ਸਰਕਾਰ ਨੇ ਗਿਣੀ ਮਿੱਥੀ ਸਾਜਿਸ਼ ਤਹਿਤ ਲਿਆ ਮੈਡੀਕਲ ਕਾਲਜ ਮੁਹਾਲੀ ਤੋਂ ਸੰਗਰੂਰ ਸ਼ਿਫ਼ਟ ਕਰਨ ਦਾ ਫੈਸਲਾ: ਬੀਰਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਪੰਜਾਬ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਅੱਜ ਇੱਥੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋੱ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਮੁਹਾਲੀ ਵਿੱਚ ਬਣਨ ਵਾਲਾ ਮੈਡੀਕਲ ਕਾਲੇਜ ਅਤੇ ਹਸਪਤਾਲ ਦਾ ਪ੍ਰੋਜੈਕਟ ਇੱਥੋਂ ਤਬਦੀਲ ਕੀਤਾ ਗਿਆ ਹੈ ਤਾਂ ਜੋ ਨਿੱਜੀ ਹਸਪਤਾਲਾਂ ਨੂੰ ਫਾਇਦਾ ਪਹੁੰਚਾਇਆ ਜਾਵੇ ਅਤੇ ਆਮ ਜਨਤਾ ਦੀ ਲੁੱਟ ਕੀਤੀ ਜਾ ਸਕੇ। ਅੱਜ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਸ ਹਲਕੇ ਦਾ ਵਿਧਾਇਕ ਹੁੰਦਿਆਂ ਉਹਨਾਂ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਦਾ ਦਰਜਾ ਵਧਾਕੇ 200 ਬਿਸਤਰਿਆਂ ਦਾ ਕਰਵਾਉਣ ਦਾ ਫੈਸਲਾ ਕਰਵਾਇਆ ਸੀ ਅਤੇ ਉਸ ਵੇਲੇ ਦੇ ਸਿਹਤ ਮੰਤਰੀ ਸੁਰਿੰਦਰ ਸਿੰਗਲਾ ਵੱਲੋਂ ਇੱਥੇ 200 ਬਿਸਤਰਿਆਂ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ।
ਉਹਨਾਂ ਦਾਅਵਾ ਕੀਤਾ ਕਿ ਉਸ ਵੇਲੇ ਪੀਜੀਆਈ ਦੇ ਸਹਿਯੋਗ ਨਾਲ ਇੱਥੇ 200 ਬਿਸਤਰਿਆਂ ਦਾ ਹਸਪਤਾਲ ਅਤੇ ਮੈਡੀਕਲ ਕਾਲਜ ਦਾ 300 ਕਰੋੜ ਰੁਪਏ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ। ਜਿਸ ’ਚੋਂ 1.90 ਕਰੋੜ ਕੇਂਦਰ ਅਤੇ 1.10 ਕਰੋੜ ਰੁਪਏ ਪੰਜਾਬ ਸਰਕਾਰ ਨੇ ਦੇਣੇ ਸੀ। ਪ੍ਰੰਤੂ ਪੰਜਾਬ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਫਾਇਦਾ ਪਹੁੰਚਾਉਣ ਲਈ ਇਸ ਪ੍ਰੋਜੈਕਟ ਦੀ ਜਮੀਨ ਦਾ ਇੱਕ ਹਿੱਸਾ ਮੈਕਸ ਹਸਪਤਾਲ ਨੂੰ ਲੀਜ ’ਤੇ ਦੇ ਦਿੱਤਾ ਅਤੇ ਇਹ ਪ੍ਰੋਜੈਕਟ ਵਿਚਾਲੇ ਹੀ ਰਹਿ ਗਿਆ। ਉਹਨਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੀ ਪਹਿਲਾਂ ਇੱਥੇ ਮੈਡੀਕਲ ਕਾਲੇਜ ਦਾ ਪ੍ਰਜੈਕਟ ਸ਼ੁਰੂ ਕਰਬਨ ਦੀ ਗੱਲ ਤੋਂ ਇਨਕਾਰੀ ਹੋ ਕੇ ਇਸਨੂੰ ਕਿਤੇ ਹੋਰ ਤਬਦੀਲ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਉਹ ਇਸ ਦੇ ਖ਼ਿਲਾਫ਼ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਮੁਹਾਲੀ ਸਮੇਤ ਰੂਪਨਗਰ, ਫਤਹਿਗੜ੍ਹ, ਪਟਿਆਲਾ ਅਤੇ ਟਰਾਈਸਿਟੀ ਦੇ ਲੋਕਾਂ ਨੂੰ ਫਾਇਦਾ ਹੋਣਾ ਸੀ ਲੇਕਿਨ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਕੋਈ ਆਗੂ ਆਪਣਾ ਮੂੰਹ ਤੱਕ ਖੋਲ੍ਹਣ ਨੂੰ ਤਿਆਰ ਨਹੀਂ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਸੰਗਰੂਰ ਵਿੱਚ ਪਹਿਲਾਂ ਹੀ ਪੀਜੀਆਈ ਵਰਗਾ ਹਸਪਤਾਲ ਬਣਿਆ ਹੋਇਆ ਹੈ ਅਤੇ ਬਠਿੰਡਾ ਵਿੱਚ ਮੈਡੀਕਲ ਕਾਲਜ ਹੈ। ਇਸ ਲਈ ਉੱਥੇ ਮੈਡੀਕਲ ਕਾਲਜ ਦੀ ਕੋਈ ਲੋੜ ਨਹੀਂ ਹੈ। ਮੁਹਾਲੀ ਵਿੱਚ ਮੈਡੀਕਲ ਕਾਲਜ ਦਾ ਪ੍ਰਾਜੈਕਟ ਪਾਸ ਹੋਇਆ ਸੀ ਤਾਂ ਜੋ ਪੀਜੀਆਈ ਦਾ ਭਾਰ ਘਟਾਇਆ ਜਾ ਸਕੇ। ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੈਡੀਕਲ ਕਾਲਜ ਗੁਰਦਾਸਪੁਰ ਵਿੱਚ ਸ਼ਿਫ਼ਟ ਕਰਨ ਦੀ ਮੰਗ ’ਤੇ ਟਿੱਪਣੀ ਕਰਦਿਆਂ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉੱਥੇ ਪਹਿਲਾਂ ਚਿੰਤਪੂਰਨੀ ਮੈਡੀਕਲ ਕਾਲਜ ਹੈ। ਸਰਕਾਰ ਉਸ ਦੀ ਸੰਭਾਲ ਕਰ ਲਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗਿਆਨ ਸਾਗਰ ਬਨੂੜ ਦੇ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਸਰਕਾਰ ਆਪਣੇ ਹੱਥਾਂ ਵਿੱਚ ਲੈਣ ਦੀ ਕਾਰਵਾਈ ਆਰੰਭੇ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਸਰਕਾਰ ਨੇ ਮੁਹਾਲੀ ’ਚ ਬਣਨ ਵਾਲੇ ਮੈਡੀਕਲ ਕਾਲਜ ਨੂੰ ਕਿਸੇ ਹੋਰ ਥਾਂ ਸ਼ਿਫ਼ਟ ਕਰਨ ਦਾ ਫੈਸਲਾ ਰੱਦ ਨਹੀਂ ਕੀਤਾ ਤਾਂ ਉਹ ਮਰਨ ਵਰਤ ਸ਼ੁਰੂ ਕਰਨਗੇ।
(ਬਾਕਸ ਆਈਟਮ)
ਮੁਹਾਲੀ ਤੋਂ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਮੈਡੀਕਲ ਕਾਲਜ ਤੇ ਹਸਪਤਾਲ ਮੁਹਾਲੀ ਸ਼ਹਿਰ ਵਿੱਚ ਹੀ ਬਣੇਗਾ। ਇਸ ਸਬੰਧੀ ਉਨ੍ਹਾਂ ਨੇ ਹਲਕੇ ਦਾ ਚੌਕੀਦਾਰ ਹੋਣ ਦੇ ਨਾਤੇ ਮੁੱਖ ਮੰਤਰੀ ਨੂੰ ਮਿਲ ਕੇ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਗਿਆ ਹੈ ਅਤੇ ਮੁੱਖ ਮੰਤਰੀ ਨੇ ਇਹ ਪ੍ਰਾਜੈਕਟ ਮੁਹਾਲੀ ਵਿੱਚ ਬਣਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਲਜ ਲਈ ਪਿੰਡ ਸਨੇਟਾ ਸਮੇਤ ਕਈ ਹੋਰਨਾਂ ਪਿੰਡਾਂ ਦੀਆਂ ਪੰਚਾਇਤ ਲੋੜੀਂਦੀ ਜ਼ਮੀਨ ਦੇਣ ਲਈ ਵੀ ਤਿਆਰ ਹਨ ਪ੍ਰੰਤੂ ਇਹ ਪ੍ਰਾਜੈਕਟ ਆਈਟੀ ਪਾਰਕ ਵਿੱਚ 20 ਏਕੜ ਜ਼ਮੀਨ ਵਿੱਚ ਬਣਾਇਆ ਜਾਵੇਗਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…