ਸਰਕਾਰ-ਸਨਅਤਕਾਰ ਮਿਲਣੀ: ਪੰਜਾਬ ਵਿੱਚ ਸਨਅਤ ਲਾਉਣ ਦਾ ਹੁਣ ਢੁਕਵਾਂ ਸਮਾਂ: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਹਾਲੀ ਨੂੰ ਉਦਯੋਗਿਕ ਹੱਬ ਵਜੋਂ ਵਿਕਸਤ ਕਰਨ ਦਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ: ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਬੂ ਹੇਠ

‘ਅਸੀਂ ਸਨਅਤਕਾਰਾਂ ਤੋਂ ਵੋਟਾਂ ਮੰਗਣ ਨਹੀਂ ਸਮੱਸਿਆਵਾਂ ਸੁਣਨ ਆਏ ਹਾਂ’: ਅਰਵਿੰਦ ਕੇਜਰੀਵਲ

ਨਬਜ਼-ਏ-ਪੰਜਾਬ, ਮੁਹਾਲੀ, 15 ਸਤੰਬਰ:
ਪੰਜਾਬ ਵਿੱਚ ਉਦਯੋਗਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਅੱਜ ਇੱਥੇ ਕਰਵਾਈ ਗਈ ‘ਸਰਕਾਰ-ਸਨਅਤਕਾਰ ਮਿਲਣੀ’ ਵਿੱਚ ਪਹੁੰਚੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਸਨਅਤ ਲਗਾਉਣ ਦਾ ਹੁਣ ਢੁਕਵਾਂ ਸਮਾਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਬੂ ਹੇਠ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮੁਹਾਲੀ ਨੂੰ ਉਦਯੋਗਿਕ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਵਿਗਿਆਨਕ ਲੀਹਾਂ ’ਤੇ ਸ਼ਹਿਰ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਵਚਨਬੱਧ ਹੈ ਤਾਂ ਜੋ ਇੱਥੇ ਵੱਧ ਤੋਂ ਵੱਧ ਨਿਵੇਸ਼ ਲਿਆਂਦਾ ਜਾ ਸਕੇ। ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਮੁਹਾਲੀ ਵਿੱਚ ਉਦਯੋਗਿਕ ਧੁਰੇ ਵਜੋਂ ਵਿਕਸਤ ਹੋਣ ਦੀ ਵੱਡੀ ਸੰਭਾਵਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਪੱਖੋਂ ਮੁਹਾਲੀ ਸੂਬੇ ਦੀ ਅਗਵਾਈ ਕਰੇਗਾ ਅਤੇ ਵਿਕਾਸ ਦੇ ਇਸ ਮਾਡਲ ਨੂੰ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਦੁਹਰਾਇਆ ਜਾਵੇਗਾ। ਉਦਯੋਗਪਤੀਆਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਨੇ ਉੱਦਮੀਆਂ ਨੂੰ ਉਦਯੋਗਿਕ ਪਲਾਟਾਂ ’ਤੇ ਉਸਾਰੀ ਲਈ ਇੱਕ ਸਾਲ ਦਾ ਵਾਧੂ ਸਮਾਂ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਇੱਥੋਂ ਇੰਡਸਟਰੀ ਗੁਆਂਢੀ ਸੂਬਿਆਂ ਵਿੱਚ ਸ਼ਿਫ਼ਟ ਹੋ ਗਈ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਸਗੋਂ ਦੂਜੇ ਰਾਜਾਂ ਵਿੱਚ ਤਬਦੀਲ ਹੋਈ ਸਨਅਤਾਂ ਨੂੰ ਵਾਪਸ ਲਿਆਂਦਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਉਦਯੋਗਪਤੀਆਂ ਦੀ ਸਹੂਲਤ ਲਈ ਪਹਿਲਾਂ ਹੀ ਸਿੰਗਲ ਵਿੰਡੋ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਦਿਸ਼ਾ ਵਿੱਚ ਅੱਗੇ ਵਧਦੇ ਹੋਏ ਹੁਣ ਨਵੀਆਂ ਸਨਅਤੀ ਇਕਾਈਆਂ ਲਈ ‘ਡੀਮਾਂਡ ਅਪਰੂਵਲਜ਼’ ਜਾਰੀ ਕਰੇਗੀ।
ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਵੱਡੇ ਪੱਧਰ ’ਤੇ ਉਦਯੋਗੀਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹੁਣ ਤੱਕ 50871 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਕੀਤਾ ਹੈ, ਜਿਸ ਨਾਲ ਨੌਜਵਾਨਾਂ ਲਈ 2.86 ਲੱਖ ਨੌਕਰੀਆਂ ਪੈਦਾ ਹੋਣਗੀਆਂ ਅਤੇ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਆਉਣ ਵਾਲੇ ਦਿਨਾਂ ਵਿੱਚ ਹੋਰ ਨਿਵੇਸ਼ ਹੋਣ ਦੀ ਆਸ ਹੈ। ਸੂਬੇ ਵਿੱਚ ਗਰੀਨ ਸਟੈਂਪ ਪੇਪਰ ਦੀ ਸ਼ੁਰੂਆਤ ਨੂੰ ਅਹਿਮ ਪ੍ਰਾਪਤੀ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸਕਾਰਾਤਮਿਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਿਰਦੇਸ਼ ਦਿੱਤੇ।
ਇਸ ਮੌਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐਚਡੀ ਚੈਂਬਰਜ਼ ਦੀ ਕਿਤਾਬ ਦੀ ਘੁੰਡ ਚੁਕਾਈ ਵੀ ਕੀਤੀ। ਕੇਜਰੀਵਾਲ ਨੇ ਕਿਹਾ ਕਿ ਹੁਣ ਕੋਈ ਚੋਣਾਂ ਦਾ ਸਮਾਂ ਨਹੀਂ ਹੈ। ਅੱਜ ‘‘ਅਸੀਂ ਸਨਅਤਕਾਰਾਂ ਤੋਂ ਵੋਟਾਂ ਮੰਗਣ ਆਏ ਬਲਕਿ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਆਏ ਹਾਂ।’’ ਪੰਜਾਬ ਵਿੱਚ ਵੱਡੀ ਮਾਤਰਾ ਵਿੱਚ ਨਿਵੇਸ਼ਕਾਂ ਨੇ ਸਨਅਤ ਲਾਉਣ ਲਈ ਹਾਮੀ ਕਰਕੇ ਆਪ ਸਰਕਾਰ ਦੀਆਂ ਨੀਤੀਆਂ ’ਤੇ ਪੱਕੀ ਮੋਹਰ ਲਗਾਈ ਹੈ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਇਨਕਲਾਬੀ ਤੇ ਦੂਰਅੰਦੇਸ਼ੀ ਸੋਚ ਵਾਲੇ ਆਗੂ ਦੱਸਿਆ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸੂਬੇ ਦੀ ਉਦਯੋਗ ਅਤੇ ਵਪਾਰ ਨੀਤੀ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਬਾਰੇ ਗੱਲ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਰਾਜ ਭਾ ਦੇ ਮੈਂਬਰ ਰਾਘਵ ਚੱਢਾ, ਵਿਧਾਇਕ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਵਿਕਰਮਜੀਤ ਸਾਹਨੀ, ਅਸ਼ੋਕ ਮਿੱਤਲ, ਆਈਜੀ ਗੁਰਪ੍ਰੀਤ ਸਿੰਘ ਭੁੱਲਰ ਹਾਜ਼ਰ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਉੱਦਮੀਆਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਪੰਜਾਬ ਭਰ ਦੇ ਫੋਕਲ ਪੁਆਇੰਟਾਂ ਲਈ 14 ਨਵੀਆਂ ਪੁਲੀਸ ਪੋਸਟਾਂ ਸਥਾਪਿਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਕੌਮੀ ਮਾਰਗਾਂ ’ਤੇ ਹਾਦਸਿਆਂ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਪਹਿਲਾਂ ਹੀ ਸੜਕ ਸੁਰੱਖਿਆ ਫੋਰਸ ਲਾਂਚ ਕਰ ਰਹੀ ਹੈ। ਉਨ੍ਹਾਂ ਨੇ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਪ੍ਰਗਤੀ ਨੂੰ ਯਕੀਨੀ ਬਣਾਉਣ ਸਬੰਧੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ।

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …