
ਸਰਕਾਰੀ ਆਈਟੀਆਈ ਮੁਹਾਲੀ ਦੀਆਂ 10 ਲੜਕੀਆਂ ਨੂੰ ਨੌਕਰੀ ਲਈ ਚੁਣਿਆ
ਸੁਨਹਿਰੇ ਭਵਿੱਖ ਲਈ ਦਸਤਕਾਰੀ ਸਿੱਖਿਆ ਦਾ ਅਜੋਕੇ ਸਮੇਂ ਵਿੱਚ ਅਹਿਮ ਰੋਲ: ਪੁਰਖਾਲਵੀਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਇੱਥੋਂ ਦੇ ਫੇਜ਼-5 ਸਥਿਤ ਸਰਕਾਰੀ ਆਈਟੀਆਈ (ਲੜਕੀਆਂ) ਦੀਆਂ ਸੀਵਿੰਗ ਟੈਕਨਾਲੋਜੀ ਅਤੇ ਸਰਫ਼ੇਸ ਅੌਰਨਾਮੈਂਟੇਸ਼ਨ ਟੈਕਨੀਕਲ ਟਰੇਡ ਦੀਆਂ 10 ਸਿਖਿਆਰਥਣਾਂ ਨੂੰ ਕੈਂਪਸ ਇੰਟਰਵਿਊ ਦੌਰਾਨ ਨੌਕਰੀ ਲਈ ਚੁਣਿਆ ਗਿਆ ਹੈ। ਕੰਪਨੀ ਵੱਲੋਂ ਇਨ੍ਹਾਂ ਵਿਦਿਆਰਥਣਾਂ ਨੂੰ ਡੇਢ ਲੱਖ ਰੁਪਏ ਸਾਲਾਨਾ ਪੈਕੇਜ ਦਿੱਤਾ ਗਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਆਈਟੀਆਈ ਦੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਵਿਰਸਾ ਕਲੋਥਿੰਗਜ਼ ਕੰਪਨੀ ਵੱਲੋਂ ਸੰਸਥਾ ਦੀਆਂ 10 ਲੜਕੀਆਂ ਨੂੰ ਰੁਜ਼ਗਾਰ ਦੇਣ ਲਈ ਚੁਣਿਆ ਗਿਆ ਹੈ। ਜਿਨ੍ਹਾਂ ਨੂੰ ਅੱਜ ਇਕ ਮਹੀਨੇ ਦੀ ਪੈ੍ਰਕਟੀਕਲ ਟਰੇਨਿੰਗ ਤੋਂ ਬਾਅਦ ਰੈਗੂਲਰ ਰੁਜ਼ਗਾਰ ਲਈ ਨਿਯੁਕਤੀ ਪੱਤਰ ਸੌਂਪੇ ਗਏ ਹਨ।
ਸ੍ਰੀ ਪੁਰਖਾਲਵੀ ਨੇ ਕਿਹਾ ਕਿ ਦਸਤਕਾਰੀ ਸਿੱਖਿਆ ਦਾ ਅਜੋਕੇ ਸਮੇਂ ਦੌਰਾਨ ਅਹਿਮ ਰੋਲ ਹੈ। ਜਿਸ ਸਹਾਰੇ ਦਰਪੇਸ਼ ਤਮਾਮ ਚੁਣੌਤੀਆਂ ਨੂੰ ਆਸਾਨ ਤਰੀਕੇ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਈਟੀਆਈ ਦੀਆਂ ਵੱਖ-ਵੱਖ ਟਰੇਡਾਂ ਨਾਲ ਸਬੰਧਤ ਸਿਖਿਆਰਥਣਾਂ ਨੂੰ ਕੋਰਸ ਉਪਰੰਤ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਸਮੁੱਚੇ ਸਟਾਫ਼ ਵੱਲੋਂ ਭਰਪੂਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਦੇ ਸੁਨਹਿਰੇ ਭਵਿੱਖ ਨਿਰਮਾਣ ਲਈ ਕਿੱਤਾਮੁਖੀ ਸਿੱਖਿਆ ਦੇ ਰਾਹ ਪਾਉਣ ਤਾਂ ਜੋ ਉਹ ਸਵੈ-ਨਿਰਭਰ ਹੋਣ ਦੇ ਨਾਲ-ਨਾਲ ਆਪਣੇ ਪਰਿਵਾਰਾਂ ਦਾ ਸਹਾਰਾ ਬਣ ਸਕਣ।
ਇਸ ਮੌਕੇ ਇੰਸਟਰਕਟਰ ਵਰਿੰਦਰਪਾਲ ਸਿੰਘ ਖਾਲਸਾ, ਰਾਕੇਸ਼ ਕੁਮਾਰ, ਸ੍ਰੀਮਤੀ ਅੰਮ੍ਰਿਤਬੀਰ ਕੌਰ ਹੁੰਦਲ, ਸ੍ਰੀਮਤੀ ਜਸਵੀਰ ਕੌਰ ਸੈਣੀ, ਸ੍ਰੀਮਤੀ ਰਜਨੀ ਬੰਗਾ, ਸਿੱਖਿਆਰਥਣ ਅਮਨਦੀਪ ਕੌਰ, ਅੰਜਲੀ ਕੁਮਾਰੀ, ਜਸਪ੍ਰੀਤ ਕੌਰ, ਸ਼ਿਵਾਨੀ ਅਤੇ ਰਾਜਵਿੰਦਰ ਕੌਰ ਹਾਜ਼ਰ ਸਨ।