nabaz-e-punjab.com

ਕੈਪਟਨ ਸਰਕਾਰ ਸੂਬੇ ਦੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਕਾਨੂੰਨ ਵਿਵਸਥਾ ਨੂੰ ਦਰੁਸਤ ਕਰਨ ਲਈ ਚੁੱਕੇ ਠੋਸ ਕਦਮ: ਹਰਪਾਲ ਸਿੰਘ ਚੀਮਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਫਰਵਰੀ:
ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸੂਬੇ ਦੀ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਕਾਨੂੰਨ ਵਿਵਸਥਾ ‘ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕੈਪਟਨ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ।
‘ਆਪ’ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ਵਿਚ ਹੋ ਰਹੀਆਂ ਹਿੰਸਕ ਘਟਨਾਵਾਂ ‘ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਉਹ ਸੂਬੇ ਦੀ ਨਿੱਘਰਦੀ ਜਾ ਰਹੀ ਅਮਨ-ਕਾਨੂੰਨ ਵਿਵਸਥਾ ਨੂੰ ਅਣਦੇਖਾ ਕਰਨ ਦੀ ਬਜਾਏ ਇਸ ਨੂੰ ਗੰਭੀਰਤਾ ਨਾਲ ਠੋਸ ਕਦਮ ਚੁੱਕਣ ਤਾਂ ਕਿ ਸੂਬੇ ਵਿਚ ਆਏ ਦਿਨ ਹੋ ਰਹੀਆਂ ਹਿੰਸਕ ਘਟਨਾਵਾਂ ‘ਤੇ ਰੋਕ ਲਗਾਈ ਜਾ ਸਕੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਬਿਨਾਂ ਕਿਸੇ ਡਰ ਤੋਂ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਜਲੰਧਰ ਵਿਖੇ 2 ਕਾਰੋਬਾਰੀ ਭਰਾਵਾਂ ‘ਤੇ ਸ਼ਰੇਆਮ ਗੋਲੀਬਾਰੀ ਕੀਤੀ ਗਈ ਅਤੇ ਇਸ ਗੋਲੀਬਾਰੀ ਵਿਚ ਇਕ ਭਰਾ ਦੀ ਮੌਤ ਹੋ ਗਈ। ਇਸੇ ਤਰ੍ਹਾਂ ਹੀ ਬਟਾਲਾ ਵਿਚ ਅਣਪਛਾਤਿਆਂ ਵੱਲੋਂ ਇਕ ਟੈਕਸੀ ਡਰਾਈਵਰ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਰੇਲਵੇ ਟਰੈਕ ‘ਤੇ ਸੁੱਟ ਦਿੱਤਾ ਗਿਆ। ਜਦੋਂ ਕਿ ਸੂਬੇ ਵਿਚ ਹੱਤਿਆ ਕਰ ਕੇ ਫ਼ਰਾਰ ਹੋ ਜਾਣਾ ਇਕ ਆਮ ਜਿਹੀ ਗੱਲ ਹੋ ਗਈ ਹੈ। ਇਕ ਹੋਰ ਵਾਰਦਾਤ ਪਿਛਲੀ ਦਿਨੀਂ ਅੰਮ੍ਰਿਤਸਰ ਨਜ਼ਦੀਕ ਜੰਡਿਆਲਾ ਗੁਰੂ ਵਿਚ ਨੌਜਵਾਨਾਂ ਦੇ ਇਕ ਗੁੱਟ ਵੱਲੋਂ ਟਰੈਫ਼ਿਕ ਪੁਲਿਸ ਦੇ ਏਐਸਆਈ ਦੀ ਕੁੱਟਮਾਰ ਹੋਈ ‘ਤੇ ਪੁਲਿਸ ਨੂੰ ਆਪਣੀ ਸੁਰੱਖਿਆ ਲਈ ਫਾਇਰਿੰਗ ਕਰਨੀ ਪਈ। ਜਿਸ ਤੋਂ ਜਾਹਿਰ ਹੁੰਦਾ ਹੈ ਕਿ ਪੰਜਾਬ ਵਿਚ ਹੁਣ ਨਾਗਰਿਕਾਂ ਦੀ ਸੁਰੱਖਿਆ ਪੁਖਤਾ ਕਰਨ ਵਾਲੀ ਪੁਲਿਸ ਵੀ ਸੁਰੱਖਿਅਤ ਨਹੀਂ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਇਨ੍ਹਾਂ ਘਟਨਾਵਾਂ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਵਿਚ ਨੌਜਵਾਨ ਸ਼ਾਮਲ ਹਨ। ਜਿਸ ਦਾ ਸਭ ਤੋਂ ਵੱਡਾ ਕਾਰਨ ਹੈ ਉਨ੍ਹਾਂ ਕੋਲ ਰੋਜ਼ਗਾਰ ਦਾ ਨਾ ਹੋਣ। ਜਿਸ ਕਾਰਨ ਉਹ ਅਜਿਹੇ ਕੰਮਾਂ ਵਿਚ ਪੈ ਰਹੇ ਹਨ ਅਤੇ ਅਪਰਾਧੀ ਬਣ ਰਹੇ ਹਨ। ਜੇਕਰ ਸਰਕਾਰ ਇਨ੍ਹਾਂ ਹੀ ਨੌਜਵਾਨਾਂ ਨੂੰ ਸਹੀ ਰੁਜ਼ਗਾਰ ਮੁਹੱਈਆ ਕਰਵਾ ਕੇ ਸਹੀ ਰਸਤੇ ਭੇਜੇ ਤਾਂ ਨੌਜਵਾਨੀ ਕਦੇ ਵੀ ਨਸ਼ਿਆਂ ਅਤੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਨਾ ਹੋਵੇ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਗ਼ਲਤ ਰਸਤੇ ‘ਤੇ ਚੱਲ ਰਹੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਅਤੇ ਸੂਬੇ ਵਿਚ ਹੋ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…