ਪਾਣੀ ਦੀ ਨਿਯਮਤ ਜਾਂਚ ਕਰਵਾ ਕੇ ਪਿੰਡ ਵਾਸੀਆਂ ਦੀ ਮਦਦ ਕਰ ਰਹੀ ਹੈ ਪੰਜਾਬ ਸਰਕਾਰ: ਸ੍ਰੀਮਤੀ ਡਿੰਪਲ

ਪਾਣੀ ਪਰਖ ਬਿਮਾਰੀਆਂ ਤੋਂ ਮੁਕਤ ਰੱਖਣ ਲਈ ਹੈ ਵਧੀਆ ਕਦਮ, ਹਰ ਮਹੀਨੇ ਜਾਂਚ ਲਈ ਭਰੇ ਜਾਂਦੇ ਨੇ ਪਾਣੀ ਦੇ ਨਮੂਨੇ

ਪੰਪ ਅਪਰੇਟਰ ਵੀ ਫੀਲਡ ਟੈਸਟਿੰਗ ਕਿੱਟਾਂ ਰਾਹੀਂ ਮੌਕੇ ’ਤੇ ਕਰਦੇ ਹਨ ਪਾਣੀ ਦੀ ਨਿਰੰਤਰ ਪਰਖ

ਸਮਰੱਥਾ ਨਿਰਮਾਣ ਕੈਂਪਾਂ ਰਾਹੀਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਪਾਣੀ ਜਾਂਚ ਸੁਵਿਧਾ ਤੇ ਜਾਂਚ ਰਿਪੋਰਟਾਂ ਦੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਲੈਬੋਰਟਰੀਆਂ ਰਾਹੀਂ ਪਾਣੀ ਦੀ ਨਿਯਮਤ ਜਾਂਚ ਕਰਵਾ ਕੇ ਪੰਜਾਬ ਸਰਕਾਰ ਪਿੰਡ ਵਾਸੀਆਂ ਦੀ ਬਹੁਤ ਵੱਡੀ ਮਦਦ ਕਰ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਪਿੰਡ ਸਿਆਲਬਾ ਬਲਾਕ ਮਾਜਰੀ ਦੀ ਸਰਪੰਚ ਸ੍ਰੀਮਤੀ ਡਿੰਪਲ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਹਰ ਮਹੀਨੇ ਸਰਕਾਰ ਵੱਲੋਂ ਪਾਣੀ ਦੀ ਜਾਂਚ ਲਈ ਨਮੂਨੇ ਭਰੇ ਜਾਂਦੇ ਹਨ। ਏਨਾ ਹੀ ਨਹੀਂ ਪਿੰਡ ਵਿੱਚ ਮੌਜੂਦ ਪੰਪ ਅਪਰੇਟਰ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਹੈ। ਜਿਸ ਦੇ ਚੱਲਦਿਆਂ ਉਹ ਫੀਲਡ ਟੈਸਟਿੰਗ ਕਿੱਟ ਰਾਂਹੀ ਮੌਕੇ ਤੇ ਹੀ ਪਾਣੀ ਦੀ ਪਰਖ ਕਰ ਦਿੰਦਾ ਹੈ।
ਸਰਪੰਚ ਨੇ ਕਿਹਾ ਕਿ ਸਾਫ ਸੁਥਰਾ ਪਾਣੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ। ਪੀਣ, ਦੰਦ ਸਾਫ਼ ਕਰਨ, ਹੱਥ ਧੋਣ, ਨਹਾਉਣ ਤੇ ਭੋਜਨ ਬਣਾਉਣ ਵਾਲਾ ਪਾਣੀ ਰਸਾਇਣਾਂ ਤੇ ਹਾਨੀਕਾਰਕ ਕੀਟਾਣੂਆਂ ਤੋਂ ਰਹਿਤ ਹੋਣਾ ਚਾਹੀਦਾ ਹੈ ਪਾਣੀ ਸਾਡੇ ਲਈ ਵੱਡੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਪਾਣੀ ਦੀ ਪਰਖ ਹੋਣ ਕਾਰਨ ਪਿੰਡ ਵਾਸੀਆਂ ਨੂੰ ਖਾਣ ਪੀਣ ਅਤੇ ਹੋਰ ਘਰੇਲੂ ਕੰਮਾਂ ਲਈ ਸਾਫ਼ ਸੁਥਰਾ ਤੇ ਸ਼ੁੱਧ ਪਾਣੀ ਉਪਲਬਧ ਹੁੰਦਾ ਹੈ। ਸਾਫ਼ ਪਾਣੀ ਮਿਲਣ ਕਾਰਨ ਬੱਚੇ, ਬਜ਼ੁਰਗ ਅਤੇ ਹੋਰ ਇਲਾਕਾ ਵਾਸੀ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਪੀਲੀਆ, ਦਸਤ, ਹੈਜ਼ਾ, ਟਾਈਫਾਈਡ ਆਦਿ ਤੋਂ ਬਚੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਮੇਂ ਸਮੇਂ ਤੇ ਪਿੰਡ ਵਿੱਚ ਸਮਰੱਥਾ ਨਿਰਮਾਣ ਕੈਂਪ ਲਗਾਏ ਜਾਂਦੇ ਹਨ। ਜਿਨ੍ਹਾਂ ਰਾਂਹੀ ਲੋਕਾਂ ਨੂੰ ਪਾਣੀ ਦੀ ਜਾਂਚ ਕਰਵਾਉਣ ਦੀ ਸੁਵਿਧਾ ਬਾਰੇ ਦੱਸਿਆ ਜਾਂਦਾ ਹੈ ਅਤੇ ਜਾਂਚ ਰਿਪੋਰਟਾਂ ਆਉਣ ਤੋਂ ਬਾਅਦ ਪਿੰਡ ਵਾਸੀਆਂ ਨਾਲ ਰਿਪੋਰਟ ਸਾਂਝੀ ਕੀਤੀ ਜਾਂਦੀ ਹੈ ਤਾਂ ਜ਼ੋ ਉਨ੍ਹਾਂ ਨੂੰ ਪਾਣੀ ਦੇ ਮਿਆਰ ਬਾਰੇ ਚੌਕਸ ਕੀਤਾ ਜਾ ਸਕੇ।
ਪਿੰਡ ਸਿਆਲਬਾ ਦੇ ਪੰਪ ਅਪਰੇਟਰ ਹਰਦੀਪ ਸਿੰਘ ਨੇ ਦੱਸਿਆ ਕਿ ਵੈਸੇ ਤਾਂ ਪਿੰਡ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਾਣੀ ਦੀ ਸਪਲਾਈ ਡੂੰਘੇ ਟਿਊਬਵੈੱਲ ਤੋਂ ਕੀਤੀ ਜਾ ਰਹੀ ਹੈ। ਡੂੰਘੇ ਟਿਊਬਵੈੱਲ ਦਾ ਪਾਣੀ ਸਾਫ ਹੀ ਹੁੰਦਾ ਹੈ, ਪਰ ਬਾਰਸ਼ਾਂ ਦੇ ਮੌਸਮ ਦੌਰਾਨ ਪਾਣੀ ਵਿੱਚ ਕਿਟਾਣੂ ਪੈਂਦਾ ਹੋਣ ਦਾ ਖਦਸ਼ਾ ਰਹਿੰਦਾ ਹੈ। ਇਸ ਲਈ ਪਾਣੀ ਦੀ ਜ਼ਾਂਚ ਸਮੇਂ ਸਮੇਂ ਤੇ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਫੀਲਡ ਵਾਟਰ ਟੈਸਟਿੰਗ ਕਿੱਟ ਹੁੰਦੀ ਹੈ ਜਿਸ ਰਾਂਹੀ ਉਹ ਪਾਣੀ ਵਿੱਚ ਮੌਜੂਦ ਕਲੋਰੀਨ ਦੀ ਸ਼ਕਤੀ ਦੀ ਪਰਖ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਲੋਰੀਨ ਪਾਣੀ ਦੀ ਸ਼ੁਧਤਾ ਲਈ ਵਰਤੀ ਜਾਂਦੀ ਹੈ, ਪਰ ਇਸ ਦਾ ਪਾਣੀ ਵਿੱਚ ਮੌਜੂਦ ਮਿਆਰ ਨੂੰ ਪਰਖਦੇ ਰਹਿਣਾ ਜ਼ਰੂਰੀ ਹੈ ਕਿਉਂਕਿ ਜੇਕਰ ਕਲੋਰੀਨ ਲੋੜ ਤੋਂ ਘੱਟ ਹੋਵੇ ਤਾਂ ਉਸ ਦਾ ਅਸਰ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਉਹ ਸਮੇਂ ਸਮੇਂ ਤੇ ਲੋਕਾਂ ਦੇ ਘਰਾਂ ’ਚੋਂ ਅਤੇ ਟੇਲਾਂ ਤੋਂ ਪਾਣੀ ਦੇ ਸੈਂਪਲ ਲੈ ਕੇ ਉਨ੍ਹਾਂ ਦੀ ਸਰਕਾਰ ਵੱਲੋਂ ਮੁਹੱਈਆਂ ਕਰਵਾਈ ਕਿੱਟ ਰਾਹੀਂ ਅਤੇ ਪੰਪ ਚੈਬਰ ਵਿੱਚ ਲੱਗੇ ਕਲੋਰੀਨੇਟਰ ਰਾਂਹੀ ਚੈੱਕ ਕਰਦੇ ਰਹਿੰਦੇ ਹਨ।
ਸ੍ਰੀ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵੱਲੋਂ ਹਰ ਇੱਕ ਜਲ ਸਪਲਾਈ ਸਕੀਮ ਦਾ ਪਾਣੀ ਵਾਟਰ ਟੈਸਟਿੰਗ ਲੈਬ ਰਾਂਹੀ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਚੈੱਕ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵਿੱਚ ਐਡਵਾਂਸ ਵਾਟਰ ਟੈਸਟਿੰਗ ਲੈਬਾਰਟਰੀ ਮੌਜੂਦ ਹੈ ਜਿੱਥੇ ਵੱਖ ਵੱਖ ਪਿੰਡਾਂ ’ਚੋਂ ਪਾਣੀ ਦੇ ਸੈਂਪਲ ਇਕੱਤਰ ਕਰਕੇ ਉਨ੍ਹਾਂ ਦੀ ਟੈਸਟਿੰਗ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਐਡਵਾਂਸਡ ਵਾਟਰ ਟੈਸਟਿੰਗ ਲੈਬਾਰਟਰੀ ਇੱਕ ਬਹੁਤ ਹੀ ਅਤਿ ਆਧੁਨਿਕ ਲੈਬਾਰਟਰੀ ਹੈ ਜਿੱਥੇ ਨਾ ਸਿਰਫ਼ ਬੈਸਿਕ ਟੈਸਟਿੰਗ ਜਿਵੇਂ ਬੈਕਟੀਰੀਆ ਆਦਿ ਦੀ ਟੈਸਟਿੰਗ ਕੀਤੀ ਜਾਂਦੀ ਹੈ ਬਲਕਿ ਪਾਣੀ ਵਿੱਚ ਮੌਜੂਦ ਹਾਨੀਕਾਰਨ ਕੈਮੀਕਲਾਂ ਅਤੇ ਹੈਵੀ ਮੈਟਲਸ ਦੀ ਵੀ ਜਾਂਚ ਕੀਤੀ ਜਾਂਦੀ ਹੈ। ਇਸ ਲੈਬਾਰਟਰੀ ਵਿੱਚ ਹਰ ਮਹੀਨੇ ਪਾਣੀ ਦੇ 250 ਦੇ ਕਰੀਬ ਸੈਂਪਲ ਟੈਸਟ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਰਿਪੋਰਟ ਸਰਪੰਚਾਂ ਨਾਲ ਸਾਂਝੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਪਾਣੀ ਦਾ ਕੋਈ ਵੀ ਨਵਾਂ ਪ੍ਰਾਜੈਕਟ ਲਗਾਉਣ ਤੋਂ ਪਹਿਲਾਂ ਵੀ ਧਰਤੀ ਹੇਠਲੇ ਪਾਣੀ ਦੀ ਪਰਖ ਕੀਤੀ ਜਾਂਦੀ ਹੈ ਅਤੇ ਪਾਣੀ ਸੁਰੱਖਿਅਤ ਪਾਏ ਜਾਣ ਦੀ ਸੂਰਤ ਵਿੱਚ ਹੀ ਉੱਥੇ ਨਵਾਂ ਪ੍ਰਾਜੈਕਟ ਲਗਾਇਆ ਜਾਂਦਾ ਹੈ। ਹਰਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਵਾਈ ਜਾ ਰਹੀ ਪਾਣੀ ਪਰਖ ਦੀ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਪਰਿਵਾਰਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ।

Load More Related Articles

Check Also

Mann Govt in Action: Minister Ravjot Singh Cracks Down on Civic Negligence, Orders Swift Clean-Up in Dera Bassi

Mann Govt in Action: Minister Ravjot Singh Cracks Down on Civic Negligence, Orders Swift C…