Nabaz-e-punjab.com

ਸਰਕਾਰੀ ਨੌਕਰੀਆਂ ਵਿੱਚ ਅੰਗਹੀਣ ਨੌਜਵਾਨਾਂ ਦਾ ਬੈਕਲਾਗ ਭਰਨ ਲਈ ਸਰਕਾਰ ਵਚਨਬੱਧ: ਸਿੱਧੂ

ਮੈਂਟਰ ਸਕਿੱਲਜ਼ ਇੰਡੀਆ ਵਿੱਚ ਦਿਵਿਆਂਗ ਵਿਅਕਤੀਆਂ ਦਾ ਕੌਮਾਂਤਰੀ ਦਿਵਸ ਮਨਾਇਆ

ਵੱਖ ਵੱਖ ਨਾਮੀ ਕੰਪਨੀਆਂ ਲਈ ਚੁਣੇ ਗਏ ਵਿਸ਼ੇਸ਼ ਬੱਚਿਆਂ ਨੂੰ ਨਿਯੁਕਤੀ ਪੱਤਰ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਦਸੰਬਰ:
ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਧੀਨ ਚਲਦੇ ਮੈਂਟਰ ਸਕਿੱਲਜ਼ ਇੰਡੀਆ ਦੇ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਫੇਜ਼-8 ਵਿੱਚ ਦਿਵਿਆਂਗ ਵਿਅਕਤੀਆਂ ਦੇ ਕੌਮਾਂਤਰੀ ਦਿਵਸ ਸਬੰਧੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ, ਸਰਕਾਰੀ ਨੌਕਰੀਆਂ ਵਿੱਚ ਅੰਗਹੀਣ ਬੱਚਿਆਂ ਦਾ ਬੈਕਲਾਗ ਭਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਹਿਮ ਲੋਕ-ਪੱਖੀ ਏਜੰਡਿਆਂ ਵਿੱਚ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਸ਼ਾਮਲ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਪਸ਼ੂ ਪਾਲਣ ਅਤੇ ਕਿਰਤ ਵਿਭਾਗ ਦੇ ਮੰਤਰੀ ਬਣਦਿਆਂ ਹੀ ਉਨ੍ਹਾਂ ਨੇ ਦਿਵਿਆਂਗ ਵਿਅਕਤੀਆਂ ਦਾ ਨੌਕਰੀਆਂ ਦਾ ਬੈਕਲਾਗ ਭਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵੱਕਾਰੀ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਨੌਜਵਾਨਾਂ ਦੇ ਨਾਲ-ਨਾਲ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਨੌਕਰੀ ਦੇਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਆਪਣੇ ਵੱਡੇ ਭਰਾ ਬਲਦੇਵ ਸਿੰਘ ਸਿੱਧੂ ਦਾ ਜ਼ਿਕਰ ਕਰਦਿਆਂ ਕਿਹਾ, ‘‘ਮੈਨੂੰ ਦਿਵਿਆਂਗ ਵਿਅਕਤੀਆਂ ਦੀ ਸੇਵਾ ਦੀ ਗੁੜ੍ਹਤੀ ਪਰਿਵਾਰ ’ਚੋਂ ਮਿਲੀ ਹੈ।’’ ਉਨ੍ਹਾਂ ਦੱਸਿਆ ਕਿ ਫੌਜ ਦੇ ਆਲਾ ਅਫ਼ਸਰ ਹੁੰਦਿਆਂ ਉਨ੍ਹਾਂ ਦੇ ਭਰਾ ਜੰਗ ਦੌਰਾਨ ਅਪਾਹਜ ਹੋ ਗਏ ਸਨ ਪਰ ਉਨ੍ਹਾਂ ਨੇ ਕਦੇ ਵੀ ਹਿੰਮਤ ਨਹੀਂ ਹਾਰੀ ਅਤੇ ਤਾਅ ਉਮਰ ਦਿਵਿਆਂਗ ਵਿਅਕਤੀਆਂ ਦੇ ਹੱਕਾਂ ਲਈ ਲੜਦੇ ਰਹੇ। ਮੈਂਟਰ ਇੰਡੀਆ ਸੰਸਥਾ ਵੱਲੋਂ ਕੌਮੀ ਹੁਨਰ ਵਿਕਾਸ ਨਿਗਮ ਦੀ ਸਰਪ੍ਰਸਤੀ ਹੇਠ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਨੌਕਰੀਆਂ ਲਈ ਮੁਫ਼ਤ ਸਿਖਲਾਈ ਦੇਣ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਜਿਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਦਿਵਿਆਂਗ ਬੱਚਿਆਂ ਨੂੰ ਆਪਣੇ ਪੈਰਾਂ ’ਤੇ ਖੜਾ ਕਰਨਾ ਹੀ ਮਨੁੱਖਤਾ ਦੀ ਅਸਲ ਸੇਵਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਇਨ੍ਹਾਂ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਦਿਆਂਗੇ ਤਾਂ ਇਹ ਦੇਸ਼ ਦੀ ਸੇਵਾ ਵਿੱਚ ਸਾਧਾਰਨ ਬੰਦਿਆਂ ਨਾਲੋਂ ਜ਼ਿਆਦਾ ਯੋਗਦਾਨ ਪਾ ਸਕਦੇ ਹਨ।
ਸ੍ਰੀ ਸਿੱਧੂ ਨੇ ਸਿਖਲਾਈ ਲੈ ਚੁੱਕੇ ਅਤੇ ਵੱਖ-ਵੱਖ ਨਾਮੀ ਕੰਪਨੀਆਂ ਵਿੱਚ ਚੁਣੇ ਗਏ ਡੈੱਫ਼ ਐਂਡ ਮਿਊਟ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਸੰਸਥਾ ਵਿੱਚ ਸਿਖਲਾਈ ਲੈ ਰਹੇ ਨੌਜਵਾਨਾਂ ਨੂੰ ਆਪਸ ਵਿੱਚ ਵੀਡੀਓ ਸੰਚਾਰ ਕਰਨ ਲਈ ਟਾਇਨੌਰ ਅੌਰਥੋਟਿਕਸ ਵੱਲੋਂ ਟੈਬਲੈਟ ਅਤੇ ਸੁਣਨ ਦੇ ਯੰਤਰ ਵੰਡੇ। ਇਸ ਮੌਕੇ ਇਨਫੋਸਿਸ ਦੇ ਪੁਨੀਤ ਰੰਧਾਵਾ, ਟਾਇਨੌਰ ਦੇ ਐਮਡੀ ਪੀਜੇ ਸਿੰਘ, ਗਿਲਾਰਡ ਦੇ ਕਰਨੈਲ ਸਿੰਘ, ਏਰੀਅਲ ਟੈਲੀਕਾਮ ਤੋਂ ਸ੍ਰੀਮਤੀ ਅਨੂੰ, ਐਸਐਸਐਫ਼ ਸੰਸਥਾ ਤੋਂ ਅਰਜੁਨ ਸਿੰਘ ਅਤੇ ਰਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਂਟਰ ਇੰਡੀਆ ਦੇ ਡਾਇਰੈਕਟਰ ਨਵਜੀਤ ਸਿੰਘ, ਸੁਕ੍ਰਿਤ ਬਾਂਸਲ ਅਤੇ ਆਲ ਇੰਡੀਆ ਡੈੱਫ਼ ਐਂਡ ਡੰਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਪਦਮ ਪਾਸੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…