nabaz-e-punjab.com

ਸਰਕਾਰ ਦੀ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਸਨਅਤੀ ਪਲਾਟ ਵੇਚਣ ਦੇ ਦੋਸ਼ ’ਚ ਉਦਯੋਗਪਤੀਆਂ ਵਿਰੁੱਧ ਕੇਸ ਦਰਜ

ਮਾਮਲੇ ਵਿੱਚ ਨਾਮਜ਼ਦ ਉਦਯੋਗਪਤੀ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ, ਛਾਪੇਮਾਰੀ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਨੇ ਨਿਯਮਾਂ ਦੀ ਉਲੰਘਣਾ ਕਰ ਕੇ ਆਪਣੀਆਂ ਸਨਅਤਾਂ ਅਤੇ ਸਨਅਤੀ ਪਲਾਟ ਵੇਚਣ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਹੈ। ਵਿਭਾਗ ਨੇ ਮੁਹਾਲੀ ਦੇ ਫੇਜ਼-1 ਥਾਣੇ ਵਿੱਚ ਉਨ੍ਹਾਂ ਉਦਯੋਗਪਤੀਆਂ ਦੇ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾਇਆ ਗਿਆ ਹੈ, ਜਿਨ੍ਹਾਂ ਨੇ ਇੰਡਸਟਰੀ ਵਿਭਾਗ ਨੂੰ ਅਗਾਊਂ ਸੂਚਨਾ ਦਿੱਤੇ ਬਿਨਾਂ ਹੀ ਆਪਣੇ ਸਨਅਤੀ ਪਲਾਟ ਅੱਗੇ ਵੇਚ ਦਿੱਤੇ ਹਨ। ਇਹ ਕਾਰਵਾਈ ਵਿਭਾਗ ਦੇ ਡੀਜੀਐਮ ਅਨਿਲ ਕੁਮਾਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਅਧਿਕਾਰੀ ਦੀ ਸ਼ਿਕਾਇਤ ’ਤੇ ਫੇਜ਼-1 ਥਾਣੇ ਵਿੱਚ ਜਗਦੀਪ ਸਿੰਘ ਵਾਸੀ ਮੁਹਾਲੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਅਧਿਕਾਰੀ ਦੀ ਸ਼ਿਕਾਇਤ ਮੁਤਾਬਕ ਉਕਤ ਵਿਅਕਤੀ ਨੂੰ 18 ਸਾਲ ਪਹਿਲਾਂ 2000 ਵਿੱਚ 2500 ਵਰਗ ਗਜ ਦਾ ਸਨਅਤੀ ਪਲਾਟ ਅਲਾਟ ਕੀਤਾ ਗਿਆ ਸੀ। ਪਲਾਟ ਦੀ ਕੁੱਲ ਕੀਮਤ 18 ਲੱਖ ਤੋਂ ਵੱਧ ਸੀ। ਲੇਕਿਨ ਹੁਣ ਤੱਕ ਮੁਲਜ਼ਮ ਸਨਅਤਕਾਰ ਨੇ ਵਿਭਾਗ ਨੂੰ ਇਕ ਧੇਲਾ ਵੀ ਜਮ੍ਹਾ ਨਹੀਂ ਕਰਵਾਇਆ ਗਿਆ। ਇਸ ਤਰ੍ਹਾਂ ਸਨਅਤਕਾਰ ਨੇ ਵਿਭਾਗ ਨਾਲ ਧੋਖਾਧੜੀ ਕੀਤੀ ਗਈ ਹੈ। ਇਸੇ ਤਰ੍ਹਾਂ ਸ਼ਿਵਮ ਗਰੋਵਾਲ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਵੀ ਉਕਤ ਅਧਿਕਾਰੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸ਼ਿਵਮ ਗਰੋਵਰ ਨੂੰ 10 ਸਾਲ ਪਹਿਲਾਂ 2008 ਵਿੱਚ 500 ਵਰਗ ਗਜ ਦਾ ਪਲਾਟ ਅਲਾਟ ਕੀਤਾ ਗਿਆ ਸੀ। ਇਸ ਪਲਾਟ ਦੀ ਕੁੱਲ ਕੀਮਤ 39.65 ਲੱਖ ਸੀ। ਗਰੋਵਰ ਵੱਲੋਂ ਉਕਤ ਪਲਾਟ ਵਿੱਚ ਸ਼ਾਪਿੰਗ ਮਾਲ ਖੋਲ੍ਹਣ ਲਈ ਪ੍ਰਵਾਨਗੀ ਮੰਗੀ ਗਈ ਸੀ ਪ੍ਰੰਤੂ ਵਿਭਾਗ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ।
ਤੀਜਾ ਕੇਸ ਵੀ ਉਕਤ ਥਾਣੇ ਵਿੱਚ ਹੀ ਮਨਪ੍ਰੀਤ ਕੌਰ ਵਿਰੁੱਧ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਰਾਜ ਕੁਮਾਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਅਧਿਕਾਰੀ ਦੀ ਸ਼ਿਕਾਇਤ ਅਨੁਸਾਰ ਉਕਤ ਅੌਰਤ ਨੂੰ ਕਰੀਬ 20 ਸਾਲ ਪਹਿਲਾਂ ਇੱਥੋਂ ਦੇ ਸਨਅਤੀ ਏਰੀਆ ਫੇਜ਼-9 ਵਿੱਚ ਸਨਅਤੀ ਪਲਾਟ ਅਲਾਟ ਕੀਤਾ ਗਿਆ ਸੀ ਪ੍ਰੰਤੂ ਮੁਲਜ਼ਮ ਅੌਰਤ ਨੇ ਆਪਣੇ ਇਸ ਪਲਾਟ ਦੀ ਰਜਿਸਟਰੇਸ਼ਨ ਕਿਸੇ ਹੋਰ ਦੇ ਨਾਂ ਕਰਵਾ ਦਿੱਤੀ। ਅਜਿਹਾ ਕਰਨ ਤੋਂ ਪਹਿਲਾਂ ਉਕਤ ਅੌਰਤ ਨੇ ਵਿਭਾਗ ਨੂੰ ਅਗਾਊਂ ਜਾਣਕਾਰੀ ਦੇਣਾ ਜਾਂ ਪ੍ਰਵਾਨਗੀ ਲੈਣ ਦੀ ਵੀ ਲੋੜ ਨਹੀਂ ਸਮਝੀ। ਜਿਸ ਕਾਰਨ ਸਰਕਾਰੀ ਖਜਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲੱਗਾ ਹੈ। ਉਧਰ, ਪੁਲੀਸ ਦੀ ਜਾਣਕਾਰੀ ਅਨੁਸਾਰ ਫਿਲਹਾਲ ਉਕਤ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…