
ਸਰਕਾਰੀ ਆਈਟੀਆਈ (ਲੜਕੀਆਂ) ਮੁਹਾਲੀ ਵੱਲੋਂ ਉਦਯੋਗਿਕ ਇਕਾਈ ਨਾਲ ਸਮਝੌਤਾ
ਸਿੱਖਿਆ ਨੂੰ ਰੋਜਗਾਰ ਯੁਕਤ ਬਣਾਉਣ ਲਈ ਵਿਆਪਕ ਰਣਨੀਤੀ ਤਿਆਰ: ਪੁਰਖਾਲਵੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
‘ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਸਿਖਿਆਰਥੀਆਂ ਨੂੰ ਅਜੋਕੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਅਨੇਕਾਂ ਪ੍ਰੋਗਰਾਮ ਤਿਆਰ ਕੀਤੇ ਗਏ ਹਨ। ਜਿਨ੍ਹਾਂ ਤਹਿਤ ਪੰਜਾਬ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਡਿਊਲ ਸਿਸਟਮ ਆਫ਼ ਟਰ੍ਰਨਿੰਗ (ਡੀਐਸਟੀ) ਸਕੀਮ ਸ਼ੁਰੂ ਕੀਤੀ ਗਈ ਹੈ, ‘‘ਇਹ ਖੁਲਾਸਾ ਸਰਕਾਰੀ ਆਈਟੀਆਈ (ਲੜਕੀਆਂ) ਦੇ ਪਿੰ੍ਰਸੀਪਲ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸ਼ਮਸ਼ੇਰ ਪੁਰਖਾਲਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸਿੱਖਿਆ ਅਧਿਕਾਰੀ ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਕੈਬਨਿਟ ਵਜ਼ੀਰ ਚਰਨਜੀਤ ਸਿੰਘ ਚੰਨੀ ਅਤੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਆਈਏਐਸ ਦੀ ਸੁਚੱਜੀ ਅਤੇ ਸੁਯੋਗ ਅਗਵਾਈ ਵਿੱਚ ਸਰਕਾਰੀ ਆਈਟੀਆਈ ਮੁਹਾਲੀ ਵਿੱਚ ਮੌਜੂਦਾ ਸਮੇਂ ਚੱਲ ਰਹੀਆਂ ਤਮਾਮ ਟਰੇਡਾਂ ਨੂੰ ਡੀਐਸਟੀ ਸਕੀਮ ਵਿੱਚ ਪ੍ਰੀਵਰਤਿਤ ਕਰਕੇ ਇਨ੍ਹਾਂ ਕੋਰਸਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਲਈ ਰੋਜਗਾਰ ਨੂੰ ਯਕੀਨੀ ਬਣਾਇਆ ਜਾ ਸਕੇ।
ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਅੱਜ ਸੀਵਿੰਗ ਟੈਕਨਾਲੋਜੀ (ਕਟਾਈ ਤੇ ਸਿਲਾਈ) ਟਰੇਡ ਦਾ ਮੁਹਾਲੀ ਦੀ ਨਾਮਵਰ ਅਤੇ ਬਹੁਕਰੋੜੀ ਕੰਪਨੀ ਡੈਲਕੋ ਕਲੋਥਿੰਗ ਪ੍ਰਾਈਵੇਟ ਲਿਮਟਿਡ ਨਾਲ ਇੱਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ ਜਿਸ ਤਹਿਤ ਇਸ ਟਰੇਡ ਵਿੱਚ ਦਾਖ਼੍ਵਲਾ ਲੈਣ ਵਾਲੀਆਂ ਲੜਕੀਆਂ ਨੂੰ ਸੰਸਥਾ ਵਿੱਚ ਕਰਵਾਏ ਜਾਣ ਵਾਲੇ ਦੋ ਸਾਲ ਦੇ ਕੋਰਸ ਦੌਰਾਨ ਇੱਕ ਸਾਲ ਪੜ੍ਹਾਈ ਕਰਵਾਈ ਜਾਵੇਗੀ ਅਤੇ ਇੱਕ ਸਾਲ ਲਈ ਸੰਬੰਧਿਤ ਕੰਪਨੀ ਵਿੱਚ ਟੇ੍ਰਨਿੰਗ ਹਿੱਤ ਭੇਜਿਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਜਿੱਥੇ ਕੰਮ ਸਭਿਆਚਾਰ ਦੀ ਜਾਂਚ ਸਿੱਖਣ ਨੂੰ ਮਿਲੇਗੀ ਉੱਥੇ ਉਨ੍ਹਾਂ ਨੂੰ ਨਵੀਨਤਮ ਮਸ਼ੀਨਰੀ ਬਾਰੇ ਵੀ ਗਿਆਨ ਹਾਸਲ ਹੋਵੇਗਾ।
ਇਸ ਮੌਕੇ ਕੰਪਨੀ ਦੇ ਪ੍ਰਬੰਧਕ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਉਦਯੋਗ ਅਤੇ ਨੌਜਵਾਨਾਂ ਲਈ ਵਧੇਰੇ ਲਾਹੇਵੰਦ ਸਾਬਤ ਹੋਵੇਗਾ, ਜਿਹੜਾ ਕਿ ਨੌਜਵਾਨਾਂ ਦਾ ਭਵਿੱਖ ਬਣਾਉਣ ਲਈ ਜ਼ਰੂਰੀ ਵੀ ਸੀ। ਇਸ ਮੌਕੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਆਈਟੀਆਈ ਅਤੇ ਕੰਪਨੀ ਵੱਲੋਂ ਇੱਕ ਲਿਖਤੀ ਸਮਝੌਤਾ ਵੀ ਸਹੀਬੰਦ ਕੀਤਾ ਗਿਆ ਜਿਸ ਉਤੇ ਸ਼੍ਰੀ ਪੁਰਖਾਲਵੀ ਅਤੇ ਸ੍ਰੀ ਪ੍ਰੀਤਇੰਦਰ ਸਿੰਘ ਨੇ ਹਸਤਾਖਰ ਕੀਤੇ।
ਬਾਅਦ ਵਿੱਚ ਸ੍ਰੀ ਪੁਰਖਾਲਵੀ ਐ ਦੱਸਿਆ ਕਿ ਤਾਲਾਬੰਦੀ ਦੌਰਾਨ ਵੀ ਬੱਚੀਆਂ ਨੂੰ ਸਿੱਖਿਅਤ ਕਰਨ ਲਈ ਸੰਸਥਾ ਵੱਲੋਂ ਆਨਲਾਈਨ ਸਟੱਡੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸਿਖਿਆਰਥੀਆਂ ਦੇ ਭਵਿੱਖ ਨੂੰ ਕਿਸੇ ਕਿਸਮ ਦਾ ਖੋਰਾ ਨਾ ਲੱਗ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ ਨਾਲ 100 ਪ੍ਰਤੀਸ਼ਤ ਰੁਜ਼ਗਾਰ ਦੀ ਗਾਰੰਟੀ ਨੂੰ ਯਕੀਨੀ ਬਣਾਉਣ ਲਈ ਸੰਸਥਾ ਵੱਲੋਂ ਬਾਕੀ ਦੀਆਂ ਟਰੇਡਾਂ ਨੂੰ ਵੀ ਜਲਦੀ ਹੀ ਉਕਤ ਸਕੀਮ ਅਧੀਨ ਜੋੜ ਦਿੱਤਾ ਜਾਵੇਗਾ। ਇਸ ਮੌਕੇ ਸੰਸਥਾ ਦੇ ਇੰਸਟਰਕਟਰ ਵਰਿੰਦਰਪਾਲ ਸਿੰਘ, ਸ੍ਰੀਮਤੀ ਉਪਾਸਨਾ ਅੱਤਰੀ, ਰਾਕੇਸ਼ ਕੁਮਾਰ ਡੱਲਾ, ਸ੍ਰੀਮਤੀ ਜਸਵੀਰ ਕੌਰ ਅਤੇ ਸ੍ਰੀਮਤੀ ਰਜਨੀ ਬੰਗਾ ਹਾਜ਼ਰ ਸਨ।