ਅਸ਼ਟਾਮਾਂ ਦੀ ਘਾਟ ਕਾਰਨ ਲੋਕਾਂ ਦੀ ਆਰਥਿਕ ਲੁੱਟ ਲਈ ਸਰਕਾਰ ਜ਼ਿੰਮੇਵਾਰ: ਬੈਦਵਾਨ

ਪਿਛਲੇ 3 ਮਹੀਨੇ ਤੋਂ 50 ਤੋਂ 1000 ਰੁਪਏ ਤੱਕ ਦੇ ਅਸ਼ਟਾਮਾਂ ਦੀ ਚੱਲੀ ਹੈ ਵੱਡੀ ਘਾਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
ਯੂਥ ਅਕਾਲੀ ਦਲ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਪਰਮਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਜਿੱਥੇ ਕਾਫੀ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਕਾਰੋਬਾਰ ਠੱਪ ਹੋ ਗਏ ਹਨ, ਉੱਥੇ ਪੰਜਾਬ ਸਰਕਾਰ ਗਰੀਬ ਲੋਕਾਂ ਦਾ ਕਚੂਮਰ ਕੱਢਣ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਛੋਟੇ ਅਸ਼ਟਾਮਾਂ ਦੀ ਵੱਡੀ ਘਾਟ ਕਾਰਨ ਮਜਬੂਰੀ ਵਿੱਚ ਲੋਕਾਂ ਨੂੰ ਵੱਧ ਕੀਮਤ ਵਾਲੇ ਅਸ਼ਟਾਮ ਪੈਣੇ ਪੈ ਰਹੇ ਹਨ। ਜਿਸ ਨਾਲ ਲੋਕਾਂ ਦੀ ਆਰਥਿਕ ਲੁੱਟ ਹੋ ਰਹੀ ਹੈ। ਇਸ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਹੈ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਅਕਾਲੀ ਆਗੂ ਨੇ ਕਿਹਾ ਕਿ ਪਿਛਲੇ 3 ਮਹੀਨੇ ਤੋਂ ਲੋੜ ਅਨੁਸਾਰ ਘੱਟ ਕੀਮਤ ਦੇ ਅਸ਼ਟਾਮ ਨਹੀਂ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ 50 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਅਸ਼ਟਾਮਾਂ ’ਤੇ ਬਿਆਨ ਹਲਫ਼ੀਆ, ਬੈਂਕ ਸਮਝੌਤਾ, ਇਕਰਾਰਨਾਮਾ, ਗਹਿਣੇ, ਤਬਾਦਲਾ, ਗੋਦਨਾਮਾ, ਤਤੀਮਾਮਾ ਆਦਿ ਕੰਮਾਂ ਵਿੱਚ ਵਰਤੋਂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਇਕਰਾਰਨਾਮੇ ਲਈ 4 ਹਜ਼ਾਰ ਰੁਪਏ ਦਾ ਅਸ਼ਟਾਮ ਲਗਾਉਣ ਦੀ ਕੀਮਤ ਤੈਅ ਕੀਤੀ ਗਈ ਹੈ ਪਰ ਛੋਟੇ ਅਸ਼ਟਾਮ ਮੌਜੂਦ ਨਾ ਹੋਣ ਕਾਰਨ ਮਜਬੂਰੀ ਵਿੱਚ ਲੋਕਾਂ ਨੂੰ 5 ਹਜ਼ਾਰ ਦਾ ਅਸ਼ਟਾਮ ਲਗਾਉਣਾ ਪੈ ਰਿਹਾ ਹੈ। ਇੰਜ ਹੀ ਕੁਝ ਹੋਰ ਦਸਤਾਵੇਜ਼ ਲਿਖਣ ਲਈ 5 ਹਜ਼ਾਰ ਤੋਂ ਘੱਟ ਅਸ਼ਟਾਮ ਦੀ ਕੀਮਤ ਤੈਅ ਕੀਤੀ ਗਈ ਹੈ ਪ੍ਰੰਤੂ ਮਜਬੂਰੀ ਵਿੱਚ ਲੋਕਾਂ ਨੂੰ 5 ਹਜ਼ਾਰ ਦਾ ਅਸ਼ਟਾਮ ਲਗਾਉਣਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ 20 ਹਜਾਰ ਤੋਂ ਘੱਟ ਲੱਗਣ ਵਾਲੇ ਅਸ਼ਟਾਮ ਪੇਪਰ ਸਬੰਧਤ ਅਸ਼ਟਾਮ ਫਰੋਸ਼ਾਂ ਕੋਲੋਂ ਮਿਲਦੇ ਹਨ ਅਤੇ 20 ਹਜ਼ਾਰ ਤੋਂ ਵੱਧ ਲਈ ਅਸ਼ਟਾਮ ਫਰੋਸ਼ ਇਸ ਨੂੰ ਈ-ਸਟੈਂਪਸ ਰਾਹੀਂ ਆਨਲਾਈਨ ਬਣਾ ਕੇ ਦਿੰਦੇ ਹਨ। ਜੇਕਰ ਕਿਸੇ ਦਾ 12 ਹਜ਼ਾਰ ਰੁਪਏ ਰਜਿਸਟਰੀ ਅਤੇ ਅਸ਼ਟਾਮ ਪੇਪਰ ਲੱਗਦੇ ਹਨ ਤਾਂ ਉਸ ਨੂੰ 5-5 ਹਜ਼ਾਰ ਦੇ ਤਿੰਨ ਅਸ਼ਟਾਮ ਲਗਾਉਣੇ ਪੈ ਰਹੇ ਹਨ। ਜਿਸ ਨਾਲ 3 ਹਜ਼ਾਰ ਦਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਖਜ਼ਾਨਾ ਦਫ਼ਤਰ ਦੇ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਿੱਛੋਂ ਹੀ ਅਸ਼ਟਾਮ ਨਹੀਂ ਆ ਰਹੇ ਹਨ, ਜਦੋਂ ਪਿੱਛੋਂ ਅਸ਼ਟਾਮ ਆਉਣੇ ਸ਼ੁਰੂ ਹੋ ਜਾਣਗੇ ਤਾਂ ਅਸ਼ਟਾਮ ਫਰੋਸ਼ਾਂ ਨੂੰ ਸਪਲਾਈ ਕਰ ਦਿੱਤੇ ਜਾਣਗੇ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ।

Load More Related Articles

Check Also

Good News for Pre-2016 Retirees: AAP Govt Notifies Pension Revision for Teaching Faculty

Good News for Pre-2016 Retirees: AAP Govt Notifies Pension Revision for Teaching Faculty C…