Nabaz-e-punjab.com

ਅੱਖੀਂ ਡਿੱਠਾ ਹਾਲ: ਸਰਕਾਰੀ ਹਸਪਤਾਲ ਮੁਹਾਲੀ ਵਿੱਚ ਮੁੱਢਲੀਆਂ ਸਹੂਲਤਾਂ ਦੀ ਘਾਟ, ਮਰੀਜ਼ ਅੌਖੇ

ਰਾਤ ਨੂੰ ਐਮਰਜੈਂਸੀ ਵੇਲੇ ਦੁਕਾਨ ਲੈਣ ਲਈ ਜਾਣਾ ਪੈਂਦਾ ਹੈ ਦੂਰ, ਹਸਪਤਾਲ ’ਚ ਰਾਤ ਨੂੰ ਨਹੀਂ ਮਿਲੀ ਦਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਤ ਵੇਲੇ ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਪਰਚੀ ’ਤੇ ਲਿਖੀ ਦਵਾਈ ਲੈਣ ਲਈ ਹਸਪਤਾਲ ਤੋਂ ਕਾਫੀ ਦੂਰ ਫੇਜ਼-6 ਜਾਂ ਫੇਜ਼-1 ਦੀ ਮਾਰਕੀਟ ਵਿੱਚ ਜਾਣਾ ਪੈਣਾ ਹੈ। ਕਿਉਂÎਕ ਸਰਕਾਰੀ ਹਸਪਤਾਲ ਵਿੱਚ ਮੌਜੂਦ ਜਨ ਅੌਸ਼ਧੀ ਕੇਂਦਰੀ ਰਾਤ ਨੂੰ ਸਿਰਫ਼ 8 ਵਜੇ ਤੱਕ ਹੀ ਖੁੱਲ੍ਹੀ ਰਹਿੰਦੀ ਹੈ। ਇਸ ਤੋਂ ਬਾਅਦ ਦਵਾਈ ਲੈਣ ਲਈ ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਲਈ ਆਏ ਪਰਿਵਾਰ ਦੇ ਜੀਆਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਹੈ। ਰਾਤ ਨੂੰ ਹਸਪਤਾਲ ਵਿੱਚ ਅਲਟਰਾਸਾਉਂਡ, ਲੈਬਾਰਟਰੀ ਟੈਸਟ ਅਤੇ ਐਕਸ-ਰੇਅ ਆਦਿ ਕੋਈ ਸੁਵਿਧਾ ਉਪਲਬਧ ਨਹੀਂ ਹੈ। ਇਹ ਹਸਪਤਾਲ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਸਰਕਾਰੀ ਰਿਹਾਇਸ਼ੀ ਤੋਂ ਮਹਿਜ਼ 1 ਕਿੱਲੋਮੀਟਰ ਅਤੇ ਸਿਵਲ ਸਰਜਨ ਦਫ਼ਤਰ ਤੋਂ ਚੰਦ ਕੁ ਕਦਮਾਂ ਦੀ ਦੂਰੀ ’ਤੇ ਸਥਿਤ ਹੈ।
ਐਤਵਾਰ ਦੀ ਰਾਤ ਨੂੰ ਕਰੀਬ ਸਾਢੇ 10 ਵਜੇ ਮੀਡੀਆ ਟੀਮ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਬਲਾਕ ਵਿੱਚ ਪੁੱਜੀ। ਬਾਹਰੋਂ ਦੇਖ ਨਹੀਂ ਲਗਦਾ ਸੀ ਕਿ ਇਹ ਐਮਰਜੈਂਸੀ ਵਾਰਡ ਹੈ, ਸਗੋਂ ਇੰਝ ਜਾਪਦਾ ਸੀ ਜਿਵੇਂ ਕੋਈ ਕਾਰਖਾਨਾ ਹੋਵੇ। ਮੇਨ ਐਮਰਜੈਂਸੀ ਬਲਾਕ ਦੇ ਅੰਦਰ ਦਾਖ਼ਲ ਹੁੰਦੇ ਹੀ ਲੋਹੇ ਦੀਆਂ ਚਾਦਰਾਂ ਲਗਾ ਕੇ ਇਸ ਬਲਾਕ ਨੂੰ ਬੰਦ ਕੀਤਾ ਹੋਇਆ ਸੀ ਅਤੇ ਲਾਈਟ ਵੀ ਬੰਦ ਸੀ। ਅੱਗੇ ਅੰਦਰੋਂ ਬਾਹਰ ਰਹੇ ਦੋ ਵਿਅਕਤੀਆਂ ਨੇ ਦੱਸਿਆ ਕਿ ਐਮਰਜੈਂਸੀ ਵਾਰਡ ਥੋੜ੍ਹਾ ਅੱਗੇ ਜਾ ਕੇ ਹੈ। ਲੰਮੇ ਹਾਲ ਕਮਰੇ ਵਿੱਚ ਦੋ ਡਾਕਟਰ ਆਪਣੇ ਮੂੰਹ ’ਤੇ ਮਾਸਕ ਬੰਨ੍ਹ ਕੇ ਬੈਠੇ ਹੋਏ ਸੀ। ਉਨ੍ਹਾਂ ਦੇ ਪਿਛਲੇ ਹਿੱਸੇ ਵਿੱਚ 10 ਤੋਂ 12 ਬੈੱਡ ਪਏ ਸੀ। ਜਿਨ੍ਹਾਂ ’ਤੇ ਉੱਤੇ ਕੋਈ ਚਾਦਰ ਨਹੀਂ ਵਿੱਛੀ ਹੋਈ ਸੀ ਅਤੇ ਮਰੀਜ਼ ਬਿਨਾਂ ਚਾਦਰ ਤੋਂ ਹੀ ਬੈੱਡ ’ਤੇ ਪਏ ਸਨ।
ਆਪਣੇ ਬੇਟੇ ਨਾਲ ਦਵਾਈ ਲੈਣ ਆਈ ਗੁੱਡੀ ਦੇਵੀ ਨਾਂ ਦੀ ਅੌਰਤ ਨੂੰ ਐਮਰਜੈਂਸੀ ਵਿੱਚ ਟੀਕਾ ਲਗਾਉਣ ਤੋਂ ਬਾਅਦ ਪਰਚੀ ’ਤੇ ਤਿੰਨ ਦਵਾਈਆਂ ਲਿਖ ਦਿੱਤੀਆਂ। ਜਦੋਂਕਿ ਹਸਪਤਾਲ ਦੇ ਅੰਦਰ ਜਾਂ ਗੇਟ ਤੋਂ ਬਾਹਰ ਕੋਈ ਕੈਮਿਸਟ ਦੀ ਦੁਕਾਨ ਖੁੱਲ੍ਹੀ ਨਹੀਂ ਸੀ। ਇਸ ਤਰ੍ਹਾਂ ਇਹ ਅੌਰਤ ਟੀਕਾ ਲੱਗਣ ਤੋਂ ਕੁਝ ਸਮਾਂ ਉੱਥੇ ਰਹੀ ਅਤੇ ਬਾਅਦ ਵਿੱਚ ਉਹ ਆਪਣੇ ਘਰ ਆ ਗਈ ਅਤੇ ਰਾਤ ਮੁਸ਼ਕਲ ਨਾਲ ਕੱਟੀ। ਸੋਮਵਾਰ ਨੂੰ ਉਸ ਨੇ ਚੰਡੀਗੜ੍ਹ ਵਿੱਚ ਆਪਣੇ ਫੈਮਲੀ ਡਾਕਟਰ ਤੋਂ ਚੈੱਕਅਪ ਕਰਵਾਇਆ। ਇਸੇ ਤਰ੍ਹਾਂ ਗੁੱਡੀ ਦੇਵੀ ਦੇ ਨਾਲ ਵਾਲੇ ਬੈੱਡ ’ਤੇ ਦਰਦ ਨਾਲ ਬੂਰੀ ਤਰ੍ਹਾਂ ਕੁਰਲਾ ਰਹੀ ਇਕ ਅੌਰਤ ਨੂੰ ਉਸ ਦੀਆਂ ਨੂੰਹਾਂ ਚੁੱਕ ਕੇ ਸੈਕਟਰ-16 ਦੇ ਹਸਪਤਾਲ ਵਿੱਚ ਲੈ ਗਈਆਂ।
ਇਸ ਇਲਾਕੇ ਦੇ ਕੌਂਸਲਰ ਆਰਪੀ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੈ। ਰਾਤ ਨੂੰ ਹਸਪਤਾਲ ਵਿੱਚ ਅਲਟਰਾਸਾਉਂਡ, ਲੈਬਾਰਟਰੀ ਟੈਸਟ ਅਤੇ ਐਕਸ-ਰੇਅ ਅਤੇ ਮਾਹਰ ਡਾਕਟਰ ਆਦਿ ਕੋਈ ਸੁਵਿਧਾ ਉਪਲਬਧ ਨਹੀਂ ਹੈ। ਗੰਭੀਰ ਕਿਸਮ ਦੀ ਐਮਰਜੈਂਸੀ ਵੇਲੇ ਸਬੰਧਤ ਬਿਮਾਰੀ ਦੇ ਮਾਹਰ ਡਾਕਟਰ ਅਤੇ ਐਕਸ-ਰੇਅ ਕਰਨ ਵਾਲੇ ਨੂੰ ਫੋਨ ਕਰਕੇ ਬੁਲਾਉਣਾ ਪੈਂਦਾ ਹੈ। ਜਿਸ ਕਾਰਨ ਅਜਿਹੇ ਹਾਲਾਤਾਂ ਵਿੱਚ ਮਰੀਜ਼ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ।
ਸ਼ਰਮਾ ਨੇ ਦੱਸਿਆ ਕਿ ਡਾਕਟਰ ਪਰਚੀ ’ਤੇ ਜਿਹੜੀ ਦਵਾਈ ਲਿਖਦੇ ਹਨ, ਉਨ੍ਹਾਂ ’ਚੋਂ ਕਈ ਦਵਾਈਆਂ ਨਾ ਤਾਂ ਅੰਦਰੋਂ ਡਿਸਪੈਂਸਰੀ ’ਤੇ ਮਿਲਦੀਆਂ ਹਨ ਅਤੇ ਨਾ ਹੀ ਜਨ ਅੌਸ਼ਧੀ ਕੇਂਦਰ ਵਿੱਚ ਉਪਲਬਧ ਹੁੰਦੀਆਂ ਹਨ। ਜਿਸ ਕਾਰਨ ਮਰੀਜ਼ ਨੂੰ ਬਾਹਰੋਂ ਦਵਾਈ ਲੈਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਸਫ਼ਾਈ ਪੱਖੋਂ ਬਾਥਰੂਮਾਂ ਦੀ ਹਾਲਤ ਬਹੁਤ ਮਾੜੀ ਹੈ। ਬਾਹਰ ਕਾਂਗਰਸ ਘਾਹ ਉੱਗਿਆ ਹੋਇਆ ਹੈ। ਕਹਿਣ ਤੋਂ ਭਾਵ ਕਾਂਗਰਸ ਦੇ ਰਾਜ ਵਿੰਚ ਕਾਂਗਰਸ ਘਾਹ ਦਾ ਬੋਲਬਾਲਾ ਹੈ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ਵਿੱਚ ਐਕਸਰੇਅ ਅਪਰੇਟਰ ਅਤੇ ਅਰਥੋ ਦੇ ਡਾਕਟਰ ਦੀ 24 ਘੰਟੇ ਤਾਇਨਾਤੀ ਕੀਤੀ ਜਾਵੇ ਕਿਉਂਕਿ ਇਸ ਹਸਪਤਾਲ ਜ਼ਿਆਦਾਤਰ ਮਰੀਜ ਸੜਕ ਦੁਰਘਟਨਾਵਾਂ ਅਤੇ ਲੜਾਈ ਝਗੜਿਆਂ ਵਿੱਚ ਜ਼ਖ਼ਮੀ ਆਉਂਦੇ ਹਨ। ਇਸ ਲਈ ਹਸਪਤਾਲ ਵਿੱਚ ਹੱਡੀਆ ਦਾ ਡਾਕਟਰ ਹੋਣਾ ਜ਼ਰੂਰੀ ਹੈ।
(ਬਾਕਸ ਆਈਟਮ)
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਐਮਰਜੈਂਸੀ ਵਾਰਡ ਵਿੱਚ ਬੈੱਡਾਂ ’ਤੇ ਚਾਦਰਾਂ ਨਾ ਵਿਛੀਆਂ ਹੋਣਾ ਮਾੜੀ ਗੱਲ ਹੈ। ਇਸ ਸਬੰਧੀ ਐਸਐਮਓ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ ਅਤੇ ਉਹ ਖ਼ੁਦ ਹੀ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਮਰੀਜ਼ਾਂ ਨੂੰ ਮੁੱਢਲੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਰਾਤ ਵੇਲੇ ਕਿਸੇ ਮਰੀਜ਼ ਨੂੰ ਬਾਹਰੋਂ ਦਵਾਈ ਲੈਣ ਲਈ ਨਹੀਂ ਭੇਜਿਆ ਜਾਵੇਗਾ ਸਗੋਂ ਉਪਲਬਧਤਾ ਮੁਤਾਬਕ ਅੰਦਰੋਂ ਹੀ ਦਵਾਈਆਂ ਦਿੱਤੀਆਂ ਜਾਣਗੀਆਂ।
(ਬਾਕਸ ਆਈਟਮ)
ਐਸਐਮਓ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪੁਰਾਣੇ ਐਮਰਜੈਂਸੀ ਬਲਾਕ ਦੀ ਭੰਨ ਤੋੜ ਕਰਕੇ ਨਵੇਂ ਖੁੱਲਣ ਜਾ ਰਹੇ ਮੈਡੀਕਲ ਕਾਲਜ ਦੀ ਵਰਤੋਂ ਯੋਗ ਬਣਾਇਆ ਜਾ ਰਿਹਾ ਹੈ। ਜਿਸ ਕਾਰਨ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਹਾਲ ਵਿੱਚ ਆਰਜ਼ੀ ਤੌਰ ’ਤੇ ਐਮਰਜੈਂਸੀ ਵਾਰਡ ਬਣਾਇਆ ਗਿਆ ਹੈ ਅਤੇ ਨਵੇਂ ਐਮਰਜੈਂਸੀ ਬਲਾਕ ਲਈ ਢੁਕਵੀਂ ਥਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਤਿ ਗੰਭੀਰ ਕਿਸਮ ਦੀ ਐਮਰਜੈਂਸੀ ਵੇਲੇ ਡਾਕਟਰ ਨੂੰ ਫੋਨ ’ਤੇ ਸੱਦ ਲਿਆ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…