
ਸਰਕਾਰੀ ਆਈਟੀਆਈ ਲੜਕੀਆਂ ਵਿੱਚ ਵਾਲੀਬਾਲ ਮੁਕਾਬਲੇ ਕਰਵਾਏ
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ
ਸਿੱਖਿਆ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਅਤਿਅੰਤ ਜ਼ਰੂਰੀ: ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਸਥਾ ਲੜਕੀਆਂ ਨੂੰ ਮਿਆਰੀ ਟਰੇਨਿੰਗ ਦੇਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਹੈ ਅਤੇ ਸਰੀਰਕ ਤੰਦਰੁਸਤੀ ਲਈ ਵੱਖ-ਵੱਖ ਖੇਡਾਂ ਲਈ ਵੀ ਉਤਸ਼ਾਹਿਤ ਕਰਦੀ ਆ ਰਹੀ ਹੈ ਕਿਉਂਕਿ ਸਿਹਤਮੰਦ ਮਨੁੱਖ ਹੀ ਸਿੱਖਣ ਅਤੇ ਕੁੱਝ ਕਰਨ ਦੀ ਕਾਬਲੀਅਤ ਰੱਖਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਵਿਜੇ ਕੁਮਾਰ ਸ਼ਰਮਾ ਟਿੰਕੂ ਵੱਲੋਂ ਸਥਾਨਕ ਸਰਕਾਰੀ ਆਈਟੀਆਈ (ਲੜਕੀਆਂ) ਫੇਜ਼-5 ਵਿਖੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਵਾਲੀਬਾਲ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਾਮਨਿਤ ਚਿੰਨ ਭੇਟ ਕਰਨ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸ਼੍ਰੀ ਸ਼ਰਮਾ ਨੇ ਸੰਸਥਾ ਦੇ ਇਸ ਉਸਾਰੂ ਉੱਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਕੀਤੇ ਜਾ ਰਹੇ ਤਮਾਮ ਸਮਾਜ ਸੇਵੀ ਕੰਮਾਂ ਦੇ ਨਾਲ-ਨਾਲ ਸਮਾਜ ਨੂੰ ਸੇਧਤ ਕਰਨ ਲਈ ਨਵੇਂ ਸਾਲ ਦੇ ਆਗਾਜ ਮੌਕੇ ਦਿੱਤੇ ਗਏ ਇਸ ਹੋਕੇ ਦੀ ਉਹ ਪ੍ਰਸੰਸਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਬਿਹਤਰੀ ਅਤੇ ਉਥਾਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੀਆਂ ਸਮੱਸਿਆਂਵਾਂ ਬਾਰੇ ਸਬੰਧਤ ਕੰਮ ਦਾ ਤਖਮੀਨਾ ਤਿਆਰ ਕਰਕੇ ਉਨ੍ਹਾਂ ਨੂੰ ਭੇਜ ਦਿੱਤਾ ਜਾਵੇ ਤਾਂ ਜੋ ਸਮੱਸਿਆਂਵਾਂ ਦੇ ਸੁਧਾਰ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾ ਸਕਣ। ਇਸ ਮੌਕੇ ਉਨ੍ਹਾਂ ਵੱਲੋਂ ਜੇਤੂ ਟੀਮ ਅਤੇ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹ ਤਕਸੀਮ ਕੀਤੇ ਗਏ ।
ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਵੱਲੋਂ ਦੱਸਿਆ ਗਿਆ ਕਿ ਸੰਸਥਾ ਵੱਲੋਂ ਕਰਵਾਏ ਗਏ ਵਾਲੀਬਾਲ ਮੁਕਾਬਲੇ ਵਿੱਚ ਗਰੁੱਪ ਏ ਅਤੇ ਗਰੁੱਪ ਬੀ ਵਿਚਕਾਰ ਹੋਏ ਮੁਕਾਬਲੇ ਵਿੱਚ ਤਿੰਨ-ਤਿੰਨ ਮੈਚ ਬਰਾਬਰ ਰਹਿਣ ਉਪਰੰਤ ਫਾਈਨਲ ਮੈਚ ਦੌਰਾਨ ਗਰੁੱਪ-ਬੀ ਦੀ ਟੀਮ ਨੇ ਗਰੁੱਪ-ਏ ਦੀ ਟੀਮ ਨੂੰ 19-21 ਦੇ ਮੁਕਾਬਲੇ ਮਾਤ ਦੇ ਕੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਜ਼ਿੰਦਗੀ ਦਾ ਅਹਿਮ ਅੰਗ ਹਨ ਜਿਸ ਤੋਂ ਬਿਨਾਂ ਮਨੁੱਖੀ ਜਿੰਦਗੀ ਅਧੂਰੀ ਅਤੇ ਰੋਗੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਲੋਹੜੀ ਦੇ ਤਿਉਹਾਰ ਮੌਕੇ ਇੱਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ ਜੋ ਨਵ ਜੰਮੀਆਂ ਧੀਆਂ ਨੂੰ ਸਮਰਪਿਤ ਹੋਵੇਗਾ।