nabaz-e-punjab.com

ਸਰਕਾਰੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਮ੍ਰਿਤਕ ਦੇਹ ਘਰ ਤੱਕ ਪਹੁੰਚਾਉਣ ਲਈ ਮੁਫ਼ਤ ਵਾਹਨ ਸੇਵਾ ਮੁਹੱਈਆ ਕਰਵਾਉਣ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਜੂਨ:
ਪੰਜਾਬ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆਂ ਮ੍ਰਿਤਕ ਦੇਹ ਨੂੰ ਘਰ ਤੱਕ ਪਹੁੰਚਾਉਣ ਲਈ ਹਸਪਤਾਲ ਦੇ ਪ੍ਰਬੰਧਕਾਂ ਨੂੰ ਮੁਫਤ ਵਾਹਨ ਸੇਵਾ ਮੁਹੱਈਆ ਕਰਵਾਉਣ ਲਈ ਆਦੇਸ਼ ਜਾਰੀ ਕੀਤੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਉਂਦਾ ਗਿਆ ਕਿ ਹੁੱਣ ਤੱਕ ਸਰਕਾਰੀ ਤੌਰ ’ਤੇ ਮ੍ਰਿਤਕ ਦੇਹ ਨੂੰ ਘਰ ਪਹੁੰਚਾਉਣ ਲਈ ਕਿਸੇ ਵੀ ਤਰ੍ਹਾਂ ਦੇ ਪ੍ਰਬੰਧ ਨਹੀਂ ਹਨ ਜਿਸ ਕਰਕੇ ਲੋੜਵੰਦ ਲੋਕਾਂ ਨੂੰ ਆਪਣੇ ਕਿਸੇ ਨਜ਼ਦੀਕੀ ਜਾਂ ਪਰਿਵਾਰਕ ਮੈਂਬਰ ਦੀ ਮੌਤ ਹੋਣ ਉਪਰੰਤ ਵਾਹਨ ਦਾ ਪ੍ਰਬੰਧ ਨਾ ਹੋਣ ਕਰਕੇ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਲਗਭਗ ਇਕ ਮਹੀਨੇ ਪਹਿਲਾਂ ਜਲੰਧਰ ਵਿਚ ਇਸ ਤਰ੍ਹਾਂ ਦੀ ਘਟਨਾ ਦੇਖਣ ਨੂੰ ਮਿਲੀ ਜਦੋਂ ਇਕ ਵਿਅਕਤੀ ਕੋਲ ਪੈਸੇ ਨਾ ਹੋਣ ਕਾਰਨ ਆਪਣੇ ਪਿਤਾ ਦੀ ਮ੍ਰਿਤਕ ਦੇਹ ਨੂੰ ਰੇੜ੍ਹੀ ’ਤੇ ਰੱਖ ਕੇ ਲਿਜਾਣਾ ਪਿਆ।
ਉਨ੍ਹਾਂ ਵਲੋਂ ਘਟਨਾ ਤੇ ਗੰਭੀਰ ਨੋਟਿਸ ਲੈਂਦਿਆਂ ਹਸਪਤਾਲ ਦੇ ਪ੍ਰਸ਼ਾਸਨ ਅਤੇ ਸੀਨੀਅਰ ਅਧਿਕਾਰੀਆਂ ਤੋਂ ਮ੍ਰਿਤਕ ਦੇਹ ਲਈ ਵਾਹਨ ਉਪਲਬਧ ਨਾ ਕਰਵਾਉਣ ਦਾ ਕਾਰਣ ਪੁੱਛਿਆ ਗਿਆ ਤਾਂ ਪ੍ਰਬੰਧਕਾਂ ਵਲੋਂ ਦੱਸਿਆ ਗਿਆ ਕਿ ਹਸਪਤਾਲ ਪ੍ਰਸ਼ਾਸਨ ਕੋਲ ਇਸ ਤਰ੍ਹਾਂ ਦੀ ਨਾ ਕੋਈ ਕਾਨੂੰਨੀ ਤਜਵੀਜ਼ ਹੈ ਅਤੇ ਨਾ ਹੀ ਸਿਹਤ ਵਿਭਾਗ ਨੂੰ ਸਰਕਾਰ ਵਲੋਂ ਮੁਫਤ ਵਾਹਨ ਮੁਹੱਈਆ ਕਰਵਾਉਣ ਲਈ ਹੁਕਮ ਜਾਂ ਬਜਟ ਜਾਰੀ ਹੋਇਆ ਹੈ। ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਸੂਬੇ ਦੇ ਸਾਰੇ ਹਸਪਤਾਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਹੁੱਣ ਮ੍ਰਿਤਕ ਦੇਹ ਨੂੰ ਘਰ ਪਹੁੰਚਾਉਣ ਦੀ ਜਿੰਮੇਵਾਰੀ ਹਸਪਤਾਲ ਪ੍ਰਬੰਧਕਾ ਦੀ ਹੋਵੇਗੀ।ਜੇਕਰ ਕਿਸੇ ਮਾਮਲੇ ਵਿਚ ਹਸਪਤਾਲ ਵਿਚ ਮ੍ਰਿਤਕ ਦੇਹ ਨੂੰ ਘਰ ਲਿਜਾਉਣ ਲਈ ਵਾਹਨ ਉਪਲਬਧ ਨਹੀਂ ਹੈ ਤਾਂ ਹਸਪਤਾਲ ਪ੍ਰਬੰਧਕ ਮ੍ਰਿਤਕ ਦੇ ਪਰਿਵਾਰ ਨੂੰ 500 ਰੁਪਏ ਦੇਣਾ ਲਾਜਮੀ ਕਰਨ। ਜਿਸ ਨਾਲ ਪਰਿਵਾਰ ਆਪਣੇ ਪੱਧਰ ’ਤੇ ਮ੍ਰਿਤਕ ਦੇਹ ਘਰ ਤੱਕ ਲਿਜਾਉਣ ਲਈ ਵਾਹਨ ਦਾ ਪ੍ਰਬੰਧ ਕਰ ਸਕਣ।ਉਨ੍ਹਾਂ ਦੱਸਿਆ ਕਿ ਹਸਪਤਾਲ ਪ੍ਰਬੰਧਕਾਂ ਨੂੰ ਮ੍ਰਿਤਕ ਦੇਹ ਲਈ ਸਫੇਦ ਕਪੜਾ ਉਪਲਬਧ ਕਰਵਾਉਣ ਲਈ ਵੀ ਆਦੇਸ਼ ਦਿੱਤੇ ਗਏ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਕਾਂਗਰਸ ਸਰਕਾਰ ਸੂਬੇ ਦੇ ਲੋੜਵੰਦਾਂ ਦੀ ਜਰੂਰਤਾਂ ਪ੍ਰਤੀ ਪੂਰੀ ਤਰ੍ਹਾਂ ਜਾਣੂ ਹੈ ਅਤੇ ਮੈਨੂੰ ਭਰੋਸਾ ਹੈ ਕਿ ਇਸ ਅਹਿਮ ਫੈਸਲੇ ਨਾਲ ਦੇਸ਼ ਹੋਰ ਸੂਬਿਆਂ ਦੀਆਂ ਸਰਕਾਰਾਂ ਵੀ ਮ੍ਰਿਤਕ ਦੇਹ ਨੂੰ ਘਰ ਤੱਕ ਪਹੁੰਚਾਉਣ ਲਈ ਮੁਫਤ ਵਾਹਨ ਸੇਵਾ ਦਾ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਪਰਿਵਾਰ ਅਤੇ ਸਿਹਤ ਵਿਭਾਗ ਦੀਆਂ ਸੇਵਾਵਾਂ ਸੂਬੇ ਦੇ ਨਾਗਰਿਕਾਂ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਦਿਆਂ ਹਨ।ਉਨ੍ਹਾਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਸਬੰਧੀ ਆਪਣੀ ਵਚਨਬੱਧਤਾ ਦੋਹਰਾਉਂਦੇ ਹੋਏ ਕਿਹਾ ਕਿ ਸਿਹਤ ਵਿਭਾਗ ਵਿਚ ਵੱਡੇ ਪੱਧਰ ’ਤੇ ਸੁਧਾਰ ਕੀਤੇ ਜਾ ਰਹੇ ਹਨ ਜਿਸ ਨਾਲ ਪਿੰਡਾਂ ਤੱਕ ਜਮੀਨੀ ਪੱਧਰ ’ਤੇ ਮਿਆਰੀ ਸਿਹਤ ਸੇਵਾਵਾਂ ਯਕੀਨੀ ਤੌਰ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…