
ਸਰਕਾਰੀ ਹਸਪਤਾਲ ਫੇਜ਼-6 ਵਿੱਚ ਲਾਇਆ ਜਾਵੇਗਾ ‘ਸੂਬਾ ਪੱਧਰੀ ਸਿਹਤ ਮੇਲਾ’
ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਦੀਆਂ ਤਿਆਰੀਆਂ ਸਬੰਧੀ ਉੱਚ ਪੱਧਰੀ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਹਾਲੀ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਿਹਤ ਮੇਲੇ ਦੀਆਂ ਤਿਆਰੀਆਂ ਸਬੰਧੀ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ 18 ਅਪਰੈਲ ਨੂੰ ਸੂਬਾ ਪੱਧਰੀ ਸਿਹਤ ਮੇਲੇ ਵਿੱਚ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਅਮਿਤ ਤਲਵਾੜ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਫੇਜ਼-6 ਵਿਖੇ ਲਗਾਏ ਜਾਣ ਵਾਲੇ ਇਸ ਸਿਹਤ ਮੇਲੇ ਵਿੱਚ ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਟੈੱਸਟ ਕੀਤੇ ਜਾਣਗੇ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 20 ਅਪਰੈਲ ਨੂੰ ਅਜਿਹਾ ਹੀ ਸਿਹਤ ਮੇਲਾ ਸਰਕਾਰੀ ਹਸਪਤਾਲ ਬਲਾਕ ਘੜੂੰਆਂ, 21 ਅਪਰੈਲ ਨੂੰ ਕਮਿਊਨਿਟੀ ਹੈਲਥ ਸੈਂਟਰ ਬੂਥਗੜ੍ਹ ਅਤੇ 22 ਅਪਰੈਲ ਨੂੰ ਬਲਾਕ ਡੇਰਾਬੱਸੀ ਕਮਿਊਨਿਟੀ ਹੈਲਥ ਸੈਂਟਰ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਇਨ੍ਹਾਂ ਸਿਹਤ ਮੇਲਿਆਂ ਵਿੱਚ ਆਪੋ-ਆਪਣੇ ਵਿਭਾਗਾਂ ਦੇ ਕਾਊਂਟਰ ਲਾਏ ਜਾਣ ਅਤੇ ਹਰੇਕ ਕਾਊਂਟਰ ’ਤੇ ਇੱਕ ਜ਼ਿੰਮੇਵਾਰ ਕਰਮਚਾਰੀ ਤਾਇਨਾਤ ਕੀਤਾ ਜਾਵੇ ਜੋ ਕਿ ਸਿਹਤ ਮੇਲੇ ਵਿੱਚ ਆਉਣ ਵਾਲੇ ਲੋਕਾਂ ਨੂੰ ਪੂਰੀ ਜਾਣਕਾਰੀ ਮੁਹੱਈਆ ਕਰਾਉਣ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਸਿਹਤ ਮੇਲਿਆਂ ਦੌਰਾਨ ਫੂਡ ਸੇਫ਼ਟੀ ਵਿਭਾਗ ਵੱਲੋਂ ਫੂਡ ਸੇਫ਼ਟੀ ਟੈਸਟਿੰਗ ਵੈਨ ਲਗਾਈ ਜਾਵੇਗੀ। ਇਸ ਵੈਨ ਵਿੱਚ ਫੂਡ ਨਾਲ ਸਬੰਧਤ ਟੈੱਸਟ ਕੀਤੇ ਜਾਣਗੇ। ਇਨ੍ਹਾਂ ਨਮੂਨਿਆਂ ਦੀ ਰਿਪੋਰਟ 15-20 ਮਿੰਟ ਦੇ ਅੰਦਰ-ਅੰਦਰ ਮੁਹੱਈਆ ਕਰਵਾਈ ਜਾਵੇਗੀ।

ਡੀਸੀ ਨੇ ਕਿਹਾ ਕਿ ਸਿਹਤ ਮੇਲੇ ਵਿੱਚ ਆਉਣ ਵਾਲੇ ਵਿਅਕਤੀਆਂ ਲਈ ਠੰਢਾ ਪਾਣੀ ਅਤੇ ਪੱਖਿਆਂ ਦਾ ਪ੍ਰਬੰਧ ਕੀਤਾ ਜਾਵੇ। ਵੀਲ ਚੇਅਰਾਂ ਦੀ ਵੀ ਵਿਵਸਥਾ ਕੀਤੀ ਜਾਵੇ ਤਾਂ ਜੋ ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਲਿਆਉਣ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਿਹਤ ਮੇਲਿਆ ਦਾ ਵੱਧ ਤੋਂ ਵੱਧ ਲਾਹਾਂ ਲੈਣ।