Nabaz-e-punjab.com

ਪੰਜਾਬ ਦੇ ਸਰਕਾਰੀ ਸਕੂਲਾਂ ਦੀ ਰਾਸ਼ਟਰੀ ਸਰਵੇ ਅੰਦਰ ਗਣਿਤ ਵਿਸ਼ੇ ਦੀ ਝੰਡੀ

‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦਾ ਅਸਰ-2018 ਸਰਵੇ ਵਿੱਚ ਦਿਖਿਆ ਅਸਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਸਿੱਖਿਆ ਖੇਤਰ ਵਿੱਚ ਰਾਸ਼ਟਰੀ ਪੱਧਰ ’ਤੇ ਕੀਤੇ 13ਵੇਂ ਐਨੂਅਲ ਸਟੇਟਸ ਆਫ਼ ਐਜੂਕੇਸ਼ਨ ਰਿਪੋਰਟ (ਅਸਰ)-2018 ਦੀ ਸਿੱਖਿਆ ਸਹੂਲਤਾਂ ਅਤੇ ਸਿੱਖਿਆ ਪ੍ਰਗਤੀ ਨੂੰ ਨਸ਼ਰ ਕਰਦੀ ਰਿਪੋਰਟ ਜਾਰੀ ਕੀਤੀ ਗਈ ਹੈ। ਅਸਰ 2018 ਦੇ ਸਰਵੇ ਦੌਰਾਨ ਪੰਜਾਬ ਦੇ ਪਿੰਡਾਂ ਦੇ 3-16 ਸਾਲਾਂ ਤੱਕ ਦੇ ਬੱਚਿਆਂ ਦੀ ਸਕੂਲੀ ਸਥਿਤੀ ਅਤੇ ਬੱਚਿਆਂ ਨੂੰ ਸਕੂਲਾਂ ਵਿੱਚ ਪੜ੍ਹਾਈ ਦੇ ਬੁਨਿਆਦੀ ਸਿਧਾਤਾਂ ਦੀ ਜਾਣਕਾਰੀ ਤੇ ਧਿਆਨ ਕੇਂਦਰਿਤ ਕੀਤਾ ਗਿਆ। ਸਰਵੇ ਦੌਰਾਨ ਅਸਰ ਨੇ ਭਾਰਤ ਦੇ 596 ਜ਼ਿਲ੍ਹਿਆਂ ਦੇ 17 ਹਜ਼ਾਰ ਤੋਂ ਵੱਧ ਪਿੰਡਾਂ ਵਿੱਚ 3.5 ਲੱਖ ਪਰਿਵਾਰਾਂ ਵਿੱਚ ਵਿਜ਼ਟ ਕਰਕੇ 3 ਤੋਂ 16 ਸਾਲ ਤੱਕ ਦੇ 5.4 ਲੱਖ ਬੱਚਿਆਂ ਤੱਕ ਪਹੁੰਚ ਕੀਤੀ ਗਈ। ਇਸ ਦੌਰਾਨ 20 ਜ਼ਿਲ੍ਹਿਆਂ ਦੇ 596 ਪਿੰਡਾਂ ਵਿੱਚ ਸਰਵੇ ਕੀਤਾ। ਇਨ੍ਹਾਂ ਪਿੰਡਾਂ ਵਿੱਚ 11 ਹਜ਼ਾਰ 865 ਘਰਾਂ ਦੇ 12 ਹਜ਼ਾਰ 799 ਬੱਚਿਆਂ ਤੱਕ ਪਹੁੰਚ ਕਰਕੇ ਅਸਰ ਦੇ ਸਰਵੇ ਨੂੰ ਘੋਖਿਆ ਗਿਆ।
ਜ਼ਿਕਰਯੋਗ ਹੈ ਕਿ ਇਸ ਸਰਵੇ ਭਾਰਤ ਦੀ ਗੈਰ ਸਰਕਾਰੀ ਸੰਸਥਾ ਪ੍ਰਥਮ ਦੁਆਰਾ ਕੀਤਾ ਜਾਂਦਾ ਹੈ ਅਤੇ ਪਤਾ ਲਗਾਇਆ ਜਾਂਦਾ ਹੈ ਕਿ ਕੀ ਬੱਚੇ ਸਕੂਲਾਂ ਵਿੱਚ ਜਾ ਰਹੇ ਹਨ ਜਾਂ ਨਹੀਂ? ਕੀ ਬੱਚੇ ਅਸਾਨ ਪਾਠ-ਪੁਸਤਕਾਂ ਪੜ੍ਹ ਸਕਦੇ ਹਨ ਅਤੇ ਗਣਿਤ ਦੇ ਬੁਨਿਆਦੀ ਸਵਾਲ ਹੱਲ ਕਰ ਸਕਦੇ ਹਨ?
ਇਸ ਦੇ ਨਾਲ ਹੀ ਲਾਜ਼ਮੀ ਸਿੱਖਿਆ ਦੇ ਐਕਟ ਦੇ ਮਾਣਕਾਂ ਤੇ ਮਾਪਦੰਡਾਂ ਨੂੰ ਵੀ ਘੋਖਿਆ ਜਾਂਦਾ ਹੈ ਕਿ ਸੂਬੇ ਅੰਦਰ ਇਹ ਮਾਣਕ ਤੇ ਮਾਪਦੰਡ ਪੂਰੇ ਹਨ ਜਾਂ ਨਹੀਂ। ਤਾਜ਼ਾ ਰਿਪੋਰਟ ਅਨੁਸਾਰ ਸੂਬੇ ਦੇ 6 ਤੋਂ 14 ਸਾਲ ਤੱਕ ਦੇ ਬੱਚਿਆਂ ਦੀ ਦਾਖ਼ਲਾ ਦਰ ਬਹੁਤ ਉੱਚੀ ਆਈ ਹੈ। ਇਸ ਨਾਲ ਪੰਜਾਬ ਵਿੱਚ ਸਿੱਖਿਆ ਪ੍ਰਤੀ ਚੇਤੰਨਤਾ ਦੀ ਗੱਲ ਸਾਹਮਣੇ ਆਈ ਹੈ। ਰਿਪੋਰਟ ਵਿੱਚ ਮੁੱਖ ਗੱਲ ਸਾਹਮਣੇ ਆਈ ਹੈ ਕਿ ਜਿੱਥੇ ਪ੍ਰਾਈਵੇਟ ਸਕੂਲਾਂ ਪ੍ਰਤੀ ਰੁਝਾਨ ਘਟਿਆ ਹੈ, ਉੱਥੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਵੱਲ ਵੀ ਧਿਆਨ ਦਿੱਤਾ ਗਿਆ ਹੈ।
ਗਣਿਤ ਵਿਸ਼ੇ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਪੜ੍ਹਦੇ ਤੀਜੀ ਜਮਾਤ ਦੇ ਘਟਾਓ ਕਰਨ ਵਾਲੇ ਬੱਚਿਆਂ ਵਿੱਚ 2016 (36.3 ਫੀਸਦੀ) ਦੇ ਮੁਕਾਬਲੇ 2018 ਵਿੱਚ (40.5 ਫੀਸਦੀ) 4 ਫੀਸਦੀ ਦਾ ਵਾਧਾ ਹੋਇਆ ਹੈ। ਪੰਜਾਬ ਵਿੱਚ ਪੰਜਵੀਂ ਜਮਾਤ ਦੇ ਉਹ ਬੱਚੇ ਜੋ ਭਾਗ ਦੇ ਸਵਾਲ ਹੱਲ ਕਰ ਸਕਦੇ ਹਨ ਦਾ 2014 ਦੇ ਮੁਕਾਬਲੇ 2018 ਵਿੱਚ 13 ਫੀਸਦੀ ਦਾ ਵਾਧਾ ਹੋਇਆ ਹੈ। 2014 ਵਿੱਚ ਇਹ ਅੰਕੜਾ 37.1 ਫੀਸਦੀ ਰਿਹਾ ਸੀ ਜੋ ਕਿ 2018 ਵਿੱਚ 50.1 ਫੀਸਦੀ ਹੋਇਆ ਹੈ। ਜਮਾਤ ਅੱਠਵੀਂ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਵਿੱਚ ਭਾਗ ਕਰਨ ਦੀ ਕਸਵੱਟੀ ’ਤੇ ਸੁਧਾਰ ਦੇਖਣ ਨੂੰ ਮਿਲਿਆ ਹੈ ਜਦਕਿ ਨਿੱਜੀ ਸਕੂਲਾਂ ਦੀ ਪ੍ਰਗਤੀ ਵਿੱਚ ਕਮੀ ਆਈ ਹੈ। ਸਰਕਾਰੀ ਸਕੂਲਾਂ ਦਾ ਅੰਕੜਾ 48 ਫੀਸਦੀ ਤੋਂ 58.4 ਫੀਸਦੀ ਹੋਇਆ ਹੈ। ਨਿਜੀ ਸਕੂਲਾਂ ਦਾ ਇਹ ਅੰਕੜਾ 72 ਫੀਸਦੀ ਤੋਂ ਘਟ ਕੇ 68.6 ਫੀਸਦੀ ਰਹਿ ਗਿਆ ਹੈ।
ਗਣਿਤ ਵਿਸ਼ੇ ਲਈ ਤਿਆਰ ਕੀਤੇ ਗਏ ਜਾਂਚ ਪੱਤਰ ਵਿੱਚ ਅੰਕ ਪਛਾਣ, ਸੰਖਿਆ ਪਹਿਚਾਣ ਘਟਾਓ ਤੇ ਭਾਗ ਦੇ ਸਵਾਲ ਦਿੱਤੇ ਗਏ ਸਨ ਜਿਸ ‘ਚ ਚੌਥੀ ਤੋਂ ਅੱਠਵੀਂ ਤੱਕ 2016 ਦੇ ਮੁਕਾਬਲੇ 2018 ਵਿੱਚ ਪ੍ਰਗਤੀ ਦੇਖਣ ਨੂੰ ਮਿਲੀ ਹੈ। ਚੌਥੀ ਜਮਾਤ ਦੇ ਬੱਚੇ ਜੋ ਘਟਾਓ ਕਰ ਸਕਦੇ ਹਨ 2016 ਵਿੱਚ 27 ਫੀਸਦੀ ਸਨ ਤੇ 2018 ਵਿੱਚ 32.7 ਫੀਸਦੀ ਹੋਏ ਹਨ। ਪੰਜਵੀਂ ਦੇ 42.4 ਤੋਂ 50.1 ਫੀਸਦੀ ਹੋਏ ਹਨ। ਛੇਵੀਂ ਵਿੱਚ 37.1 ਤੋਂ ਵਧ ਕੇ 55 ਫੀਸਦੀ ਹੋ ਗਏ ਹਨ ਜੋ ਕਿ ਪਿਛਲੇ ਦੋ ਸਾਲਾਂ ਵਿੱਚ 17.9 ਫੀਸਦੀ ਵਧੇ ਹਨ। ਸੱਤਵੀਂ ਵਿੱਚ 39 ਫੀਸਦੀ ਤੋਂ 51.6 ਫੀਸਦੀ ਹੋਏ ਹਨ ਅਤੇ ਅੱਠਵੀਂ ਵਿੱਚ ਇਹ ਦਰ 48 ਤੋਂ 58.4 ਫੀਸਦੀ ਹੈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…