
ਸਰਕਾਰੀ ਸਕੂਲ ਸੋਹਾਣਾ ਦਾ 15 ਰੋਜ਼ਾ ਆਨਲਾਈਨ ਸਮਰ ਕੈਂਪ ਸਮਾਪਤ
ਸਮਰ ਕੈਂਪ ਦੀ ਸਫਲਤਾ ਤੋਂ ਉਤਸ਼ਾਹਿਤ ਸਕੂਲ ਦੀ ਪ੍ਰਿੰਸੀਪਲ ਊਸ਼ਾ ਮਹਾਜਨ ਨੇ ਸੰਤੁਸ਼ਟੀ ਪ੍ਰਗਟਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਇੱਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ ਵੱਲੋਂ ਆਯੋਜਿਤ 15 ਰੋਜ਼ਾ ਆਨਲਾਈਨ ਸਮਰ ਕੈਂਪ ਸਮਾਪਤ ਹੋ ਗਿਆ। ਇਸ ਕੈਂਪ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਸਕੂਲ ਦੀ ਪ੍ਰਿੰਸੀਪਲ ਊਸ਼ਾ ਮਹਾਜਨ ਨੇ ਵਿਦਿਆਰਥੀਆਂ ਦੇ ਜੋਸ਼ੀਲੇ, ਸਾਹਿਤ ਗੁਣਵੱਤਾ ਪੂਰਨ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੈਂਪ ਦੀ ਆਯੋਜਕ ਸਟੇਟ ਐਵਾਰਡੀ ਹਿੰਦੀ ਅਧਿਆਪਕਾ ਸੁਧਾ ਜੈਨ ਨੂੰ ਵੀ ਸ਼ਾਬਾਸ਼ ਦਿੱਤੀ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਵਿਦਿਆਰਥੀ ਪੀਰੀਅਡ ਇਹੋ ਜਿਹਾ ਸਮਾਂ ਹੈ ਜਦੋਂ ਉਹ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਸੁਧਾਰ ਲਿਆ ਸਕਦੇ ਹਨ।
ਸ੍ਰੀਮਤੀ ਸੁਧਾ ਜੈਨ ਦੱਸਿਆ ਕਿ ਵਿਸ਼ੇਸ਼ ਆਨਲਾਈਨ ਸਮਰ ਕੈਂਪ ਦਾ ਪਹਿਲਾ ਦਿਨ ਵਿਸ਼ਵ ਮੈਂਨਸਟ੍ਰਰਲ ਦਿਵਸ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਸੈਸ਼ਨ ਵਿੱਚ ਕੁੜੀਆਂ ਅਤੇ ਉਨ੍ਹਾਂ ਦੀ ਮਾਵਾਂ ਦੀ ਸ਼ਮੂਲੀਅਤ ਕਰਵਾਈ ਗਈ ਤਾਂ ਜੋ ਸਮਾਜ ਵਿੱਚ ਇਸ ਵਿਸ਼ੇ ’ਤੇ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਭਰਮਾਂ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਅੱਜ ਦੀ ਪੀੜ੍ਹੀ ਆਪਣੀ ਸਵੱਛਤਾ ਅਤੇ ਆਪਣੀ ਸਰੀਰਕ ਬਣਤਰ ਬਾਰੇ ਜਾਗਰੂਕ ਹੋ ਸਕੇ। ਇਸ ਤੋਂ ਬਾਅਦ ਆਏ ਦਿਨ ਕੈਂਪ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜਿਨ੍ਹਾਂ ਵਿੱਚ ਬੱਚਿਆਂ ਨਾਲ ਸੁੰਦਰ ਲਿਖਾਈ ਦੇ ਨੁਕਤੇ ਸਾਂਝੇ ਕੀਤੇ ਗਏ। ਪਹਿਲੀ ਭਾਸ਼ਾ (ਪੰਜਾਬੀ), ਦੂਜੀ ਭਾਸ਼ਾ (ਹਿੰਦੀ) ਅਤੇ ਤੀਜੀ ਭਾਸ਼ਾ ਅੰਗਰੇਜ਼ੀ ਸੁਲੇਖ ਰੂਪ ਵਿੱਚ ਟਰੇਨਿੰਗ ਦਿੱਤੀ ਗਈ। ਵਿਦਿਆਰਥਣਾਂ ਦੀ ਆਨਲਾਈਨ ਡਾਂਸ ਪ੍ਰਤੀਯੋਗਤਾ ਵਿੱਚ ਬੱਚਿਆਂ ਨੇ ਖੂਬ ਧਮਾਲ ਮਚਾਈ। ਸਮਰ ਕੈਂਪ ਦੇ ਛੇਵੇਂ ਦਿਨ ਸਿੱਖਿਆ ਕੌਂਸਲਰ ਨੈਨਾ ਜੈਨ ਨੇ ਬੱਚਿਆਂ ਨਾਲ ਆਪਣੇ ਅੰਦਰ ਸਵੈ-ਵਿਸ਼ਵਾਸ ਢੰਗ ਸਾਂਝੇ ਕੀਤੇ।
ਸਮਰ ਕੈਂਪ ਦੇ ਨੌਵੇਂ ਦਿਨ ਨੈਸ਼ਨਲ ਐਵਾਰਡੀ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਨਾਭਾ ਨੇ ਸੁੰਦਰ ਲਿਖਾਈ ਅਤੇ ਚਿੱਤਰਕਾਰੀ ਦੇ ਨੁਕਤੇ ਸਾਂਝੇ ਕੀਤੇ। ਦਸਵੇਂ ਦਿਨ ‘ਵਿਸ਼ਵ ਵਾਤਾਵਰਨ ਦਿਵਸ’ ਮਨਾਉਂਦਿਆਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਆ ਗਿਆ। 11ਵੇਂ ਦਿਨ ਸਟੇਟ ਐਵਾਰਡੀ ਹਰਮੇਸ਼ ਕੌਰ ਯੋਧੇ ਪ੍ਰਸਿੱਧ ਪੰਜਾਬੀ ਲੇਖਿਕਾ-ਗਾਇਕਾ ਨਾਲ ਮੁਲਾਕਾਤ ਕਰਵਾਈ ਗਈ। ਜਿਸ ਵਿੱਚ ਸਭਿਆਚਾਰ ਵਿਰਸੇ ਨੂੰ ਸੰਭਾਲਣ ਦਾ ਹੋਕਾ ਦਿੱਤਾ ਗਿਆ ਅਤੇ ਸਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਬਾਰੇ ਗੱਲਬਾਤ ਕੀਤੀ। ਸਮਰ ਕੈਂਪ ਦੇ 12ਵੇਂ ਦਿਨ ‘ਮਹਿੰਦੀ ਲਗਾਓ-ਸਭਿਆਚਾਰਕ ਗੀਤ ਗਾਇਨ ਮੁਕਾਬਲੇ’ ਨੇ ਰੰਗ ਬੰਨ੍ਹਿਆ, 13ਵੇਂ ਦਿਨ ਸਵਾਗਤ ਜ਼ਿੰਦਗੀ ਦੇ ਨੁਕਤਿਆਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। 14ਵੇਂ ਦਿਨ ਵਿਸ਼ੇਸ਼ ‘ਘਰ ਵਿੱਚ ਸਹਿਯੋਗ ਕਿਵੇਂ ਕਰੀਏ’ ਅਤੇ ‘ਹੱਥਾਂ ਦੀ ਕਰਮਸ਼ੀਲਤਾ’ ਵਿਸ਼ੇ ’ਤੇ ਨਿਵੇਕਲੇ ਢੰਗ ਨਾਲ ਪ੍ਰੇਰਣਾ ਦਿੱਤੀ ਅਤੇ ਵਿਦਿਆਰਥਣਾਂ ਦਾ ‘ਮੇਕਅੱਪ ਕਰੋ ਮੁਕਾਬਲਾ’ ਕਰਵਾਇਆ। ਸਮਰ ਕੈਂਪ ਦੇ ਅਖੀਰਲੇ ਆਨਲਾਈਨ ਅੰਤਾਕਸ਼ਰੀ ਦੀ ਖੇਡ ਖਿਡਾਈ ਗਈ। ਅੰਤ ਵਿੱਚ ਜੇਤੂਆਂ ਦੀ ਘੋਸ਼ਣਾ ਕੀਤੀ ਗਈ। ਜਿਸ ਵਿੱਚ 62 ਵਿਦਿਆਰਥਣਾਂ ਸਮੇਤ 100 ਦੇ ਕਰੀਬ ਉਨ੍ਹਾਂ ਦੀਆਂ ਮਾਵਾਂ ਸਮੇਤ ਛੋਟੀਆਂ-ਵੱਡੀਆਂ ਭੈਣਾਂ ਦੀ ਭਾਗੀਦਾਰੀ ਰਹੀ।