Nabaz-e-punjab.com

ਲੋਕਾਂ ਦੀ ਸਹੂਲਤ ਲਈ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਆਪਸੀ ਤਾਲਮੇਲ ਨਾਲ ਕੰਮ ਕਰਨ: ਸਿੱਧੂ

ਸਿਹਤ ਮੰਤਰੀ ਵੱਲੋਂ ਭਾਗੋਮਾਜਰਾ ਵਿੱਚ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਕੈਂਪ ਦਾ ਉਦਘਾਟਨ

ਕਰਜ਼ਾ ਮੁਆਫ਼ੀ ਦੇ ਬਕਾਇਆ ਕੇਸਾਂ ਦਾ ਤੁਰੰਤ ਨਿਪਟਾਰਾ ਕਰਨ ਅਧਿਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਦਸੰਬਰ:
ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੱਖ ਵੰਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਹੈ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰੇਕ ਲੋੜਵੰਦ ਤੱਕ ਪਾਰਟੀ ਵਿਤਕਰੇ ਤੋਂ ਉੱਪਰ ਉੱਠ ਕੇ ਪੁੱਜਣਾ ਕਰਨਾ ਯਕੀਨੀ ਬਣਾਇਆ ਜਾਵੇ। ਲਾਂਡਰਾਂ ਨੇੜਲੇ ਪਿੰਡ ਭਾਗੋਮਾਜਰਾ ਵਿੱਚ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਾਏ ਕੈਂਪ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਭਲਾਈ ਦੀਆਂ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਨੂੰ ਲੋੜਵੰਦਾਂ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ।
ਉਨ੍ਹਾਂ ਗਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਤੇ ਹੋਰਨਾਂ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡਾਂ ਪਾਰਟੀ ਵਿਤਕਰੇ ਤੋਂ ਉੱਪਰ ਉੱਠ ਕੇ ਲੋਕ ਭਲਾਈ ਸਕੀਮਾਂ ਦਾ ਲਾਭ ਹਰੇਕ ਲੋੜਵੰਦ ਤੱਕ ਪੁੱਜਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ। ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਸੀ ਤਾਲਮੇਲ ਨਾਲ ਲੋਕਾਂ ਦੇ ਕੰਮਾਂ ਨੂੰ ਤੁਰੰਤ ਨੇਪਰੇ ਚਾੜ੍ਹਨ ਵਿੱਚ ਦਿਲਚਸਪੀ ਦਿਖਾਉਣ ਤਾਂ ਜੋ ਲੋਕਾਂ ਨੂੰ ਦਫ਼ਤਰਾਂ ਵਿੱਚ ਖੱਜਲ-ਖੁਆਰ ਨਾ ਹੋਣਾ ਪਵੇ। ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਕਰਜ਼ਾ ਮੁਆਫ਼ੀ ਦੇ ਕੁਝ ਕੇਸ ਹਾਲੇ ਕਲੀਅਰ ਹੋਣ ਵਾਲੇ ਰਹਿੰਦੇ ਹਨ। ਉਨ੍ਹਾਂ ਨੂੰ ਤੁਰੰਤ ਹੱਲ ਕਰਵਾਇਆ ਜਾਵੇ। ਇਸ ਮੈਗਾ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਨੇ ਆਪਣੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦੇਣ ਅਤੇ ਫਾਰਮ ਭਰਨ ਲਈ ਵਿਸ਼ੇਸ਼ ਸਟਾਲ ਲਾਏ। ਜਿਨ੍ਹਾਂ ਦਾ ਮੰਤਰੀ ਨੇ ਖ਼ੁਦ ਇਕ ਇਕ ਸਟਾਲ ’ਤੇ ਜਾ ਕੇ ਨਿਰੀਖਣ ਕੀਤਾ ਅਤੇ ਜ਼ਰੂਰੀ ਹਦਾਇਤਾਂ ਦਿੱਤੀਆਂ।
ਇਸ ਮੌਕੇ ਜ਼ਿਲ੍ਹਾ ਭਲਾਈ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਸਟਾਲਾਂ ’ਤੇ ਲਾਭਪਾਤਰੀਆਂ ਦੇ ਫਾਰਮ ਭਰੇ ਗਏ। ਸਿਹਤ ਵਿਭਾਗ ਦੀ ਟੀਮ ਵੱਲੋਂ ਲਗਾਏ ਮੈਡੀਕਲ ਕੈਂਪ ਵਿੱਚ 175 ਮਰੀਜ਼ਾਂ ਦੀ ਜਾਂਚ ਅਤੇ ਟੈੱਸਟ ਕੀਤੇ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ 1450 ਵਿਅਕਤੀ ਸਰਕਾਰੀ ਸਕੀਮਾਂ ਦੇ ਫਾਰਮ ਭਰਨ ਲਈ ਪੁੱਜੇ, ਜਿਨ੍ਹਾਂ ਵੱਖ-ਵੱਖ ਵਿਭਾਗਾਂ ਦੇ ਸਟਾਲਾਂ ’ਤੇ ਫਾਰਮ ਭਰੇ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਏਡੀਸੀ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ, ਐਸਡੀਐਮ ਜਗਦੀਪ ਸਹਿਗਲ, ਸਿਵਲ ਸਰਜਨ ਡਾ. ਮਨਜੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਵਿੰਦਰ ਸਿੰਘ ਰਾਹੀ, ਜ਼ਿਲ੍ਹਾ ਭਲਾਈ ਅਫ਼ਸਰ ਸੁੱਖਸਾਗਰ ਸਿੰਘ, ਬੀਡੀਪੀਓ ਹਿਤੇਨ ਕਪਿਲਾ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵਿੰਦਰ ਕੌਰ ਦੁਰਾਲੀ, ਸਕੱਤਰ ਰਵਿੰਦਰ ਸੰਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਹਨ ਸਿੰਘ ਬਠਲਾਣਾ, ਚੌਧਰੀ ਭਗਤ ਰਾਮ ਸਰਪੰਚ ਸਨੇਟਾ, ਚੌਧਰੀ ਰਿਸ਼ੀਪਾਲ ਸਾਬਕਾ ਸਰਪੰਚ ਸਨੇਟਾ, ਅਵਤਾਰ ਸਿੰਘ ਤਾਰੀ ਸਰਪੰਚ ਭਾਗੋਮਾਜਰਾ, ਸੁਦੇਸ਼ ਕੁਮਾਰ ਗੋਗਾ ਸਰਪੰਚ ਬੈਂਰੋਪੁਰ, ਬਲਜੀਤ ਸਿੰਘ ਭਾਗੋਮਾਜਰਾ ਮੈਂਬਰ ਬਲਾਕ ਸਮਿਤੀ, ਮਨਜੀਤ ਸਿੰਘ ਤੰਗੋਰੀ ਵਾਈਸ ਚੇਅਰਮੈਨ ਬਲਾਕ ਸਮਿਤੀ ਖਰੜ, ਪੁਸ਼ਪਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਮੇਜਰ ਸਿੰਘ ਹਾਜ਼ਰ ਸਨ।
(ਬਾਕਸ ਆਈਟਮ)
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗੋਬਿੰਦਗੜ੍ਹ ਦੇ ਸਾਹਮਣੇ ਖਸਤਾਹਾਲ ਪੁਲੀ ਨੂੰ ਤੁਰੰਤ ਬਣਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਮੰਡੀ ਬੋਰਡ ਦੇ ਮੁੱਖ ਇੰਜੀਨੀਅਰ ਹਰਪ੍ਰੀਤ ਸਿੰਘ ਬਰਾੜ ਅਤੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਰਾਜਪ੍ਰੀਤ ਸਿੰਘ ਨੂੰ ਕਿਹਾ ਕਿ ਉਹ ਤੁਰੰਤ ਐਸਟੀਮੇਟ ਤਿਆਰ ਕਰਵਾ ਕੇ ਪੁਲੀ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ। ਉਨ੍ਹਾਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸਕੂਲ ’ਚੋਂ ਜ਼ਮੀਨਦੋਜ਼ ਪਾਈਪਾਂ ਪਾਉਣ ਲਈ ਵੀ ਕਿਹਾ। ਸਕੂਲ ਦੀ ਚਾਰਦੀਵਾਰੀ ਤੇ ਹੋਰ ਸਮੱਸਿਆਵਾਂ ਵੀ ਤੁਰੰਤ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਡੀਈਓ (ਐਲੀਮੈਂਟਰੀ) ਗੁਰਪ੍ਰੀਤ ਕੌਰ ਧਾਲੀਵਾਲ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਸ੍ਰੀਮਤੀ ਸੰਧਿਆ ਸ਼ਰਮਾ ਅਤੇ ਪਿੰਡ ਗੋਬਿੰਦਗੜ੍ਹ ਦੀ ਸਰਪੰਚ ਪਰਮਜੀਤ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…