ਸਰਕਾਰੀ ਅਣਦੇਖੀ: ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਦਾ ਪ੍ਰਾਜੈਕਟ ਠੰਢੇ ਬਸਤੇ ’ਚ

ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਮੁਹਾਲੀ ਨੇ ਚੁੱਕਿਆਂ ਸਿਟੀ ਬੱਸ ਸੇਵਾ ਚਾਲੂ ਕਰਨ ਦਾ ਮੁੱਦਾ

ਨਬਜ਼-ਏ-ਪੰਜਾਬ, ਮੁਹਾਲੀ, 16 ਸਤੰਬਰ:
ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਸ਼ੁਰੂ ਕਰਨ ਦਾ ਪ੍ਰਾਜੈਕਟ ਲੰਮੇ ਸਮੇਂ ਤੋਂ ਲਮਕਦਾ ਆ ਰਿਹਾ ਹੈ। ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਕੁਲਵੰਤ ਸਿੰਘ ਦੇ ਮੇਅਰ ਕਾਰਜਕਾਲ ਦੌਰਾਨ ਹਾਊਸ ਵਿੱਚ ਸਰਬਸੰਮਤੀ ਨਾਲ ਸਿਟੀ ਬੱਸ ਸਰਵਿਸ ਚਾਲੂ ਕਰਨ ਦਾ ਮਤਾ ਪਾਸ ਕਰਕੇ ਉਸ ਸਮੇਂ ਦੀ ਸਰਕਾਰ ਨੂੰ ਭੇਜਿਆ ਗਿਆ ਪ੍ਰੰਤੂ ਹੁਣ ਤੱਕ ਇਹ ਪ੍ਰਾਜੈਕਟ ਅੱਧ ਵਿਚਾਲੇ ਰੁਕਿਆ ਪਿਆ ਹੈ। ਇਸ ਪ੍ਰਾਜੈਕਟ ’ਤੇ ਛੇ ਕਰੋੜ ਰੁਪਏ ਖ਼ਰਚੇ ਜਾਣੇ ਸਨ। ਪਹਿਲੇ ਪੜਾਅ ਵਿੱਚ ਤਿੰਨ ਕਰੋੜ ਨਾਲ ਸਿਟੀ ਬੱਸ ਚਾਲੂ ਹੋਣੀ ਸੀ। ਇਸ ਸਬੰਧੀ ਟਰਾਂਸਪੋਰਟ ਵਿਭਾਗ ਨਾਲ ਤਾਲਮੇਲ ਕਰਕੇ ਰੂਟ ਪਲਾਨ ਵੀ ਬਣਾ ਲਿਆ ਗਿਆ ਸੀ ਪ੍ਰੰਤੂ ਬਾਅਦ ਇਸ ਵੱਕਾਰੀ ਪ੍ਰਾਜੈਕਟ ਦਾ ਸਿਹਰਾ ਲੈਣ ਦੀ ਦੌੜ ਵਿੱਚ ਇਹ ਕੰਮ ਰੁਕ ਗਿਆ। ਸਿਟੀ ਬੱਸ ਮੁਹਾਲੀ ਲਈ ਹੀ ਨਹੀਂ ਸੀ ਬਲਕਿ ਇਸ ਦਾ ਦਾਇਰਾ ਖਰੜ ਅਤੇ ਜ਼ੀਰਕਪੁਰ ਤੱਕ ਵਧਾ ਦਿੱਤਾ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਆਸੀ ਦਬਾਅ ਕਾਰਨ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਪ੍ਰਾਜੈਕਟ ’ਤੇ ਚੁੱਪ ਵੱਟ ਲਈ ਗਈ ਅਤੇ ਬਾਅਦ ਵਿੱਚ ਟਰਾਂਸਪੋਰਟ ਵਿਭਾਗ ਪੰਜਾਬ ਵੱਲੋਂ ਇਹ ਕਿਹਾ ਗਿਆ ਕਿ ਮੁਹਾਲੀ ਵਿੱਚ ਸਿਟੀ ਬੱਸ ਸੇਵਾ ਵਿਭਾਗ ਖ਼ੁਦ ਚਲਾਏਗਾ। ਲੇਕਿਨ ਪਹਿਲਾਂ ਅਕਾਲੀ ਦਲ, ਫਿਰ ਕਾਂਗਰਸ ਸਰਕਾਰ ਨੇ ਵੀ ਇਸ ਪ੍ਰਾਜੈਕਟ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਅਤੇ ਹੁਣ ‘ਆਪ’ ਸਰਕਾਰ ਨੇ ਵੀ ਕੋਈ ਉਪਰਾਲਾ ਨਹੀਂ ਕੀਤਾ। ਜਦੋਂਕਿ ਪਿਛਲੀ ਸਰਕਾਰਾਂ ਸਮੇਂ ਸ਼ਹਿਰ ਸਿਟੀ ਬੱਸ ਸਰਵਿਸ ਚਾਲੂ ਹੋਣ ਤੋਂ ਪਹਿਲਾਂ ਹੀ ਥਾਂ-ਥਾਂ ਸੜਕਾਂ ਉੱਤੇ ਕਰੋੜਾ ਰੁਪਏ ਖ਼ਰਚ ਕਰਕੇ ਬੱਸ ਕਿਊ ਸ਼ੈਲਟਰ ਬਣਾ ਦਿੱਤੇ ਗਏ, ਜੋ ਚਿੱਟਾ ਹਾਥੀ ਬਣੇ ਹੋਏ ਹਨ। ਮੁਹਾਲੀ ਨਿਗਮ ਇਨ੍ਹਾਂ ਥਾਵਾਂ ’ਤੇ ਇਸ਼ਤਿਹਾਰਬਾਜ਼ੀ ਕਰਕੇ ਪੈਸੇ ਕਮਾ ਰਿਹਾ ਹੈ।
ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਮੁਹਾਲੀ ਦੇ ਪ੍ਰਧਾਨ ਇੰਜੀਨੀਅਰ ਪੀਐੱਸ ਵਿਰਦੀ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਫੇਜ਼-4 ਦੇ ਪ੍ਰਧਾਨ ਸੁਖਦੀਪ ਸਿੰਘ ਨੇ ਸਿਟੀ ਬੱਸ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਪੁਰਾਣੇ ਅਤੇ ਨਵੇਂ ਬੱਸ ਅੱਡੇ ਸਮੇਤ ਹੋਰਨਾਂ ਥਾਵਾਂ ’ਤੇ ਜਾਣ ਲਈ ਆਟੋ ਵਾਲੇ ਮਨਮਰਜ਼ੀ ਦਾ ਕਿਰਾਇਆ ਵਸੂਲਦੇ ਹਨ।
ਉਧਰ, ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮੇਅਰ ਕਾਰਜਕਾਲ ਦੌਰਾਨ ਹਾਊਸ ਵਿੱਚ ਸਿਟੀ ਬੱਸ ਸਰਵਿਸ ਸ਼ੁਰੂ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ ਲੇਕਿਨ ਬਾਅਦ ਵਿੱਚ ਕਿਸੇ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਪਿਛਲੀ ਕਾਂਗਰਸ ਸਰਕਾਰ ਸਮੇਂ ਵੀ ਬਹੁਤ ਕੋਸ਼ਿਸ਼ ਕੀਤੀ ਸੀ ਲੇਕਿਨ ਇਹ ਵੱਕਾਰੀ ਪ੍ਰਾਜੈਕਟ ਰੁਕ ਗਿਆ। ਵਿਧਾਇਕ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਤਿੰਨ ਕਰੋੜ ਖ਼ਰਚੇ ਜਾਣੇ ਸਨ। ਰੂਟ ਪਲਾਨ ਵੀ ਤਿਆਰ ਕਰ ਲਿਆ ਗਿਆ ਸੀ ਅਤੇ ਸੈਕਸ਼ਨ ਵੀ ਹੋ ਗਿਆ ਸੀ ਪ੍ਰੰਤੂ ਕੁੱਝ ਸਮਾਂ ਪਹਿਲਾਂ ਟਰਾਂਸਪੋਰਟ ਵਿਭਾਗ ਨੇ ਇਹ ਦਲੀਲ ਦਿੱਤੀ ਕਿ ਉਹ ਖ਼ੁਦ ਸਿਟੀ ਬੱਸ ਚਲਾਉਣਗੇ ਪਰ ਟਰਾਂਸਪੋਰਟ ਵਿਭਾਗ ਨੇ ਵੀ ਤਵੱਜੋ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਹੁਣ ਖ਼ੁਦ ਪੈਰਵੀ ਕਰ ਰਹੇ ਹਨ ਅਤੇ ਜਲਦੀ ਹੀ ਮੁਹਾਲੀ ਵਿੱਚ ਸਿਟੀ ਬੱਸ ਸਰਵਾਸ ਚਾਲੂ ਕੀਤੀ ਜਾਵੇਗੀ।
ਦੂਜੇ ਪਾਸੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋੜੀਂਦੇ ਫ਼ੰਡ ਜਾਰੀ ਕਰਨ ਤੋਂ ਬਾਅਦ ਸਿਟੀ ਬੱਸ ਚਾਲੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸੜਕ ਹਾਦਸੇ ਘਟਣਗੇ ਅਤੇ ਸ਼ਹਿਰ ਵਾਸੀਆਂ ਲਈ ਆਵਾਜਾਈ ਸੌਖੀ ਹੋਵੇਗੀ, ਉੱਥੇ ਪ੍ਰਦੂਸ਼ਣ ਅਤੇ ਟਰੈਫ਼ਿਕ ਸਮੱਸਿਆ ਨੂੰ ਵੀ ਠੱਲ੍ਹ ਪਵੇਗੀ। ਕਿਉਂਕਿ ਆਟੋ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…