nabaz-e-punjab.com

ਸਰਕਾਰੀ ਮਿਡਲ ਸਕੂਲ ਰਾਏਪੁਰ ਕਲਾਂ ’ਚੋਂ ਕੰਪਿਊਟਰ, ਐਲਸੀਡੀ, ਪ੍ਰਿੰਟਰ ਚੋਰੀ

ਸਕੂਲ ਮੁਖੀ ਤੇ ਅਧਿਆਪਕਾਂ ਨੇ ਸਨੇਟਾ ਚੌਂਕੀ ਵਿੱਚ ਦਿੱਤੀ ਸ਼ਿਕਾਇਤ, ਸਕੂਲ ’ਚ ਛੇਵੀਂ ਵਾਰ ਹੋਈ ਚੋਰੀ

ਸੋਹਾਣਾ ਪੁਲੀਸ ਨੇ ਦੋ ਪਿੰਡ ਵਾਸੀਆਂ ਨੂੰ ਹਿਰਾਸਤ ਵਿੱਚ ਲੈ ਕੇ ਕੀਤੀ ਪੁੱਛਗਿੱਛ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਇੱਥੋਂ ਦੇ ਨੇੜਲੇ ਸਰਕਾਰੀ ਮਿਡਲ ਸਕੂਲ ਪਿੰਡ ਰਾਏਪੁਰ ਕਲਾਂ ਵਿੱਚ ਲੱਖਾਂ ਰੁਪਏ ਦਾ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਸਕੂਲ ’ਚੋਂ ਤਿੰਨ ਕੰਪਿਊਟਰ ਸਿਸਟਮ, ਰੰਗਦਾਰ ਵੱਡੀ ਐਲਸੀਡੀ, ਪ੍ਰਿੰਟਰ ਅਤੇ ਕੁਝ ਹੋਰ ਸਮਾਨ ਚੋਰੀ ਕਰਕੇ ਲੈ ਗਏ ਹਨ। ਸਕੂਲ ਮੁਖੀ ਸਪਿੰਦਰ ਕੌਰ ਅਤੇ ਅਧਿਆਪਕ ਗੁਰਪ੍ਰੀਤ ਸਿੰਘ ਸਮੇਤ ਹੋਰ ਸਟਾਫ਼ ਮੈਂਬਰ ਜਦੋਂ ਸਵੇਰੇ ਸਕੂਲ ਪਹੁੰਚੇ ਤਾਂ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਦੇਖ ਕੇ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਇਹ ਛੇਵੀਂ ਵਾਰ ਚੋਰੀ ਦੀ ਘਟਨਾ ਵਾਪਰੀ ਹੈ। ਪਹਿਲਾਂ ਕੀ ਲੱਖਾਂ ਰੁਪਏ ਦਾ ਸਮਾਨ ਚੋਰੀ ਹੋ ਚੁੱਕਾ ਹੈ ਲੇਕਿਨ ਹੁਣ ਤੱਕ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਸਕੂਲ ਮੁਖੀ ਸਪਿੰਦਰ ਕੌਰ ਅਤੇ ਅਧਿਆਪਕ ਗੁਰਪ੍ਰੀਤ ਸਿੰਘ ਨੇ ਸਨੇਟਾ ਪੁਲੀਸ ਚੌਂਕੀ ਵਿੱਚ ਲਿਖਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਲੰਘੀ ਰਾਤ ਅਣਪਛਾਤੇ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਸਕੂਲ ਪਹੁੰਚੇ ਤਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਸੀ ਅਤੇ ਉੱਥੋਂ ਤਿੰਨ ਕੰਪਿਊਟਰ ਸਮੇਤ ਸੀਪੀਯੂ ਅਤੇ ਯੂਪੀਐਸ, ਰੰਗਦਾਰ ਐਲਸੀਡੀ, ਪ੍ਰਿੰਟਰ ਸਮੇਤ ਖੇਡਾਂ ਦਾ ਸਮਾਨ ਚੋਰੀ ਹੋ ਚੁੱਕਾ ਸੀ। ਇਸ ਉਪਰੰਤ ਉਨ੍ਹਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦਾ ਦੌਰਾ ਕੀਤਾ ਤਾਂ ਰਸਤੇ ਵਿੱਚ ਪਈਆਂ ਲੱਕੜਾਂ ’ਚੋਂ ਸਟੈਪਲਾਈਜਰ ਮਿਲਿਆ। ਥੋੜਾ ਅੱਗੇ ਜਾ ਕੇ ਡਿਸਪੈਂਸਰੀ ਦੀ ਜਗ੍ਹਾ ਨੇੜਿਓਂ ਐਲਸੀਡੀ ਦਾ ਗੱਤੇ ਦਾ ਕਵਰ ਮਿਲਿਆ।
ਸਕੂਲ ਮੁਖੀ ਸਪਿੰਦਰ ਕੌਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਕੂਲ ’ਚੋਂ ਲੱਖਾਂ ਰੁਪਏ ਦੀ ਕੀਮਤ ਦਾ ਪ੍ਰਾਜੈਕਟਰ ਚੋਰੀ ਹੋ ਗਿਆ ਸੀ। ਇਸ ਸਬੰਧੀ ਪੁਲੀਸ ਨੇ ਐਫ਼ਆਈਆਰ ਤੱਕ ਦਰਜ ਨਹੀਂ ਕੀਤੀ ਸੀ। ਜਿਸ ਕਾਰਨ ਸਕੂਲ ਨੂੰ ਇੰਸ਼ੋਰੈਂਸ ਦੇ ਪੈਸੇ ਵੀ ਨਹੀਂ ਮਿਲ ਸਕੇ। ਅਧਿਆਪਕਾਂ ਨੇ ਦੱਸਿਆ ਕਿ ਸ਼ਾਮ ਨੂੰ ਸਨੇਟਾ ਪੁਲੀਸ ਚੌਂਕੀ ’ਚੋਂ ਫੋਨ ਆਇਆ ਸੀ ਕਿ ਉਨ੍ਹਾਂ ਨੇ ਦੋ ਬੰਦੇ ਫੜੇ ਹਨ ਅਤੇ ਕੁਝ ਸਮਾਨ ਵੀ ਬਰਾਮਦ ਕੀਤਾ ਹੈ। ਉਹ ਆ ਕੇ ਸ਼ਨਾਖ਼ਤ ਕਰ ਲੈਣ ਪ੍ਰੰਤੂ ਉਦੋਂ ਉਹ ਆਪੋ ਆਪਣੇ ਘਰ ਜਾ ਚੁੱਕੇ ਸੀ। ਸਕੂਲ ਮੁਖੀ ਨੇ ਕਿਹਾ ਕਿ ਸਕੂਲ ਵਿੱਚ ਚੋਰੀ ਦੀ ਵਾਰਦਾਤ ਇਕ ਦੋ ਬੰਦੇ ਦਾ ਕੰਮ ਨਹੀਂ ਹੈ। ਇਸ ਵਾਰਦਾਤ ਨੂੰ ਕਈ ਜਣਿਆਂ ਨੇ ਮਿਲ ਕੇ ਅੰਜਾਮ ਦਿੱਤਾ ਹੋਵੇਗਾ। ਉਧਰ, ਸਨੇਟਾ ਪੁਲੀਸ ਚੌਂਕੀ ਦੇ ਇੰਚਾਰਜ ਪਰਮਜੀਤ ਸਿੰਘ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਫਿਲਹਾਲ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

Load More Related Articles

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…