nabaz-e-punjab.com

ਮੁਹਾਲੀ ਹਲਕੇ ਵਿੱਚ ਪੈਂਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ: ਸਿੱਧੂ

ਵਿਧਾਇਕ ਸਿੱਧੂ ਨੇ ਗੀਗੇਮਾਜਰੇ ਅਤੇ ਗੋਬਿੰਦਗੜ੍ਹ ਸਕੂਲ ਦੀਆਂ ਵਿਦਿਆਰਥਣਾਂ ਨੂੰ ਰੱਖੜੀ ਦੇ ਤਿਊਹਾਰ ਮੌਕੇ ਉਪਹਾਰ ਵਜੋਂ ਵੰਡੇ ਸੂਟ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਕੋਈ ਵੀ ਸੂਬਾ ਜਾਂ ਦੇਸ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਉੱਥੇ ਮਿਆਰੀ ਸਿੱਖਿਆ ਦੇਣ ਦਾ ਪ੍ਰਬੰਧ ਨਾ ਹੋਵੇ। ਮਿਆਰੀ ਸਿੱਖਿਆ ਲਈ ਸਕੂਲਾਂ ਵਿਚ ਬੁਨਿਆਦੀ ਢਾਂਚਾ ਹੋਣਾ ਲਾਜਮੀ ਹੈ। ਵਿਧਾਨਸਭਾ ਹਲਕਾ ਐਸ.ਏ.ਐਸ. ਨਗਰ ਦੇ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਵਿਚ ਪੜ੍ਹਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਉਪਲੱਬਧ ਹੋ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਨੇ ਨੇੜਲੇ ਪਿੰਡ ਗੀਗੇਮਾਜਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੱਖੜੀ ਦੇ ਤਿਊਹਾਰ ਤੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਪ੍ਰਿੰਸੀਪਲ ਹਰਿੰਦਰ ਕੌਰ ਨੂੰ ਸਕੂਲ ਦੀ ਇਮਾਰਤ ਲਈ 09 ਲੱਖ ਰੁਪਏ ਦੀ ਗਰਾਂਟ ਦਾ ਮੰਨਜੂਰੀ ਪੱਤਰ ਵੀ ਸੌਂਪਿਆ। ਉਨ੍ਹਾਂ ਦੱਸਿਆ ਕਿ ਇਹ ਰਕਮ ਪੰਚਾਇਤੀ ਰਾਜ ਵਿਭਾਗ ਕੋਲ ਜਮਾ ਹੋ ਚੁੱਕੀ ਹੈ ਅਤੇ ਜਲਦੀ ਹੀ ਨਿਰਮਾਣ ਕਾਰਜ ਸੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਦੀ ਇਮਾਰਤ ’ਚ ਕੀਤੇ ਜਾਣ ਵਾਲੇ ਵਾਧੇ ਦੇ ਕੰਮ ਨੂੰ ਮਿਆਰੀ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਲਈ ਇਕ ਕਮੇਟੀ ਦਾ ਗਠਨ ਵੀ ਕੀਤਾ ਜਾਵੇ ਤਾਂ ਜੋ ਸਰਕਾਰ ਵੱਲੋਂ ਦਿੱਤੀ ਗਈ ਗਰਾਂਟ ਦੀ ਵਰਤੋਂ ਸਹੀ ਤਰੀਕੇ ਨਾਲ ਹੋ ਸਕੇ।
ਸ੍ਰੀ ਸਿੱਧੂ ਨੇ ਰੱਖੜੀ ਦੇ ਤਿਊਹਾਰ ਮੌਕੇ ਸਕੂਲ ’ਚ ਪੜ੍ਹਦੀਆਂ ਨੌਵੀ ਤੋਂ ਲੈ ਕੇ ਬਾਰਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ ਉਪਹਾਰ ਵਜੋਂ 100 ਤੋਂ ਵੱਧ ਸੂਟ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਦੀਆਂ ਵਿਦਿਆਰਥਣਾਂ ਨੂੰ ਵੀ 150 ਦੇ ਕਰੀਬ ਉਪਹਾਰ ਵਜੋਂ ਸੂਟ ਵੰਡੇ। ਉਨ੍ਹਾਂ ਇਸ ਮੌਕੇ ਰੱਖੜੀ ਦੇ ਤਿਊਹਾਰ ਦੀ ਵਧਾਈ ਦਿੰਦਿਆ ਕਿਹਾ ਕਿ ਇਹ ਤਿਊਹਾਰ ਭੈਣਾ ਅਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਹੈ ਅਤੇ ਇਸ ਤਿਊਹਾਰ ਨੂੰ ਬੜੇ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਲੜਕੀਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਤਵੱਜੋ ਦੇਣ ਕਿਉਂਕਿ ਲੜਕੀਆਂ ਅੱਜ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲੋ ਘੱਟ ਨਹੀਂ ਹਨ ਸਗੋ ਬਹੁਤ ਸਾਰੇ ਖੇਤਰਾਂ ਵਿਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ, ਪੀਰਾਂ ਨੇ ਵੀ ਮਾਂ ਦੇ ਰੁਤਬੇ ਨੂੰ ਸਭ ਤੋਂ ਮਹਾਨ ਦੱਸਿਆ ਹੈ। ਇਸ ਲਈ ਧੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਸਭ ਤੋਂ ਪਹਿਲਾ ਫਰਜ਼ ਹੈ। ਜੇਕਰ ਧੀਆਂ ਪੜ੍ਹੀਆਂ ਲਿਖੀਆਂ ਹੋਣਗੀਆਂ ਤਾਂ ਹੀ ਸਮਾਜ ਵਧੇਰੇ ਤਰੱਕੀ ਕਰੇਗਾ।
ਸ੍ਰੀ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪਿੰਡ ਗੀਗੇਮਾਜਰੇ ਦੇ ਸਕੂਲ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਜਲਦੀ ਹੀ ਹੋਰ ਗਰਾਂਟ ਵੀ ਦਿੱਤੀ ਜਾਵੇਗੀ ਅਤੇ ਸਕੂਲ ਦੇ ਖੇਡ ਮੈਦਾਨ ਨੂੰ ਵੀ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਵਾਤਾਵਰਣ ਦੀ ਸਵੱਛਤਾ ਲਈ ਸਕੂਲ ਵਿਖੇ ਪੌਦਾ ਵੀ ਲਗਾਇਆ। ਇਸ ਮੌਕੇ ਸ੍ਰੀ ਸਿੱਧੂ ਨੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਮੁੱਖ ਏਜੰਡਾ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਬਣਾਉਣਾ ਹੈ। ਉਨ੍ਹਾਂ ਲਾਂਡਰਾਂ ਟੀ-ਪੁਆਇੰਟ ਤੇ ਲਗਦੇ ਰੋਜਾਨਾ ਟੈ੍ਰਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਪੱਕਾ ਪ੍ਰਬੰਧ ਕਰਨ ਬਾਰੇ ਵੀ ਦੱਸਿਆ ਕਿ ਟੀ-ਪੁਆਇੰਟ ਤੇ ਓਵਰ ਬ੍ਰਿਜ ਦੀ ਉਸਾਰੀ ਕਰਨ ਦੀ ਤਜਵੀਜ ਹੈ। ਇਸ ਤੋਂ ਇਲਾਵਾ ਰਾਜਪੁਰਾ ਤੋਂ ਮੁਹਾਲੀ ਰੇਲਵੇ ਲਿੰਕ ਬਣਾਉਣ ਲਈ ਵੀ ਯੋਜਨਾ ਤਿਆਰ ਕੀਤੀ ਗਈ ਹੈ ਇਸ ਤੇ ਜਲਦੀ ਹੀ ਕੰਮ ਸ਼ੁਰੂ ਹੋਣ ਦੀ ਆਸ ਹੈ।
ਿਂੲਸ ਮੌਕੇ ਗੀਗੇਮਾਜਰਾ ਸਕੂਲ ਦੇ ਬੱਚਿਆਂ ਵੱਲੋਂ ਸ਼ਾਨਦਾਰ ਸੱਭਿਆਚਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸਕੂਲੀ ਵਿਦਿਆਰਥਣਾ ਵੱਲੋਂ ਸ੍ਰੀ ਸਿੱਧੂ ਨੂੰ ਰੱਖੜੀਆਂ ਵੀ ਬੰਨੀਆਂ। ਸਮਾਗਮ ਵਿੱਚ ਅਮਰਜੀਤ ਸਿੰਘ ਜੀਤੀ ਸਿੱਧੂ, ਗੁਰਚਰਨ ਸਿੰਘ ਭੰਵਰਾ, ਸੱਤਪਾਲ ਸਿੰਘ ਕਛਿਆੜਾ, ਸਰਪੰਚ ਬਹਾਦਰ ਸਿੰਘ, ਸੇਵਾ ਸਿੰਘ, ਜਸਦੇਵ ਸਿੰਘ, ਗੁਰਚਰਨ ਸਿੰਘ ਗੀਗੇਮਾਜਰਾ, ਜਗਰੂਪ ਸਿੰਘ ਕੁਰੜੀ, ਕੁਲਵੰਤ ਸਿੰਘ ਬਰਿਆਲੀ, ਸਾਬਕਾ ਸਰਪੰਚ ਪਿਆਰਾ ਸਿੰਘ, ਰਣਧੀਰ ਸਿੰਘ ਚਾਊਮਾਜਰਾ, ਸ੍ਰੀ ਸ਼ਾਮ ਸੁੰਦਰ, ਸ੍ਰੀ ਹਰਨੇਕ ਸਿੰਘ,ਸ੍ਰੀ ਨਛੱਤਰ ਸਿੰਘ ਸਮੇਤ ਹੋਰ ਪੰਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…