nabaz-e-punjab.com

ਮੇਅਰ ਕੁਲਵੰਤ ਸਿੰਘ ਯਤਨਾਂ ਸਦਕਾ ਸਰਕਾਰੀ ਸਕੂਲ ਫੇਜ਼-6 ਦਾ ਰੇੜਕਾ ਮੁੱਕਿਆ

ਸਿੱਖਿਆ ਸਕੱਤਰ ਨਾਲ ਮੀਟਿੰਗ ਮਗਰੋਂ 9ਵੀਂ ਤੇ 10ਵੀਂ ਦੇ ਬੱਚਿਆਂ ਨੂੰ ਦੂਜੇ ਸਕੂਲ ਵਿੱਚ ਭੇਜਣ ’ਤੇ ਸਹਿਮਤੀ ਬਣੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਇੱਥੋਂ ਦੇ ਸਰਕਾਰੀ ਹਾਈ ਸਕੂਲ ਫੇਜ਼-6 ਦਾ ਦਰਜਾ ਘਟਾਉਣ ਬਾਰੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਸੋਮਵਾਰ ਨੂੰ ਮੇਅਰ ਕੁਲਵੰਤ ਸਿੰਘ ਦੇ ਯਤਨਾਂ ਸਦਕਾ ਹੱਲ ਹੋ ਗਿਆ ਹੈ। ਅੱਜ ਮੇਅਰ ਕੁਲਵੰਤ ਸਿੰਘ ਅਤੇ ਇਲਾਕੇ ਦੇ ਕੌਂਸਲਰ ਆਰਪੀ ਸ਼ਰਮਾ ਨੇ ਸਿੱਖਿਆ ਭਵਨ ਵਿੱਚ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਮੌਜੂਦਾ ਹਾਲਾਤਾਂ ਬਾਰੇ ਜਾਣੂ ਕਰਵਾਇਆ ਗਿਆ। ਲੰਮਾ ਚਿਰ ਚਲੀ ਇਸ ਮੀਟਿੰਗ ਵਿੱਚ ਫਿਲਹਾਲ ਅਗਲੇ ਹੁਕਮਾਂ ਤੱਕ ਨੌਵੀਂ ਅਤੇ ਦਸਵੀਂ ਜਮਾਤ ਦੇ ਬੱਚਿਆਂ ਨੂੰ ਸਰਕਾਰੀ ਹਾਈ ਸਕੂਲ ਫੇਜ਼-5 ਵਿੱਚ ਭੇਜਣ ਬਾਰੇ ਰਜ਼ਾਮੰਦੀ ਹੋਈ। ਜਦੋਂਕਿ ਇਸ ਤੋਂ ਪਹਿਲਾਂ ਬੱਚੇ ਦੂਜੇ ਸਕੂਲ ਵਿੱਚ ਜਾਣ ਨੂੰ ਤਿਆਰ ਨਹੀਂ ਸਨ। ਇਸ ਸਬੰਧੀ ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ ਨੇ ਪਹਿਲਾਂ ਹੀ ਸਥਿਤੀ ਕਲੀਅਰ ਕਰ ਦਿੱਤੀ ਸੀ ਕਿ ਫੇਜ਼-5 ਵਿੱਚ ਪਹਿਲਾਂ ਹੀ ਕਮਰਿਆਂ ਦੀ ਘਾਟ ਹੈ ਅਤੇ ਮੁੱਖ ਅਧਿਆਪਕ ਨੂੰ ਕੰਪਿਊਟਰ ਲੈਬ ਵਿੱਚ ਇੱਕ ਕੋਨੇ ਵਿੱਚ ਕੁਰਸੀ ਢਾਹ ਕੇ ਬੈਠਣਾ ਪੈ ਰਿਹਾ ਹੈ।
ਇਸ ਮੌਕੇ ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਸਕੂਲ ਵਿੱਚ ਕਾਫੀ ਕੰਮ ਕਰਵਾਇਆ ਗਿਆ ਹੈ ਅਤੇ ਸਕੂਲ ਦੀ ਹਾਲਤ ਹੋਰ ਸਕੂਲਾਂ ਨਾਲੋਂ ਕਾਫ਼ੀ ਬਿਹਤਰ ਹੈ। ਸ੍ਰੀ ਆਰਪੀ ਸ਼ਰਮਾ ਨੇ ਮੰਗ ਕੀਤੀ ਕਿ ਸਕੂਲ ਨੂੰ ਡੀ-ਨੋਟੀਫਾਈ ਨਾ ਕੀਤਾ ਜਾਵੇ। ਕੌਂਸਲਰ ਦੀ ਇਸ ਮੰਗ ’ਤੇ ਸਿੱਖਿਆ ਸਕੱਤਰ ਨੇ ਭਰੋਸਾ ਦਿੱਤਾ ਕਿ ਇਸ ਸਕੂਲ ਨੂੰ ਡੀ-ਨੋਟੀਫਾਈ ਨਹੀਂ ਕੀਤਾ ਜਾਵੇਗਾ ਅਤੇ ਇਹ ਹਾਈ ਸਕੂਲ ਹੀ ਰਹੇਗਾ। ਉਨ੍ਹਾਂ ਮੇਅਰ ਨੂੰ ਵੀ ਕਿਹਾ ਕਿ ਉਹ ਦਾਨੀ ਸੱਜਣਾ ਵਜੋਂ ਅੱਗੇ ਆਉਣ ਤਾਂ ਜੋ ਇਸ ਸਕੂਲ ਨੂੰ ਸਮਾਰਟ ਸਕੂਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਸਕੂਲ ਦੇ 9ਵੀਂ ਤੇ 10ਵੀਂ ਜਮਾਤ ਦੇ ਬੱਚੇ ਸਰਕਾਰੀ ਸਕੂਲ ਫੇਜ਼-5 ਵਿੱਚ ਹੀ ਪੜ੍ਹਨ ਲਈ ਜਾਣਗੇ ਅਤੇ ਜਦੋਂ ਫੇਜ਼-6 ਵਿੱਚ ਬੱਚਿਆਂ ਦੀ ਗਿਣਤੀ ਵੱਧ ਜਾਵੇਗੀ ਤਾਂ ਇੱਥੇ ਵੱਡੀਆਂ ਕਲਾਸਾਂ ਲਈ ਨਵਾਂ ਸਟਾਫ਼ ਭੇਜ ਕੇ ਦੁਬਾਰਾ 9ਵੀਂ ਅਤੇ 10ਵੀਂ ਦੀਆਂ ਜਮਾਤਾਂ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਸਿੱਖਿਆ ਸਕੱਤਰ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਫੇਜ਼-5 ਵਿੱਚ ਪਹੁੰਚਾਉਣ ਲਈ ਸਰਕਾਰੀ ਖਰਚੇ ’ਤੇ ਇੱਕ ਬੱਸ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਬੱਚਿਆਂ ਦੀ ਸੁਰੱਖਿਆ ਦਾ ਜ਼ਿੰਮਾ ਵੀ ਸਰਕਾਰ ਦਾ ਹੀ ਹੋਵੇਗਾ। ਮੇਅਰ ਕੁਲਵੰਤ ਸਿੰਘ ਨੇ ਇਨ੍ਹਾਂ ਸਾਰੀਆਂ ਗੱਲਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ 7 ਅਗਸਤ ਤੋਂ ਨੌਵੀਂ ਅਤੇ ਦਸਵੀਂ ਜਮਾਤ ਦੇ ਬੱਚੇ ਸਰਕਾਰੀ ਬੱਸ ਰਾਹੀਂ ਫੇਜ਼-5 ਦੇ ਸਕੂਲ ਵਿੱਚ ਭੇਜ ਦਿੱਤੇ ਜਾਣਗੇ। ਸ੍ਰੀ ਸ਼ਰਮਾ ਨੇ ਵੀ ਸਿੱਖਿਆ ਸਕੱਤਰ ਦਾ ਧੰਨਵਾਦ ਕੀਤਾ ਹੈ।
ਇਸ ਗੂੰਝਲਦਾਰ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਜ਼ਿਲ੍ਹਾ ਪ੍ਰੈੱਸ ਕਲੱਬ ਦੇ ਸਰਪ੍ਰਸਤ ਅਤੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਵਿਚੋਲਗੀ ਦਾ ਰੋਲ ਨਿਭਾਇਆ ਹੈ। ਸ੍ਰੀ ਨਿਆਮੀਆਂ ਨੇ ਪਹਿਲਕਦਮੀ ਕਰਦਿਆਂ ਮੇਅਰ ਤੇ ਕੌਂਸਲਰ ਦੀ ਸਿੱਖਿਆ ਸਕੱਤਰ ਨਾਲ ਸੁਖਾਵੇ ਮਾਹੌਲ ਵਿੱਚ ਮੀਟਿੰਗ ਕਰਵਾਈ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…