ਮੁਹਾਲੀ ਵਿੱਚ ਸਰਕਾਰੀ ਸਕੂਲ ਖੁੱਲ੍ਹੇ ਪਰ ਕਈ ਸਕੂਲਾਂ ਵਿੱਚ ਨਹੀਂ ਆਏ ਵਿਦਿਆਰਥੀ

ਮੁਹਾਲੀ ਜ਼ਿਲ੍ਹੇ ਦੇ ਸਕੂਲਾਂ ਵਿੱਚ 15 ਤੋਂ 20 ਫੀਸਦੀ ਬੱਚੇ ਹੀ ਸਕੂਲ ਆਏ: ਡੀਈਓ ਹੁੰਦਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਕਤੂਬਰ:
ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪਿਛਲੇ ਸੱਤ ਮਹੀਨੇ ਤੋਂ ਬੰਦ ਪਏ ਸਰਕਾਰੀ ਸਕੂਲ ਭਾਵੇਂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸੋਮਵਾਰ ਨੂੰ ਖੁੱਲ੍ਹ ਗਏ ਹਨ, ਪ੍ਰੰਤੂ ਜ਼ਿਆਦਾਤਰ ਸਕੂਲਾਂ ਵਿੱਚ ਟਾਵੇਂ-ਟਾਵੇਂ ਵਿਦਿਆਰਥੀ ਹੀ ਪਹੁੰਚੇ ਹਨ। ਉਂਜ ਲੰਮੇ ਸਮੇਂ ਬਾਅਦ ਸਕੂਲ ਖੁੱਲ੍ਹਣ ’ਤੇ ਵਿਦਿਆਰਥੀ ਕਾਫੀ ਖ਼ੁਸ਼ ਵੀ ਹਨ ਲੇਕਿਨ ਕਰੋਨਾ ਦਾ ਡਰ ਮਾਪਿਆਂ ਦੇ ਮਨਾਂ ’ਚੋਂ ਪੂਰੀ ਤਰ੍ਹਾਂ ਗਿਆ ਨਹੀਂ ਹੈ ਅਤੇ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਹਨ। ਮੁਹਾਲੀ ਸ਼ਹਿਰੀ ਅਤੇ ਨੇੜਲੇ ਪਿੰਡਾਂ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇਕ ਵੀ ਵਿਦਿਆਰਥੀ ਨਹੀਂ ਆਇਆ ਜਦੋਂਕਿ ਸਾਰੇ ਅਧਿਆਪਕ ਹਾਜ਼ਰ ਆਏ। ਕਰੋਨਾ ਦੇ ਡਰ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਕਤਰਾ ਰਹੇ ਹਨ। ਹਾਲਾਂਕਿ ਪੇਂਡੂ ਖੇਤਰ ਵਿਚਲੇ ਸਕੂਲਾਂ ਦੇ ਅਧਿਆਪਕਾਂ ਨੇ ਬੱਚਿਆਂ ਦੇ ਮਾਪਿਆਂ ਨਾਲ ਫੋਨ ’ਤੇ ਵੀ ਰਾਬਤਾ ਕਾਇਮ ਕੀਤਾ ਗਿਆ ਪ੍ਰੰਤੂ ਉਨ੍ਹਾਂ ਹਾਮੀ ਨਹੀਂ ਭਰੀ। ਜਦੋਂਕਿ ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀ ਪੜ੍ਹਨ ਲਈ ਆਏ, ਉਨ੍ਹਾਂ ਦਾ ਫੁੱਲਾਂ ਅਤੇ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕਰਕੇ ਹੌਸਲਾ ਵਧਾਇਆ ਗਿਆ।
ਮੁਹਾਲੀ ਨੇੜਲੇ ਸਰਕਾਰੀ ਹਾਈ ਸਕੂਲ ਪਿੰਡ ਕੰਡਾਲਾ ਵਿੱਚ ਇਕ ਵੀ ਵਿਦਿਆਰਥੀ ਹਾਜ਼ਰ ਨਹੀਂ ਆਇਆ। ਉਂਜ ਦੋ ਤਿੰਨ ਬੱਚੇ ਸਕੂਲ ਦੀ ਵਰਦੀ ਲੈਣ ਜ਼ਰੂਰ ਆਏ ਸੀ। ਸਰਕਾਰੀ ਹਾਈ ਸਕੂਲ ਸਨੇਟਾ ਵਿੱਚ ਨੌਵੀਂ ਅਤੇ ਦਸਵੀਂ ਸ਼੍ਰੇਣੀ ਦੇ ਮਹਿਜ਼ 10 ਕੁ ਬੱਚੇ ਸਕੂਲ ਆਏ। ਕਈ ਹੋਰਨਾਂ ਸਕੂਲਾਂ ਦਾ ਵੀ ਅਜਿਹਾ ਹਾਲ ਸੀ ਜਦੋਂਕਿ ਬਾਅਦ ਦੁਪਹਿਰ ਸਿੱਖਿਆ ਸਕੱਤਰ ਅਤੇ ਹੋਰਨਾਂ ਉੱਚ ਅਧਿਕਾਰੀਆਂ ਨੇ ਸਮੂਹ ਸਕੂਲ ਮੁਖੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਅਧਿਆਪਕਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਤਾਜ਼ਾ ਹੁਕਮਾਂ ਤਹਿਤ ਅੱਜ ਸਮੁੱਚੇ ਜ਼ਿਲ੍ਹੇ ਵਿੱਚ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਖੋਲ੍ਹੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਸਕੂਲਾਂ ਦੀ ਚੰਗੀ ਤਰ੍ਹਾਂ ਸਫ਼ਾਈ ਅਤੇ ਸੈਨੇਟਾਈਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਸਕੂਲਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਨਾਲ ਨਾਲ ਪੈਰਾਂ ਨਾਲ ਦੱਬਣ ਵਾਲੇ ਸੈਨੇਟਾਈਜਰ ਦੀ ਵਿਵਸਥਾ ਕੀਤੀ ਗਈ ਹੈ। ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਬਾਰੇ ਪੁੱਛੇ ਜਾਣ ’ਤੇ ਡੀਈਓ ਨੇ ਦੱਸਿਆ ਕਿ ਅੱਜ ਪਹਿਲੇ ਦਿਨ 15 ਤੋਂ 20 ਫੀਸਦੀ ਵਿਦਿਆਰਥੀ ਸਕੂਲਾਂ ਵਿੱਚ ਆਏ ਹਨ। ਜਿਨ੍ਹਾਂ ਦਾ ਹੌਸਲਾ ਵਧਾਉਣ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਆਪਣੇ ਪੱਧਰ ’ਤੇ ਬੱਚਿਆਂ ਦਾ ਫੁੱਲਾਂ ਅਤੇ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ। ਸਕੂਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਬੱਚਿਆਂ ਕੋਲੋਂ ਉਨ੍ਹਾਂ ਦੇ ਮਾਪਿਆਂ ਦੀ ਸਹਿਮਤੀ ਸਬੰਧੀ ਸਵੈ-ਘੋਸ਼ਣਾ ਪੱਤਰ ਵੀ ਲਏ ਗਏ ਹਨ। ਉਂਜ ਇਹ ਵੀ ਮੰਨਿਆਂ ਵੀ ਜ਼ਿਲ੍ਹੇ ਦੇ ਕਈ ਸਕੂਲਾਂ ਵਿੱਚ ਇਕ ਵੀ ਵਿਦਿਆਰਥੀ ਨਹੀਂ ਆਇਆ ਹੈ। ਉਨ੍ਹਾਂ ਦੱਸਿਆ ਕਿ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਪਾਲਣਾ ਅਤੇ ਇਕ ਦੂਜੇ ਤੋਂ ਜ਼ਰੂਰੀ ਫਾਸਲਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…