ਸਰਕਾਰੀ ਮਿਡਲ ਸਕੂਲ ਸਿਆਊ ਦੀ ਬੁੱਧਵਾਰ ਨੂੰ ਕੀਤੀ ਜਾਵੇਗੀ ਤਾਲਾਬੰਦੀ

ਨੈਸ਼ਨਲ ਐਵਾਰਡੀ ਅਧਿਆਪਕ ਜਸਵਿੰਦਰ ਸਿੰਘ ਅੌਲਖ ਦੀ ਬਦਲੀ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਸਤੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਸਿਆਊ ਦੇ ਸਰਪੰਚ ਮੰਗਲ ਸਿੰਘ ਅਤੇ ਸਕੂਲ ਪ੍ਰਬੰਧ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਨੇ ਸਾਂਝੇ ਰੂਪ ਵਿੱਚ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਨੈਸ਼ਨਲ ਐਵਾਰਡੀ ਅਧਿਆਪਕ ਜਸਵਿੰਦਰ ਸਿੰਘ ਅੌਲਖ ਦੀ ਬਦਲੀ ਵਿਭਾਗ ਵੱਲੋਂ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਾਦਰਸ਼ਾਹੀ ਹੁਕਮਾਂ ਤਹਿਤ ਕਰ ਦਿੱਤੀ ਗਈ ਹੈ। ਇਸ ਬਦਲੀ ਨੂੰ ਰੱਦ ਕਰਵਾਉਣ ਲਈ ਇਲਾਕੇ ਦੇ ਸਮੂਹ ਸਰਪੰਚ, ਪੰਚ ਅਤੇ ਨੰਬਰਦਾਰਾਂ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਕੋਲ ਪਹੁੰਚ ਕੇ ਸਕੂਲ ਵਿਦਿਆਰਥੀਆਂ, ਅਧਿਆਪਕਾਂ ਅਤੇ ਇਲਾਕਾ ਨਿਵਾਸੀਆਂ ਦਾ ਰੋਹ ਦਰਜ਼ ਕਰਵਾਇਆ ਸੀ।

ਕੈਬਨਿਟ ਮੰਤਰੀ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੂੰ ਬਦਲੀ ਤੁਰੰਤ ਰੱਦ ਕਰਨ ਲਈ ਕਿਹਾ ਸੀ। ਪ੍ਰੰਤੂ ਕ੍ਰਿਸ਼ਨ ਕੁਮਾਰ ਨੇ ਆਪਣੇ ਹੈਂਕੜਬਾਜ ਅਤੇ ਅੜੀਅਲ ਵਤੀਰੇ ਕਾਰਨ ਬਦਲੀ ਰੱਦ ਨਹੀਂ ਕੀਤੀ। ਸਰਪੰਚ ਨੇ ਕਿਹਾ ਕਿ ਇਲਾਕੇ ਦੀਆਂ ਪੰਚਾਇਤਾਂ ਮਹਿਸੂਸ ਕਰਦੀਆਂ ਹਨ ਕਿ ਹੈਂਕੜਬਾਜ ਕ੍ਰਿਸ਼ਨ ਕੁਮਾਰ ਜੇਕਰ ਮੰਤਰੀਆਂ ਨੂੰ ਟਿੱਚ ਕਰਕੇ ਜਾਣਦਾ ਹੈ ਤਾਂ ਸਰਪੰਚਾਂ ਪੰਚਾਂ ਨਾਲ ਉਸ ਦਾ ਵਤੀਰਾ ਕਿਹੋ ਜਿਹਾ ਹੋ ਸਕਦਾ ਹੈ, ਸਹਿਜੇ ਹੀ ਅਨੁਮਾਨ ਲੱਗ ਜਾਂਦਾ ਹੈ। ਅੱਜ ਫਿਰ ਸਰਕਾਰੀ ਮਿਡਲ ਸਕੂਲ ਸਿਆਊ ਵਿੱਚ ਇਲਾਕੇ ਦੇ ਸਰਪੰਚ, ਪੰਚ ਅਤੇ ਸਕੂਲ ਪ੍ਰਬੰਧ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਭਰਵੀਂ ਇਕੱਤਰਤਾ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਜੇਕਰ ਅੱਜ ਸ਼ਾਮ ਤੱਕ ਸਤਿਕਾਰਤ ਅਧਿਆਪਕ ਜਸਵਿੰਦਰ ਸਿੰਘ ਅੌਲਖ ਦੀ ਬਦਲੀ ਰੱਦ ਕਰਨ ਦੇ ਹੁਕਮ ਜਾਰੀ ਨਾ ਕੀਤੇ ਗਏ ਤਾਂ ਭਲਕੇ ਬੁੱਧਵਾਰ ਨੂੰ ਸਵੇਰੇ ਹੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੀ ਤਾਲਾਬੰਦੀ ਕਰ ਦਿੱਤੀ ਜਾਵੇਗੀ। ਅਜਿਹੀ ਸਥਿਤੀ ਲਈ ਸਕੱਤਰ ਕ੍ਰਿਸ਼ਨ ਕੁਮਾਰ ਜ਼ਿੰਮੇਵਾਰ ਹੋਣਗੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…