦੀ ਉਪਰੰਤ ਉਸ ਸਮੇਂ ਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਸੌਰਿਆ ਚੱਕਰ ਵਿਜੇਤਾ ਦੀ ਉਪਾਧੀ ਨਾਲ ਨਿਵਾਜਿਆ ਗਿਆ ਸੀ।
(ਬਾਕਸ ਆਈਟਮ)
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਰਕਾਰੀ ਕਾਲਜ ਫੇਜ਼-6 ਦਾ ਨਾਂ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਦੇ ਨਾਮ ’ਤੇ ਰੱਖਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਅੱਜ ਹੀ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਦਫ਼ਤਰ ਦਾ ਪੱਤਰ ਮਿਲਿਆ ਹੈ। ਜਿਸ ਵਿੱਚ ਅਗਲੀ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਉਣ ਬਾਰੇ ਲਿਖਿਆ ਹੈ।
(ਬਾਕਸ ਆਈਟਮ)
ਸਰਕਾਰੀ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਕਿਹਾ ਕਿ ਉਨ੍ਹਾਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ। ਇਸ ਕਾਲਜ ਦਾ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਯਾਦਗਾਰੀ ਕਾਲਜ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਹੀ ਕਾਲਜ ਨੂੰ ਸਰਕਾਰੀ ਪੱਤਰ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਲਜ ਨਾਲ ਸ਼ਹੀਦ ਮੇਜਰ ਦਾ ਨਾਂ ਜੁੜਨ ਨਾਲ ਨੌਜਵਾਨਾਂ ਨੂੰ ਸਹੀ ਸੇਧ ਮਿਲੇਗੀ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ ਜਜ਼ਬਾ ਪੈਦਾ ਹੋਵੇਗਾ। ਪ੍ਰਿੰਸੀਪਲ ਨੇ ਦੱਸਿਆ ਕਿ ਜਲਦੀ ਹੀ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਦੇ ਨਵੇਂ ਨਾਮਕਰਨ ਬਾਰੇ ਕਾਲਜ ਦਾ ਬੋਰਡ ਲਗਾਇਆ ਜਾਵੇਗਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…