Nabaz-e-punjab.com

ਸਰਕਾਰੀ ਹਸਪਤਾਲਾਂ ਦੇ ਡਾਕਟਰ ਜੈਨਰਿਕ ਦਵਾਈਆਂ ਲਿਖਣ ਨੂੰ ਤਰਜੀਹ ਦੇਣ: ਸਿੱਧੂ

ਸਿਹਤ ਮੰਤਰੀ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 25 ਜੂਨ ਤੱਕ ਜਨ ਅੌਸ਼ਧੀ ਕੇਂਦਰ ਚਾਲੂ ਕਰਨ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਜੈਨਰਿਕ ਦਵਾਈਆਂ ਲਿਖਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਜ਼ਿਆਦਾਤਰ ਗਰੀਬ ਲੋਕ ਹੀ ਆਪਣੇ ਇਲਾਜ ਲਈ ਆਉਂਦੇ ਹਨ। ਲਿਹਾਜ਼ਾ ਡਾਕਟਰ ਮਰੀਜ਼ ਦੀ ਜਾਂਚ ਤੋਂ ਬਾਅਦ ਪਰਚੀ ’ਤੇ ਹਮੇਸ਼ਾ ਜੈਨਰਿਕ ਦਵਾਈਆਂ ਲਿਖਣ ਨੂੰ ਤਰਜੀਹ ਦੇਣ ਤਾਂ ਜੋ ਮਰੀਜ਼ਾਂ ਨੂੰ ਵਾਜਬ ਕੀਮਤਾਂ ’ਤੇ ਦਵਾਈਆਂ ਮਿਲਣ। ਸਿਹਤ ਮੰਤਰੀ ਅੱਜ ਸ਼ਾਮ ਇੱਥੋਂ ਦੇ ਫੇਜ਼-6 ਸਥਿਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਸੂਬੇ ਦੇ ਸਾਰੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲਾਂ ਵਿੱਚ 25 ਜੂਨ ਤੱਕ ਜਨ ਅੌਸ਼ਧੀ ਕੇਂਦਰ (ਸਸਤੀਆਂ ਦਵਾਈਆਂ ਦੀ ਦੁਕਾਨ) ਸ਼ੁਰੂ ਕਰਨ ਦੇ ਆਦੇਸ਼ ਵੀ ਦਿੱਤੇ ਤਾਂ ਜੋ ਗਰੀਬਾਂ ਦੀ ਲੁੱਟ ਨਾ ਹੋਵੇ। ਮੀਟਿੰਗ ਦੌਰਾਨ ਮੰਤਰੀ ਨੇ ਏਜੰਡਾ ਅੰਗਰੇਜ਼ੀ ਵਿੱਚ ਲਿਖਿਆ ਦੇਖ ਕੇ ਅਧਿਕਾਰੀਆਂ ਦੀ ਕਾਫੀ ਝਾੜ-ਝੰਬ ਕੀਤੀ ਅਤੇ ਕਿਹਾ ਕਿ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਜਿਨ੍ਹਾਂ ਦਵਾਈਆਂ ਦੀ ਵਰਤੋਂ ਨਸ਼ੇ ਲਈ ਹੁੰਦੀ ਹੈ, ਉਹ ਜਦੋਂ ਸਰਕਾਰੀ ਹਸਪਤਾਲਾਂ ਵਿੱਚੋਂ ਮਿਲਣ ਤਾਂ ਉਸ ਦੇ ਪੱਤੇ ਦਾ ਰੰਗ ਬਾਜ਼ਾਰ ਵਿੱਚ ਮਿਲਦੀ ਉਸੇ ਦਵਾਈ ਦੇ ਪੱਤੇ ਨਾਲੋਂ ਵੱਖਰਾ ਹੋਵੇ ਤਾਂ ਜੋ ਫੜੇ ਜਾਣ ਉੱਤੇ ਪਤਾ ਲੱਗ ਸਕੇ ਕਿ ਕੀ ਇਹ ਦਵਾਈ ਸਰਕਾਰੀ ਹਸਪਤਾਲ ਵਿੱਚੋਂ ਤਾਂ ਨਹੀਂ ਆਈ। ਉਨ੍ਹਾਂ ਇਸ ਬਾਰੇ ਸਪਲਾਇਰਾਂ ਨਾਲ ਗੱਲ ਕਰਨ ਲਈ ਕਿਹਾ।
ਸਿਹਤ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਸਸਤੇ ਭਾਅ ਉੱਤੇ ਸਾਰਾ ਸਾਲ ਦਵਾਈਆਂ ਮਿਲਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਇਹ ਵੀ ਆਦੇਸ਼ ਦਿੱਤਾ ਕਿ ਦਵਾਈਆਂ ਦੀ ਕੀਮਤ ਪਹਿਲਾਂ ਸੂਬਾ ਪੱਧਰ ’ਤੇ ਤੈਅ ਹੋਵੇ, ਉਸ ਤੋਂ ਬਾਅਦ ਜ਼ਿਲ੍ਹਿਆਂ ਵਿੱਚ ਉਸੇ ਕੀਮਤ ’ਤੇ ਦਵਾਈਆਂ ਖਰੀਦੀਆਂ ਜਾਣ ਤਾਂ ਕਿ ਕਿਤੇ ਵੀ ਵੱਧ ਕੀਮਤ ਨਾ ਤਾਰਨੀ ਪਵੇ। ਉਨ੍ਹਾਂ ਬਾਇਓ ਮੈਡੀਕਲ ਵੇਸਟ ਦਾ ਨਿਬੇੜਾ ਸਹੀ ਤਰੀਕੇ ਨਾਲ ਕਰਨ ਅਤੇ ਇਸ ਉੱਤੇ ਆਉਂਦੇ ਖਰਚ ਵਿੱਚ ਕਟੌਤੀ ਕਰਨ ਦੇ ਵੀ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਬਰਸਾਤ ਦੇ ਸੀਜ਼ਨ ਤੋਂ ਪਹਿਲਾਂ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਪੂਰੇ ਪ੍ਰਬੰਧ ਕੀਤੇ ਜਾਣ ਅਤੇ ਹਸਪਤਾਲਾਂ ਵਿੱਚ ਸਪੈਸ਼ਲ ਵਾਰਡ ਬਣਾਏ ਜਾਣ। ਮੀਟਿੰਗ ਵਿੱਚ ਸਿਹਤ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਸਤੀਸ਼ ਚੰਦਰਾ, ਪੰਜਾਬ ਸਿਹਤ ਨਿਗਮ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ, ਐਮਡੀ ਅਮਿਤ ਕੁਮਾਰ ਅਤੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
(ਬਾਕਸ ਆਈਟਮ)
ਉਧਰ, ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਬਾਜ਼ਾਰ ਵਿੱਚ ਜੈਨਰਿਕ ਦਵਾਈਆਂ ਅੱਧੇ ਤੋਂ ਵੀ ਘੱਟ ਭਾਅ ’ਤੇ ਮਿਲਦੀਆਂ ਹਨ ਪ੍ਰੰਤੂ ਜ਼ਿਆਦਾਤਰ ਡਾਕਟਰ ਕਮਿਸ਼ਨ ਦੇ ਚੱਕਰ ਵਿੱਚ ਪਰਚੀ ’ਤੇ ਨਾਮਾਤਰ ਹੀ ਜੈਨਰਿਕ ਦਵਾਈਆਂ ਲਿਖਦੇ ਹਨ। ਉਂਜ ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਇਹ ਆਦੇਸ਼ ਜਾਰੀ ਕਰਨ ਤੋਂ ਪਹਿਲਾਂ ਸਰਕਾਰੀ ਦੁਕਾਨਾਂ ’ਤੇ ਜੈਨਰਿਕ ਦਵਾਈਆਂ ਮੁਹੱਈਆ ਕਰਵਾਈਆਂ ਜਾਣ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …