ਦਾਅਵੇ ਤੇ ਹਕੀਕਤ: ਸਰਕਾਰ ਨੇ ਗਰੀਬ ਲੋਕਾਂ ਨੂੰ ਭੇਜੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ

ਵਿਧਵਾ ਅੌਰਤਾਂ ਤੇ ਦਿਹਾੜੀਦਾਰਾਂ ਦੀਆਂ ਚਿੰਤਾਵਾਂ ਵਧੀਆਂ, ਪਿੰਡ ਵਾਸੀਆਂ ਨੇ ਰੋਸ ਪ੍ਰਗਟਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਦਸੰਬਰ:
ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਦੇ ਲੋਕਾਂ ਦੇ ਘਰੇਲੂ ਬਿਜਲੀ ਬਿੱਲ ਮੁਆਫ਼ ਕਰਨ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਪਾਵਰਕੌਮ ਨੇ ਹਾਲ ਹੀ ਵਿੱਚ ਮੁਹਾਲੀ ਨੇੜਲੇ ਪਿੰਡ ਝਿਊਰਹੇੜੀ ਦੇ ਗਰੀਬ ਵਰਗ ਨਾਲ ਸਬੰਧਤ ਲੋਕਾਂ ਨੂੰ ਕਈ ਕਈ ਹਜ਼ਾਰ ਰੁਪਏ ਦੇ ਬਿਜਲੀ ਬਿੱਲ ਭੇਜੇ ਉਨ੍ਹਾਂ ਦੀ ਨੀਂਦ ਉੱਡਾ ਦਿੱਤੀ ਹੈ। ਪਿੰਡ ਵਾਸੀ ਰਣਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਇਕ ਕਿੱਲੋਵਾਟ ਦਾ ਮੀਟਰ ਲੱਗਾ ਹੋਇਆ ਹੈ ਅਤੇ ਬੀਤੇ ਦਿਨੀਂ ਉਨ੍ਹਾਂ ਨੂੰ 15 ਹਜ਼ਾਰ 960 ਰੁਪਏ ਦਾ ਬਿੱਲ ਭੇਜ ਦਿੱਤਾ। ਇਸ ਵਿੱਚ ਕੁੱਝ ਪਿਛਲਾ ਬਕਾਇਆ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਗਰੀਬਾਂ ਦੇ ਬਿਜਲੀ ਬਿੱਲ ਅਤੇ ਪਿਛਲੇ ਬਕਾਏ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਇਸ ਐਲਾਨ ਤੋਂ ਬਾਅਦ ਉਨ੍ਹਾਂ ਨੇ ਬਿਜਲੀ ਬਿੱਲ ਨਹੀਂ ਭਰਿਆ ਲੇਕਿਨ ਹੁਣ ਪਾਵਰਕੌਮ ਨੇ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਬਿੱਲ ਬਣਾ ਕੇ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਅਸੀਂ ਕਿੱਥੋਂ ਬਿੱਲ ਭਰੀਏ।
ਪਿੰਡ ਦੇ ਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਪਿਛਲੇ ਬਕਾਏ ਸਮੇਤ 22 ਹਜ਼ਾਰ 120 ਰੁਪਏ ਦਾ ਬਿਜਲੀ ਬਿੱਲ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗਰਾਮ ਪੰਚਾਇਤ ਵੱਲੋਂ ਪਾਵਰਕੌਮ ਨੂੰ ਲੋਕਾਂ ਦੇ ਫਾਰਮ ਭਰ ਕੇ ਭੇਜੇ ਗਏ ਸੀ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਕਿਸੇ ਗਰੀਬ ਦਾ ਬਿੱਲ ਮੁਆਫ਼ ਨਹੀਂ ਹੋਇਆ। ਸਾਬਕਾ ਸਰਪੰਚ ਪ੍ਰੇਮ ਸਿੰਘ ਝਿਊਰਹੇੜੀ ਨੇ ਕਿਹਾ ਕਿ ਬਿਜਲੀ ਬਿੱਲ ਮੁਆਫ਼ੀ ਦੇ ਮੁੱਦੇ ’ਤੇ ਸਰਕਾਰ ਲੋਕਾਂ ਨੂੰ ਬੇਵਕੂਫ਼ ਬਣਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਨੇ ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇ ਕੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।
ਬਲਿਹਾਰ ਸਿੰਘ ਨੇ ਦੱਸਿਆ ਕਿ ਉਹ ਇਕ ਕਮਰੇ ਵਿੱਚ ਰਹਿੰਦਾ ਹੈ ਅਤੇ ਦਿਹਾੜੀ ਕਰਕੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਹੈ। ਪਿੱਛੇ ਜਿਹੇ ਉਨ੍ਹਾਂ ਨੇ 4500 ਰੁਪਏ ਬਿੱਲ ਭਰਿਆ ਸੀ ਹੁਣ ਫਿਰ ਬਿੱਲ ਆ ਗਿਆ। ਸੰਦੀਪ ਸਿੰਘ ਨੇ ਦੱਸਿਆ ਕਿ ਉਹ ਆਟੋ ਚਲਾਉਂਦਾ ਹੈ ਅਤੇ ਉਨ੍ਹਾਂ ਦੇ ਘਰ ਦਾ ਬਿੱਲ 10 ਹਜ਼ਾਰ ਆਇਆ ਹੈ। ਹੁਣ ਉਨ੍ਹਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਉਹ ੲਨਾ ਜ਼ਿਆਦਾ ਕਿਵੇਂ ਭਰੇਗਾ। ਸਦਾ ਸਿੰਘ ਨੂੰ 28 ਹਜ਼ਾਰ 220 ਰੁਪਏ, ਅਮਰੀਕ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ 27 ਹਜ਼ਾਰ 940 ਰੁਪਏ, ਗੁਰਵਿੰਦਰ ਸਿੰਘ ਨੂੰ 19 ਹਜ਼ਾਰ 150 ਰੁਪਏ, ਤਰਸੇਮ ਸਿੰਘ ਨੂੰ 12 ਹਜ਼ਾਰ 850, ਰੁਪਿੰਦਰ ਕੌਰ ਨੂੰ 10 ਹਜ਼ਾਰ 940 ਰੁਪਏ ਬਿੱਲ ਭੇਜਿਆ ਗਿਆ ਹੈ।
ਇੰਜ ਹੀ 8080 ਰੁਪਏ ਦਾ ਬਿੱਲ ਦੇਖ ਕੇ ਵਿਧਵਾ ਬਲਬੀਰ ਕੌਰ ਦੀ ਨੀਂਦ ਉੱਡਾ ਗਈ ਹੈ। ਕਰਨੈਲ ਕੌਰ ਨੂੰ ਵੀ 10 ਹਜ਼ਾਰ ਤੋਂ ਵੱਧ ਰਾਸ਼ੀ ਦਾ ਬਿੱਲ ਭੇਜਿਆ ਗਿਆ ਹੈ। ਸੰਤ ਸਿੰਘ ਨੂੰ 12 ਹਜ਼ਾਰ 640, ਇਸੇ ਨਾਂਅ ਦੇ ਇਕ ਹੋਰ ਖਪਤਕਾਰ ਨੂੰ 6200 ਰੁਪਏ, ਗੁਰਪਾਲ ਸਿੰਘ ਨੂੰ 6240 ਰੁਪਏ, ਸਤਨਾਮ ਸਿੰਘ ਨੂੰ 7880 ਰੁਪਏ, ਅਮਰੀਕ ਸਿੰਘ ਪੁੱਤਰ ਬਲਵੰਤ ਸਿੰਘ ਨੂੰ 5550 ਰੁਪਏ, ਜਤਿੰਦਰ ਸਿੰਘ ਨੂੰ 4040 ਰੁਪਏ, ਜਸਮੇਰ ਸਿੰਘ ਨੂੰ 3070 ਰੁਪਏ, ਬਲਜੀਤ ਸਿੰਘ ਨੂੰ 2500 ਰੁਪਏ, ਨੈਬ ਸਿੰਘ ਨੂੰ 2350 ਰੁਪਏ ਅਤੇ ਗੋਰਖ ਨਾਥ ਨੂੰ 1570 ਰੁਪਏ ਦਾ ਬਿੱਲ ਭੇਜਿਆ ਹੈ। ਇਸੇ ਤਰ੍ਹਾਂ ਕਈ ਹੋਰਨਾਂ ਵਿਅਕਤੀਆਂ ਦੇ ਘਰ ਵੀ ਬਿਜਲੀ ਦੇ ਬਿੱਲ ਭੇਜੇ ਗਏ ਹਨ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਆਪਣੇ ਵਾਅਦੇ ਮੁਤਾਬਕ ਗਰੀਬ ਲੋਕਾਂ ਦੇ ਬਿਜਲੀ ਬਿੱਲਾਂ ਉੱਤੇ ਲਕੀਰ ਮਾਰ ਕੇ ਪਾਵਰਕੌਮ ਮੈਨੇਜਮੈਂਟ ਨੂੰ ਸਖ਼ਤ ਆਦੇਸ਼ ਜਾਰੀ ਕਰਨ ਕਿ ਭਵਿੱਖ ਵਿੱਚ ਕਿਸੇ ਗਰੀਬ ਨੂੰ ਬਿਜਲੀ ਦਾ ਬਿੱਲ ਨਾ ਭੇਜਿਆ ਜਾਵੇ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਪਾਵਰਕੌਮ ਦੇ ਐਕਸੀਅਨ ਖੁਸ਼ਇੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਹੁਣ ਤੱਕ ਨਾ ਹੀ ਕਿਸੇ ਖਪਤਕਾਰ ਨੇ ਅਜਿਹੀ ਕੋਈ ਜਾਣਕਾਰੀ ਦਿੱਤੀ। ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਦੇ ਐਲਾਨ ਮੁਤਾਬਕ 2 ਕਿੱਲੋਵਾਟ ਤੱਕ ਦੇ ਸਾਰੇ ਖਪਤਕਾਰਾਂ ਦੇ ਬਿਜਲੀ ਬਿੱਲ ਮੁਆਫ਼ ਕੀਤੇ ਗਏ ਹਨ। ਪਿੰਡ ਝਿਊਰਹੇੜੀ ਨੂੰ ਜਾਰੀ ਹੋਏ ਹਜ਼ਾਰਾਂ ਰੁਪਏ ਬਿਜਲੀ ਬਿੱਲਾਂ ਬਾਰੇ ਅਧਿਕਾਰੀ ਨੇ ਦੱਸਿਆ ਕਿ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਰਿਕਾਰਡ ਵਿੱਚ ਜ਼ਰੂਰੀ ਤਬਦੀਲੀਆਂ ਕੀਤੀਆਂ ਜਾ ਰਹੀਆਂ, ਹੋ ਸਕਦਾ ਹੈ ਕਿ ਕੰਪਿਊਟਰ ਸਿਸਟਮ ਅਤੇ ਤਕਨੀਕੀ ਖ਼ਰਾਬੀ ਕਾਰਨ ਖਪਤਕਾਰਾਂ ਨੂੰ ਬਿੱਲ ਚਲੇ ਗਏ ਹੋਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਸਬੰਧਤ ਖਪਤਕਾਰਾਂ ਦੇ ਬਿਜਲੀ ਬਿੱਲ ਠੀਕ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …