ਮਾਂ-ਬੋਲੀ ਦਾ ਹੇਜ: ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇ ਨਾਲ ਨਾਲ ਪੰਜਾਬੀ ਬਾਲ ਸਾਹਿਤ ਵੀ ਪੜ੍ਹਨਗੇ ਬੱਚੇ

ਪੰਜਾਬੀ ਸਾਹਿਤਕਾਰਾਂ ਨਾਲ ਸਕੂਲਾਂ ਵਿੱਚ ਬਾਲ ਸਾਹਿਤ ਕਿਤਾਬਾਂ ਦੀ ਚੋਣ ਸਬੰਧੀ ਮੀਟਿੰਗ

ਲਾਇਬ੍ਰੇਰੀਆਂ ਵਿੱਚ ਬਾਲ ਸਾਹਿਤ ਕਿਤਾਬਾਂ ਦੀ ਸਹੀ ਚੋਣ ਲਈ ਬਾਲ ਸਾਹਿਤਕਾਰ ਸਰਕਾਰ ਨੂੰ ਸਹਿਯੋਗ ਦੇਣ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਸਿੱਖਿਆ ਮੰਤਰੀ ਓਪੀ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਾਂ-ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ, ਵਿਦਿਆਰਥੀਆਂ ਨੂੰ ਉਸਾਰੂ ਸਾਹਿਤ ਪੜ੍ਹਨ ਲਈ ਉਤਸ਼ਾਹਿਤ ਕਰਨ ਤੇ ਮਿਆਰੀ ਬਾਲ ਸਾਹਿਤ ਮੁਹੱਈਆ ਕਰਵਾਉਣ ਲਈ ਪਹਿਲਕਦਮੀ ਕਰਦਿਆਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਿੱਦਿਆ ਭਵਨ ਵਿੱਚ ਸੂਬੇ ਦੇ ਉੱਘੇ ਬਾਲ ਸਾਹਿਤਕਾਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਡੀਪੀਆਈ (ਸੈਕੰਡਰੀ) ਸੁਖਜੀਤਪਾਲ ਸਿੰਘ ਸਮੇਤ ਡਾ. ਰਮਾ ਰਤਨ, ਜਸਵੀਰ ਭੁੱਲਰ, ਮਨਮੋਹਨ ਸਿੰਘ ਦਾਊਂ, ਦਰਸ਼ਨ ਸਿੰਘ ਆਸ਼ਟ, ਪ੍ਰੋ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਸਤਪਾਲ ਭੀਖੀ, ਤਰਸੇਮ, ਡਾ. ਸੁਨੀਲ ਬਹਿਲ, ਏਐੱਸਪੀਡੀ ਸੁਰੇਖਾ ਠਾਕੁਰ ਅਤੇ ਹੋਰ ਬਾਲ ਸਾਹਿਤਕਾਰ ਵੀ ਮੌਜੂਦ ਸਨ।
ਇਸ ਮੌਕੇ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਵਿਦਿਆਰਥੀਆਂ ਦੇ ਪੜ੍ਹਨ ਲਈ ਮਿਆਰੀ ਬਾਲ ਸਾਹਿਤ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਬਾਲ ਸਾਹਿਤਕਾਰਾਂ ਅਤੇ ਸਿੱਖਿਆ ਅਧਿਕਾਰੀਆਂ ਨਾਲ ਇਹ ਮੀਟਿੰਗ ਕਰਕੇ ਇਸ ਮੁੱਦੇ ’ਤੇ ਚਰਚਾ ਕਰਨ ਦੀ ਪਹਿਲਕਦਮੀ ਕੀਤੀ ਗਈ ਹੈ। ਮੀਟਿੰਗ ਵਿੱਚ ਵੱਖ-ਵੱਖ ਬਾਲ ਸਾਹਿਤਕਾਰਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀਆਂ ਵਿੱਚ ਉਸਾਰੂ ਬਾਲ ਸਾਹਿਤ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਸਵੇਰ ਦੀ ਪ੍ਰਾਰਥਨਾ ਸਭਾ, ਬਾਲ ਸਭਾ ਜਾਂ ਸਕੂਲਾਂ ਦੇ ਸਾਲਾਨਾ ਸਮਾਗਮਾਂ ਵਿੱਚ ਉਨ੍ਹਾਂ ਨੂੰ ਜਾਣ ਦਾ ਮੌਕਾ ਮਿਲਿਆ ਹੈ। ਵਿਦਿਆਰਥੀ ਬਾਲ ਸਾਹਿਤ ਪੜ੍ਹ ਵੀ ਰਹੇ ਹਨ ਅਤੇ ਉਨ੍ਹਾਂ ਵੱਲੋਂ ਬਾਲ ਸਾਹਿਤ ਦੀ ਰਚਨਾ ਵੀ ਕੀਤੀ ਜਾ ਰਹੀ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਹੱਥ ਲਿਖਤ ਬਾਲ ਮੈਗਜ਼ੀਨ ਤੇ ਸੈਕੰਡਰੀ ਸਕੂਲਾਂ ਦੇ ਸਕੂਲ ਮੈਗਜ਼ੀਨ ਇਸ ਦੇ ਗਵਾਹ ਹਨ।
ਉਨ੍ਹਾਂ ਸੁਝਾਅ ਦਿੱਤਾ ਕਿ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਸਮੇਂ ਸਮੇਂ ਸਿਰ ਐਜੂਸੈਟ ਰਾਹੀਂ ਬਾਲ ਸਾਹਿਤਕਾਰਾਂ ਨਾਲ ਮਿਲਾਇਆ ਜਾਵੇ ਤਾਂ ਜੋ ਅਧਿਆਪਕਾਂ ਤੇ ਬੱਚਿਆਂ ਨਾਲ ਬਾਲ ਸਾਹਿਤਕਾਰ ਰੂਬਰੂ ਹੋ ਸਕਣ। ਬਾਲ ਸਾਹਿਤਕਾਰਾਂ ਨੇ ਕਿਹਾ ਕਿ ਵੱਖ-ਵੱਖ ਸਾਹਿਤ ਅਕਾਦਮੀਆਂ ਵੱਲੋਂ ਪੰਜਾਬੀ ਮਾਂ-ਬੋਲੀ ਦੇ ਬਾਲ ਸਾਹਿਤ ਨੂੰ ਪ੍ਰਮੁੱਖ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇਹ ਬਾਲ ਸਾਹਿਤ ਭਾਸ਼ਾ ਵਿਭਾਗ, ਨੈਸ਼ਨਲ ਬੁੱਕ ਟਰੱਸਟ, ਪੰਜਾਬੀ ਯੂਨੀਵਰਸਿਟੀ ਤੇ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਮੇਂ-ਸਮੇਂ ਸਿਰ ਸਸਤੀ ਕੀਮਤ ’ਤੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦਾ ਅਨੁਵਾਦ ਵੀ ਹੋਰ ਭਾਸ਼ਾਵਾਂ ਵਿੱਚ ਕਰਕੇ ਛਾਪਿਆ ਜਾਂਦਾ ਹੈ। ਇਹ ਬਾਲ ਸਾਹਿਤ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਨ ਲਈ ਮੁਹੱਈਆ ਕੀਤਾ ਜਾਣਾ ਚਾਹੀਦਾ ਹੈ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਬਾਲ ਸਾਹਿਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤਜਰਬੇ ਅਨੁਸਾਰ ਉਸਾਰੂ ਬਾਲ ਸਾਹਿਤ ਦੀਆਂ ਵਧੀਆਂ ਪੁਸਤਕਾਂ ਦੀ ਸੂਚੀ ਤਿਆਰ ਕਰਨ ਜਿਨ੍ਹਾਂ ’ਚੋਂ ਸਕੂਲ ਮੁਖੀ ਲਾਇਬ੍ਰੇਰੀਆਂ ਵਿੱਚ ਬਾਲ ਸਾਹਿਤ ਨੂੰ ਉਪਲਬਧ ਕਰਵਾ ਸਕਣ। ਇਸ ਮੌਕੇ ਵੱਖ-ਵੱਖ ਸਾਹਿਤਕਾਰਾਂ ਨੇ ਲਾਇਬ੍ਰੇਰੀਆਂ ਵਿੱਚ ਰੱਖੀਆਂ ਜਾਣ ਵਾਲੀਆਂ ਕਿਤਾਬਾਂ ਸਬੰਧੀ ਸੁਝਾਅ ਵੀ ਦਿੱਤੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…