
ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦਾਊਂ ਦੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਵਰਦੀਆਂ ਵੰਡੀਆਂ
ਸਮਾਜ ਸੇਵੀ ਸੰਸਥਾ ਨੇ ਸਕੂਲ ਨੂੰ ਪਾਣੀ ਦਾ ਕੂਲਰ ਤੇ ਪੱਖੇ ਵੀ ਕੀਤੇ ਦਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਡਿਸਏਬਲਡ ਪਰਸਨਜ਼ ਵੈਲਫੇਅਰ ਆਰਗੇਨਾਈਜੇਸ਼ਨ ਪੰਜਾਬ ਅਤੇ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਅਤੇ ਸਰਦਾਰ ਕਰਤਾਰ ਸਿੰਘ ਸਰਾਭਾ ਕਲੱਬ ਵੱਲੋਂ ਅੱਜ ਇੱਥੋਂ ਦੇ ਨੇੜਲੇ ਇਤਿਹਾਸਕ ਪਿੰਡ ਦਾਊਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ 60 ਤੋਂ ਵੱਧ ਲੋੜਵੰਦ ਬੱਚਿਆਂ ਨੂੰ ਮੁਫ਼ਤ ਵਰਦੀਆਂ ਦਿੱਤੀਆ ਗਈਆਂ। ਜਿਸ ਵਿੱਚ ਬੂਟ, ਬੈਲਟ, ਟਾਈ ਅਤੇ ਗਰਮ ਕੋਟੀਆਂ ਸ਼ਾਮਲ ਹਨ। ਇਸ ਦੇ ਨਾਲ ਹੀ ਹੀ ਸਕੂਲੀ ਬੱਚਿਆਂ ਦੇ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਾਟਰ ਕੂਲਰ, ਛੱਤ ਵਾਲੇ ਪੱਖੇ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਫਲਦਾਰ ਤੇ ਛਾਂਦਾਰ ਪੌਦੇ ਲਗਾਏ ਗਏ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਗੁਰਪ੍ਰੀਤ ਕੌਰ ਧਾਰੀਵਾਲ, ਸਮਾਜ ਸੇਵੀ ਪਰਮਦੀਪ ਸਿੰਘ ਭਬਾਤ (ਸਟੇਟ ਐਵਾਰਡੀ) ਜਸਪ੍ਰੀਤ ਸਿੰਘ ਰੰਧਾਵਾ, ਤੇਜਿੰਦਰ ਸਿੰਘ, ਭੁਪਿੰਦਰ ਝੱਜ, ਕਮਲਜੀਤ ਬੱਗਾ, ਸਕੂਲ ਮੁਖੀ ਕੁਲਬੀਰ ਕੌਰ, ਸਰਪੰਚ ਅਜਮੇਰ ਸਿੰਘ, ਬਲਰਾਜ ਸਿੰਘ ਦਾਊਂ, ਗੁਰਨੇਕ ਸਿੰਘ, ਲਖਵੀਰ ਸਿੰਘ, ਕੇਵਲਪ੍ਰੀਤ ਸਿੰਘ, ਜਸਵੀਰ ਸਿੰਘ, ਸਤਨਾਮ ਸਿੰਘ, ਚੰਚਲ ਕੌਰ, ਕੰਵਲਜੀਤ ਕੌਰ, ਪਰਮਜੀਤ ਕੌਰ, ਅਦਿੱਤੀ ਬਾਂਸਲ, ਮੀਰਾ ਰਾਣੀ ਹਰਵਿੰਦਰ ਕੌਰ ਵੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਪਰਮਦੀਪ ਸਿੰਘ ਭਬਾਤ ਨੇ ਸਕੂਲੀ ਬੱਚਿਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵ ਬਾਰੇ ਦੱਸਿਆ ਕਿ ਕਿਹਾ ਕਿ ਨਸ਼ਿਆਂ ਦੀ ਆਦਤ ਬਹੁਤ ਬੁਰੀ ਹੈ। ਤੰਬਾਕੂ, ਸਿਗਰਟ ਤੇ ਬੀੜੀ ਦੀ ਡੱਬੀ ਉੱਤੇ ਇਹ ਸਾਫ਼ ਲਿਖਿਆ ਹੁੰਦਾ ਹੈ ਕਿ ਇਸ ਦੇ ਪੀਣ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ ਪ੍ਰੰਤੂ ਫਿਰ ਵੀ ਲੋਕ ਇਸ ਦਾ ਇਸਤੇਮਾਲ ਕਰਨ ਤੋਂ ਬਾਜ ਨਹੀਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਦਾ ਸੇਵਨ ਸਿਹਤ ਲਈ ਬਹੁਤ ਖ਼ਤਰਨਾਕ ਹੈ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ। ਅਖੀਰ ਵਿੱਚ ਡੀਈਓ ਸ੍ਰੀਮਤੀ ਧਾਲੀਵਾਲ ਨੇ ਸਮਾਜ ਸੇਵੀ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।