nabaz-e-punjab.com

ਮੁਹਾਲੀ ਦੇ ਸੁੰਦਰੀਕਰਨ ਅਤੇ ਵਿਕਾਸ ’ਤੇ 11.21 ਕਰੋੜ ਖ਼ਰਚੇਗੀ ਸਰਕਾਰ: ਡਾ. ਨਿੱਜਰ

ਪੰਜਾਬ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਮਾਨ ਸਰਕਾਰ ਦੀ ਮੁੱਖ ਤਰਜ਼ੀਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਲਈ ਪੁਰੀ ਤਰ੍ਹਾਂ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਆਪ ਸਰਕਾਰ ਨੇ ਮੁਹਾਲੀ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ’ਤੇ 11.21 ਕਰੋੜ ਰੁਪਏ ਖ਼ਰਚ ਕਰੇਗੀ। ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਨੇ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਮੁਹਾਲੀ ਵਿੱਚ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਸ਼ਹਿਰ ਦੇ ਜ਼ੋਨ-1,2,3 ਤੇ 4 ਅਧੀਨ ਵੱਖ-ਵੱਖ ਟਾਈਟ ਬਲਾਕਾਂ ਦੇ ਸੰਚਾਲਨ ਅਤੇ ਰੱਖ-ਰਖਾਓ ਦੇ ਕੰਮ ਕੀਤੇ ਜਾਣਗੇ। ਇਸ ਤੋਂ ਇਲਾਵਾ ਜ਼ੋਨ-1 ਅਤੇ ਜ਼ੋਨ-2 ਲਈ ਹੈਵੀ ਮਸ਼ੀਨ ਵਹੀਕਲ ਨਾਲ ਰੁੱਖਾਂ ਦੀ ਕਟਾਈ ਲਈ ਮੈਨ ਪਲੇਟਫ਼ਾਰਮ ਮੁਹੱਈਆ ਕਰਵਾਉਣ, ਸੈਕਟਰ-70 ਦੇ ਵਾਰਡ ਨੰਬਰ-34 ਵਿੱਚ ਵੱਖ-ਵੱਖ ਥਾਵਾਂ ’ਤੇ ਖੇਡ ਮੈਦਾਨਾਂ ਦੀ ਉਸਾਰੀ ਅਤੇ ਜ਼ੋਨ-2 ਵਿੱਚ ਵੱਖ-ਵੱਖ ਥਾਵਾਂ ’ਤੇ ਪੈਚ ਵਰਕ/ਰਿਪੇਅਰ ਦਾ ਕੰਮ ਕੀਤਾ ਜਾਵੇਗਾ। ਵਿਧਾਇਕ ਕੁਲਵੰਤ ਸਿੰਘ ਦੀ ਮੰਗ ’ਤੇ ਵਿਕਾਸ ਦੇ ਇਹ ਕੰਮ ਛੇਤੀ ਸ਼ੁਰੂ ਕਰਕੇ ਮਿੱਥੇ ਸਮੇਂ ਵਿੱਚ ਨੇਪਰੇ ਚਾੜੇ ਜਾਣਗੇ।
ਇਸ ਤੋਂ ਇਲਾਵਾ ਗੁਰੂ ਰਵਿਦਾਸ ਗਰਾਉਂਡ ਫੇਜ਼-7 ਵਿੱਚ ਅੰਬੇਦਕਰ ਲਾਇਬ੍ਰੇਰੀ ਦੀ ਉਸਾਰੀ ਅਤੇ ਸ਼ਹਿਰ ਦੀ ਲਾਇਬ੍ਰੇਰੀ ਵਿੱਚ ਸਪਲਿਟ ਏਸੀ ਅਤੇ ਹੋਰ ਇਲੈਕਟ੍ਰੀਕਲ ਕੰਮਾਂ ਦੀ ਸਪਲਾਈ/ਇੰਸਟਾਲੇਸ਼ਨ ਕੰਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਵਿੱਚ ਮਿੰਨੀ ਸੁਪਰ ਚੂਸਣ ਮਸ਼ੀਨ ਅਤੇ ਸੀਵਰ ਜੈਟਿੰਗ ਮਸ਼ੀਨ ਦੇ ਸੰਚਾਲਨ ਅਤੇ ਰੱਖ-ਰਖਾਓ ਦਾ ਕੰਮ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਦਾ ਜੀਵਨ ਬਿਹਤਰ ਤੇ ਸੁਖਾਲਾ ਬਣਾਉਣਾ ਹੀ ਸਰਕਾਰ ਦੀ ਮੁੱਖ ਤਰਜ਼ੀਹ ਹੈ।
ਮੰਤਰੀ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਉਕਤ ਕੰਮਾਂ ਲਈ ਪੰਜਾਬ ਸਰਕਾਰ ਦੀ ਵੈਬਸਾਈਟ www.eproc.punjab.gov.in ’ਤੇ ਪਹਿਲਾਂ ਹੀ ਈ-ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਜੇਕਰ ਇਨ੍ਹਾਂ ਟੈਂਡਰਾਂ ਵਿੱਚ ਕੋਈ ਸੋਧ ਕੀਤੀ ਜਾਂਦੀ ਹੈ ਤਾਂ ਇਸਦਾ ਵੇਰਵਾ ਵੈਬਸਾਈਟ ’ਤੇ ਉਪਲਬਧ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਹੈ। ਇਸ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਵਿਭਾਗੀ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਯਕੀਨੀ ਬਣਾਈ ਜਾਵੇ।

Load More Related Articles

Check Also

AAP government has done nothing but fooled the people in the last three years: Sidhu

AAP government has done nothing but fooled the people in the last three years: Sidhu Congr…