
ਰੋਡਵੇਜ਼ ਮੁਲਾਜ਼ਮਾਂ ਨੂੰ 5 ਫੀਸਦੀ ਸਾਲਾਨਾ ਇੰਕਰੀਮੈਂਟ ਦੇਣ ਤੋਂ ਮੁੱਕਰੀ ਸਰਕਾਰ: ਸਿੱਧੂ
ਹੜਤਾਲ ਕਾਰਨ ਰੋਡਵੇਜ਼ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕ ਪ੍ਰੇਸ਼ਾਨ
ਮੂੰਗੀ ਤੇ ਮੱਕੀ ਦੀ ਫ਼ਸਲ ਦਾ ਘੱਟੋ-ਘੱਟ ਸਮਰਥਨ ਮੁੱਲ ਦੇਣ ’ਚ ਵੀ ਫੇਲ ਹੋਈ ਸਰਕਾਰ
ਨਬਜ਼-ਏ-ਪੰਜਾਬ, ਮੁਹਾਲੀ, 28 ਜੂਨ:
ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਰੋਡਵੇਜ਼ ਮੁਲਾਜ਼ਮਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰੋਡਵੇਜ਼ ਮੁਲਾਜ਼ਮਾਂ ਦੀ ਤਨਖ਼ਾਹਾਂ ਵਿੱਚ 30 ਫ਼ੀਸਦੀ ਵਾਧੇ ਦਾ ਲਾਭ ਵੀ ਮੁਲਾਜ਼ਮਾਂ ਦੇ ਇੱਕ ਹਿੱਸੇ ਨੂੰ ਹੀ ਦਿੱਤਾ ਗਿਆ ਜਦੋਂਕਿ ਰੋਡਵੇਜ਼ ਮੁਲਾਜ਼ਮਾਂ ਨੂੰ 5 ਫੀਸਦੀ ਸਾਲਾਨਾ ਇੰਕਰੀਮੈਂਟ ਦੇਣ ਦੇ ਕੀਤੇ ਵਾਅਦੇ ਤੋਂ ਸਰਕਾਰ ਮੁੱਕਰ ਰਹੀ ਹੈ।
ਅੱਜ ਇੱਥੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦੇ ਲਗਪਗ 27 ਬੱਸ ਅੱਡਿਆਂ ਦਾ ਕੰਮ ਠੱਪ ਰਹਿਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਸਰਕਾਰ ਨੇ ਇਹ ਮਾਮਲਾ ਤੁਰੰਤ ਹੱਲ ਨਾ ਕੀਤਾ ਤਾਂ ਮੁਲਾਜ਼ਮ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ, ਜਿਸ ਨਾਲ ਹਾਲਤ ਹੋਰ ਵੀ ਬਦਤਰ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਰੋਡਵੇਜ਼ ਕਰਮਚਾਰੀ ਦਿਨ ਰਾਤ ਮਿਹਨਤ ਕਰਕੇ ਸਵਾਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾਉਂਦੇ ਹਨ ਪਰ ਉਨ੍ਹਾਂ ਨੂੰ ਯੋਗ ਤਨਖ਼ਾਹ ਵੀ ਨਹੀਂ ਮਿਲਦੀ।
ਸ੍ਰੀ ਸਿੱਧੂ ਨੇ ਐਮਐਸਪੀ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਫ਼ਸਲ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਯਕੀਨੀ ਨਾ ਬਣਾਉਣ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇੰਜ ਹੀ ਮੱਕੀ ਦੀ ਫ਼ਸਲ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਯਕੀਨੀ ਬਣਾਉਣ ਵਿੱਚ ਵੀ ਸੂਬਾ ਸਰਕਾਰ ਫੇਲ ਸਾਬਤ ਹੋ ਰਹੀ ਹੈ। ਉਨ੍ਹਾਂ ਵੇਰਵੇ ਦਿੰਦਿਆਂ ਕਿਹਾ ਕਿ ਇਸ ਵਾਰ ਸਰਕਾਰ ਨੇ ਮਾਮੂਲੀ ਮਾਤਰਾ ਵਿੱਚ ਮੂੰਗੀ ਦੀ ਫ਼ਸਲ ਖਰੀਦੀ ਹੈ। ਜਦੋਂਕਿ ਪ੍ਰਾਈਵੇਟ ਕੰਪਨੀਆਂ ਵੱਲੋਂ 6800 ਤੋਂ 7000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਫ਼ਸਲ ਖ਼ਰੀਦੀ ਜਾ ਰਹੀ ਹੈ, ਜੋ ਕਿ ਸਮਰਥਨ ਮੁੱਲ ਤੋਂ ਕਾਫ਼ੀ ਘੱਟ ਹੈ।