
ਸਰਕਾਰੀ ਪ੍ਰਿੰਟਿੰਗ ਪ੍ਰੈਸ ਮੁਹਾਲੀ ਨੂੰ ਆਧੁਨਿਕ ਰੂਪ ਦਿੱਤਾ ਜਾਵੇਗਾ: ਧਰਮਸੋਤ
ਮੁਹਾਲੀ ਪ੍ਰੈਸ ਦੀ ਵਾਧੂ ਪਈ ਜ਼ਮੀਨ ਵੇਚ ਕੇ ਮਲਟੀ ਸਟੋਰੀ ਇਮਾਰਤ ਤਿਆਰ ਕਰਨ ’ਤੇ ਜ਼ੋਰ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਪੰਜਾਬ ਦੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁਹਾਲੀ ਦੀ ਸਰਕਾਰੀ ਪ੍ਰਿੰਟਿੰਗ ਪ੍ਰੈੱਸ ਨੂੰ ਆਧੁਨਿਕ ਰੂਪ ਦੇਣ ਲਈ ਤਜਵੀਜ਼ ਬਣਾਉਣ ਦੇ ਆਦੇਸ਼ ਦਿੱਤੇ ਹਨ। ਪੰਜਾਬ ਸਿਵਲ ਸਕੱਤਰੇਤ ਵਿਖੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਇਹ ਪ੍ਰਗਟਾਵਾ ਕਰਦਿਆਂ ਸ੍ਰੀ ਧਰਮਸੋਤ ਨੇ ਕਿਹਾ ਕਿ ਸਰਕਾਰੀ ਪ੍ਰੈੱਸ ਮੁਹਾਲੀ ਦੇ ਆਧੁਨਿਕੀਕਰਨ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਪ੍ਰੈਸ ਦੀ ਵਾਧੂ ਪਈ ਜ਼ਮੀਨ ਵੇਚ ਕੇ ਮਲਟੀ ਸਟੋਰੀ ਇਮਾਰਤ ਤਿਆਰ ਕੀਤੀ ਜਾ ਸਕਦੀ ਹੈ, ਜਿਸ ਵਿੱਚ ਆਧੁਨਿਕ ਵੱਡੀਆਂ ਅਤੇ ਡਿਜ਼ੀਟਲ ਮਸ਼ੀਨਾਂ ਵੀ ਖਰੀਦੀਆਂ ਜਾਂ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਵਪਾਰਕ ਢੰਗ ਨਾਲ ਕੰਮ ਕਰਨ ਲਈ ਪ੍ਰਿੰਟਿੰਗ ਤੇ ਸਟੇਸ਼ਨਰੀ ਦਾ ਮੌਜੂਦਾ ਢਾਂਚਾ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਖਰੀਦ ਤੇ ਛਪਾਈ ਨਾਲ ਸਬੰਧਤ ਪੁਰਾਣੇ ਨਿਯਮਾਂ ਨੂੰ ਵੀ ਮੁੜ ਸੋਧਿਆ ਜਾਵੇਗਾ ਜੋ ਅੱਜ ਦੇ ਸਮੇਂ ਸਾਰਥਕ ਨਹੀਂ ਰਹੇ। ਉਨ੍ਹਾਂ ਕਿਹਾ ਕਿ ਇਹ ਤਜਵੀਜ਼ ਵੀ ਬਣਾਈ ਜਾਵੇਗੀ ਕਿ ਸੂਬੇ ਦੇ ਸਮੂਹ ਸਰਕਾਰੀ ਵਿਭਾਗ ਛਪਾਈ ਦਾ ਕੰਮ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਤੋਂ ਹੀ ਕਰਵਾਉਣ।
ਸ੍ਰੀ ਧਰਮਸੋਤ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਪੰਜਾਬ ਦਾ ਪ੍ਰਿੰਟਿੰਗ ਤੇ ਸਟੇਸ਼ਨਰੀ ਸਬੰਧੀ ਕੰਮ, ਹੋਰਨਾਂ ਸੂਬਿਆਂ ਤੋਂ ਕਰਵਾਉਣ ਦੀ ਬਜਾਏ ਸੂਬੇ ’ਚ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਅਤੀ-ਆਧੁਨਿਕ ਇਮਾਰਤ ਅਤੇ ਮਸ਼ੀਨਾਂ ਨਾਲ ਸਮੇਂ ਦਾ ਹਾਣੀ ਬਣਾਉਣਾ ਸਾਡਾ ਮਿਸ਼ਨ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਅਤੇ ਹੋਰ ਛਪਾਈ ਦਾ ਕੰਮ ਵਿਭਾਗ ਰਾਹੀਂ ਹੋਵੇਗਾ ਤਾਂ ਸੂਬਾ ਸਰਕਾਰ ਨੂੰ ਆਰਥਿਕ ਲਾਭ ਵੀ ਹੋਵੇਗਾ। ਇਸ ਮੀਟਿੰਗ ਦੌਰਾਨ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੇ ਪ੍ਰਮੁੱਖ ਸਕੱਤਰ ਵੀਕੇ ਮੀਨਾ, ਕੰਟਰੋਲਰ ਰਾਜੀਵ ਗੁਪਤਾ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।