Share on Facebook Share on Twitter Share on Google+ Share on Pinterest Share on Linkedin ਸਰਕਾਰੀ ਅਣਦੇਖੀ: ਸੈਂਕੜੇ ਦੰਗਾ ਪੀੜਤ ਪਰਿਵਾਰ ਇਨਸਾਫ਼ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਪੀੜਤ ਪਰਿਵਾਰਾਂ ਨੇ ਗਮਾਡਾ ਨੂੰ ਦਿੱਤਾ ਮਹੀਨੇ ਦਾ ਅਲਟੀਮੇਟਮ, ਮੰਗਾਂ ਨਾ ਮੰਨਣ ’ਤੇ ਸੰਘਰਸ਼ ਵਿੱਢਣ ਦਾ ਐਲਾਨ ਨਬਜ਼-ਏ-ਪੰਜਾਬ, ਮੁਹਾਲੀ, 17 ਸਤੰਬਰ: ਪਿਛਲੇ ਚਾਰ ਦਹਾਕਿਆਂ ਤੋਂ ਉਜਾੜੇ ਦਾ ਸੰਤਾਪ ਭੋਗ ਰਹੇ 84 ਦੰਗਾ ਪੀੜਤਾਂ ਦੇ ਸੈਂਕੜੇ ਪਰਿਵਾਰ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੇ ਹਨ। ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਦੇ ਮੁੜ ਵਸੇਬੇ ਨੂੰ ਅਣਗੌਲਿਆ ਕਰਨ ਦੇ ਬਾਵਜੂਦ ਦੰਗਾ ਪੀੜਤ ਪਰਿਵਾਰਾਂ ਨੇ ਆਪਣੇ ਪੱਲਿਓਂ ਪੈਸੇ ਖ਼ਰਚ ਕਰਕੇ ਚੱਪੜਚਿੜੀ ਜੰਗੀ ਯਾਦਗਾਰ ਨੇੜੇ ਮਦਨਪੁਰ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ (ਮਕਾਨ ਬਣਾਉਣ) ਲਈ 22 ਏਕੜ ਜ਼ਮੀਨ ਖਰੀਦੀ ਸੀ ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਵੀ ਦੰਗਾ ਪੀੜਤ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਸੁਸਾਇਟੀ ਦੇ ਬੁਲਾਰੇ ਜਸਪਾਲ ਸਿੰਘ ਭਾਟੀਆ ਅਤੇ ਮੈਂਬਰ ਆਰਪੀ ਸਿੰਘ ਵਿੱਗ ਨੇ ਦੱਸਿਆ ਕਿ ਮਦਨਪੁਰ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ ਦੇ ਕੁੱਲ 1083 ਮੈਂਬਰ ਹਨ। ਉਨ੍ਹਾਂ ਦੱਸਿਆ ਕਿ 1986 ਤੋਂ 2020 ਤੱਕ ਵੱਖ-ਵੱਖ ਸਰਕਾਰਾਂ ਨੇ ਸੁਸਾਇਟੀ ਮੈਂਬਰਾਂ ਵੱਲੋਂ ਖਰੀਦੀ ਜ਼ਮੀਨ ਨੂੰ ਵਿਕਸਿਤ ਕਰਨ ਲਈ ਤਵੱਜੋ ਨਹੀਂ ਦਿੱਤੀ ਅਤੇ ਨਾ ਹੀ ਸਹਿਕਾਰਤਾ ਵਿਭਾਗ ਨੇ ਸੁਸਾਇਟੀ ਦੇ ਰਿਹਾਇਸ਼ੀ ਪ੍ਰਾਜੈਕਟ ਨੂੰ ਵਿਕਸਤ ਕਰਨ ਜਾਂ ਹੋਰ ਲੋੜੀਂਦੀ ਸਹਾਇਤਾ ਕਰਨ ਦੀ ਲੋੜ ਸਮਝੀ। ਜਦੋਂਕਿ ਸਮੇਂ ਸਮੇਂ ’ਤੇ ਗਮਾਡਾ ਅਤੇ ਸਹਿਕਾਰਤਾ ਵਿਭਾਗ ਉਨ੍ਹਾਂ ਦੇ ਕੰਮ ਵਿੱਚ ਰੁਕਾਵਟਾਂ ਅਤੇ ਬੇਲੋੜੀ ਦਖ਼ਲਅੰਦਾਜ਼ੀ ਕਰਦੇ ਆਏ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸੁਸਾਇਟੀ ਪ੍ਰਬੰਧਕਾਂ ਨੇ ਗਮਾਡਾ ਤੋਂ ਸੀ.ਐਲ.ਯੂ. ਲੈਣ ਲਈ ਜੁਲਾਈ 2022 ਵਿੱਚ ਅਰਜ਼ੀ ਦਿੱਤੀ ਸੀ ਪਰ ਗਮਾਡਾ ਵੱਲੋਂ ਇੱਕ ਤੋਂ ਬਾਅਦ ਇਕ ਇਤਰਾਜ਼ ਲਗਾ ਕੇ ਆਨਾਕਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜ ਸਭਾ ਦੇ ਸੰਸਦ ਵਿਕਰਮਜੀਤ ਸਿੰਘ ਸਾਹਨੀ ਨੇ 24 ਨਵੰਬਰ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਦਨਪੁਰ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ ਦੀ 22 ਏਕੜ ਜ਼ਮੀਨ ਗਰੀਨ ਜ਼ੋਨ ਤੋਂ ਰਿਹਾਇਸ਼ੀ ਜ਼ੋਨ ਵਿੱਚ ਤਬਦੀਲ ਕਰਨ ਲਈ ਚਿੱਠੀ ਲਿਖੀ ਸੀ ਪਰ ਅਜੇ ਤਾਈਂ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ 1083 ਮੈਂਬਰਾਂ ’ਚੋਂ ਕਰੀਬ 483 ਮੈਂਬਰ ਇਨਸਾਫ਼ ਦੀ ਉਡੀਕ ਕਰਦਿਆਂ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਗਮਾਡਾ ਨੂੰ ਮਹੀਨੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੇ ਪਰਿਵਾਰਾਂ ਸਮੇਤ ਗਮਾਡਾ ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਕਲਸੀ, ਮੀਤ ਪ੍ਰਧਾਨ ਸ੍ਰੀਮਤੀ ਵਰਜਿੰਦਰ ਕੌਰ, ਜਨਰਲ ਸਕੱਤਰ ਗੁਰਦੀਪ ਸਿੰਘ, ਕੈਸ਼ੀਅਰ ਆਰਐਸ ਚੰਡੋਕ, ਸ੍ਰੀਮਤੀ ਆਸ਼ਾ ਜੋਸ਼ੀ, ਇਕਬਾਲ ਸਿੰਘ ਓਬਰਾਏ ਅਤੇ ਕਰਨਲ ਜਗਜੀਤ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ