
ਸਰਕਾਰੀ ਕੰਨਿਆ ਸਕੂਲ ਸਮਰਾਲਾ ਦੀ ਦੋ ਰੋਜ਼ਾ ਚੌਥੀ ਸਲਾਨਾ ਅਥਲੈਟਿਕ ਮੀਟ ਆਪਣੀ ਅਮਿੱਟ ਯਾਦਾਂ ਛੱਡਦੀ ਹੋਈ ਸਮਾਪਤ
ਸਮਰਾਲਾ/ਮਾਛੀਵਾੜਾ, 20 ਦਸੰਬਰ (ਬੌਂਦਲੀ,ਤਲਵਿੰਦਰ ਗਿੱਲ)
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਦੀ ਚੌਥੀ ਸਾਲਾਨਾ ਐਥਲੈਟਿਕ ਮੀਟ ਸਕੂਲ ਦੇ ਗਰਾਊਂਡ ਵਿੱਚ ਕਰਵਾਈ ਗਈ। ਇਸ ਦੋ ਰੋਜ਼ਾ ਅਥਲੈਟਿਕ ਮੀਟ ਦਾ ਉਦਘਾਟਨ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਜਗਜੀਵਨ ਸਿੰਘ ਖੀਰਨੀਆਂ ਚੇਅਰਮੈਨ ਮਾਰਕਫੈਡ ਪੰਜਾਬ ਨੇ ਕੀਤਾ। ਉਨ੍ਹਾਂ ਨੇ ਅਥਲੈਟਿਕ ਮੀਟ ਦਾ ਆਰੰਭਤਾ ਅਸਮਾਨ ਵਿੱਚ ਗੁਬਾਰੇ ਛੱਡ ਕੇ ਕੀਤੀ। ਇਸ ਮੌਕੇ ਆਪ ਦੇ ਉਮੀਦਵਾਰ ਸਰਬੰਸ ਸਿੰਘ ਮਾਣਕੀ, ਪਿੰ੍ਰਸੀਪਲ ਸੰਜੀਵ ਕੁਮਾਰ ਸੱਦੀ, ਪ੍ਰਿੰਸੀਪਲ ਮੁਨੀਸ਼ ਕੁਮਾਰ ਮਹਿਤਾ ਅਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਤੋਂ ਪਹਿਲਾਂ ਸਕੂਲ ਦੇ ਪਿੰ੍ਰਸੀਪਲ ਗੁਰਦੀਪ ਸਿੰਘ ਰਾਏ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਉਪਰੰਤ ਵੱਖ-ਵੱਖ 4 ਹਾਊਸਾਂ ਦੇ ਵਿਦਿਆਰਥੀਆਂ ਨੇ ਪਰੇਡ ਕੀਤੀ ਅਤੇ ਮਿਸ਼ਾਲ ਜਲਾ ਕੇ ਖੇਡਾਂ ਦਾ ਆਗਾਜ਼ ਕੀਤਾ। ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਦੌਰਾਨ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦੀ 100 ਮੀਟਰ, 200 ਮੀਟਰ ਅਤੇ ਸਪੂਨ ਰੇਸ ਕਰਵਾਈ ਗਈ ਅਤੇ ਜੂਨੀਅਰ, ਸੀਨੀਅਰ ਲੜਕੀਆਂ ਦੀਆਂ ਇੰਟਰ ਹਾਊਸ ਸਲੋਅ ਸਾਇਕਲ ਰੇਸ ਅਤੇ ਰੱਸਾਕਸੀ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਲਕਸ਼ਮੀ ਬਾਈ ਹਾਊਸ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਦਾ ਓਵਰਆਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ।
ਇਸ ਮੌਕੇ ਸਰਕਾਰੀ ਹਾਈ ਸਕੂਲ ਬਗਲੀ ਕਲਾਂ ਦੇ ਮੁੱਖ ਅਧਿਆਪਕ ਮੇਘ ਦਾਸ ਨੂੰ ਨੈਸ਼ਨਲ ਐਵਾਰਡ, ਜਸਪਾਲ ਸਿੰਘ ਪਾਲੀ ਨੂੰ ਸਟੇਟ ਪੱਧਰੀ ਸਨਮਾਨ ਪੱਤਰ ਅਤੇ 12ਵੀਂ (ਮੈਡੀਕਲ ਗਰੁੱਪ) ’ਚੋਂ ਪੰਜਾਬ ਦੀ ਮੈਰਿਟ ਵਿੱਚ ਆਉਣ ਵਾਲੀ ਵਿਦਿਆਰਥਣ ਕਰਿਤਿਕਾ ਨੂੰ ਸਨਮਾਨਿਤ ਕੀਤਾ ਗਿਆ। ਖੇਡਾਂ ਦੇ ਦੂਜੇ ਦਿਨ ਪਰਮਜੀਤ ਸਿੰਘ ਢਿੱਲੋਂ, ਕਰਨਵੀਰ ਸਿੰਘ ਢਿੱਲੋਂ, ਕੌਂਸਲਰ ਸੰਨੀ ਦੂਆ, ਸੁਰਿੰਦਰ ਸਿੰਘ, ਪ੍ਰਿੰਸੀਪਲ ਦਲਜੀਤ ਸਿੰਘ, ਪ੍ਰਿੰਸੀਪਲ ਦਵਿੰਦਰ ਸਿੰਘ, ਪ੍ਰਿੰਸੀਪਲ ਵੇਦ ਪ੍ਰਿਤਪਾਲ ਸਿੰਘ ਨੇ ਸ਼ਿਰਕਤ ਕੀਤੀ ਅਤੇ ਜਿਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਦਿੱਤੇ। ਖੇਡਾਂ ਦੇ ਆਖਰੀ ਦਿਨ ਪੀਟੀਏ ਪ੍ਰਧਾਨ ਮਹਿੰਦਰ ਸਿੰਘ ਭੰਗਲਾਂ ਨੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਅਤੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ। ਇਨ੍ਹਾਂ ਖੇਡਾਂ ਨੂੰ ਨੇਪਰੇ ਚਾੜ੍ਹਨ ਲਈ ਉਨ੍ਹਾਂ ਡੀਪੀਈ ਕੁਲਜੀਤ ਕੌਰ, ਪੀਟੀਆਈ ਜਸਪਾਲ ਸਿੰਘ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।