ਮਾਵਾਂ ਦੇ ਪੁੱਤਾਂ ਦੀ ਜ਼ਿੰਦਗੀਆਂ ਬਚਾਉਣ ਲਈ ਨਸ਼ਿਆਂ ਨੂੰ ਠੱਲ੍ਹ ਪਾਵੇ ਸਰਕਾਰ: ਬੀਬੀ ਰਾਮੂਵਾਲੀਆ

ਨਸ਼ੇ ਦੇ ਆਦੀ ਨੌਜਵਾਨਾਂ ਦੀਆਂ ਸੂਚੀਆਂ ਤਿਆਰ ਕਰਕੇ ਸਰਕਾਰੀ ਤੇ ਸਹੀ ਅੰਕੜੇ ਜਨਤਕ ਕੀਤੇ ਜਾਣ

ਨਬਜ਼-ਏ-ਪੰਜਾਬ, ਮੁਹਾਲੀ, 20 ਫਰਵਰੀ:
ਭਾਜਪਾ ਕੇਂਦਰੀ ਕਮੇਟੀ ਦੀ ਸੀਨੀਅਰ ਮੈਂਬਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਵਿੱਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਮਾਵਾਂ ਦੇ ਜਵਾਨ ਪੁੱਤਾਂ ਦੀ ਜ਼ਿੰਦਗੀਆਂ ਬਚਾਈਆਂ ਜਾ ਸਕਣ। ਅੱਜ ਇੱਥੇ ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਨਸ਼ੇ ਵਿਕ ਰਹੇ ਹਨ ਅਤੇ ਸੋਸ਼ਲ ਮੀਡੀਆ ’ਤੇ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਭਾਜਪਾ ਆਗੂ ਨੇ ਕਿਹਾ ਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਨੇ ਪਿੰਡਾਂ ਦੇ ਸ਼ਮਸ਼ਾਨਘਾਟ ਅਤੇ ਧਰਮਸ਼ਾਲਾਵਾਂ ਨੂੰ ਆਪਣੇ ਅੱਡੇ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਨਾਅਰਾ ਦੇਣ ਵਾਲੀ ‘ਆਪ’ ਸਰਕਾਰ ਦੇ ਕਾਰਜਕਾਲ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਨਸ਼ਿਆਂ ਦਾ ਕਾਰੋਬਾਰ ਵਧਿਆ ਹੈ ਅਤੇ ਨਸ਼ਿਆਂ ਦੀ ਓਵਰਡੋਜ਼ ਨਾਲ ਕਈ ਮਾਵਾਂ ਦੇ ਪੁੱਤ ਫੌਤ ਹੋ ਚੁੱਕੇ ਹਨ। ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਦੋ ਨੌਜਵਾਨਾਂ ਵੱਲੋਂ ਨਸ਼ੇ ਦੇ ਟੀਕੇ ਲਗਾ ਕੇ ਮੌਤ ਦੇ ਮੂੰਹ ਵਿੱਚ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਸ਼ਾ ਛਡਾਊ ਕੇਂਦਰਾਂ ਵਿੱਚ ਗੋਲੀਆਂ ਖਾਣ ਨਾਲ ਨੌਜਵਾਨਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ।
ਬੀਬੀ ਰਾਮੂਵਾਲੀਆ ਨੇ ਮੰਗ ਕੀਤੀ ਕਿ ਪਿੰਡਾਂ ਵਿੱਚ ਨਸ਼ੇ ਕਰਨ ਵਾਲੇ ਨੌਜਵਾਨਾਂ ਦੀਆਂ ਸੂਚੀਆਂ ਤਿਆਰ ਕਰਕੇ ਸਬੰਧਤ ਹਲਕੇ ਦੇ ਵਿਧਾਇਕ ਅਤੇ ਗਰਾਮ ਪੰਚਾਇਤਾਂ ਰਾਹੀਂ ਸਹੀ ਅੰਕੜੇ ਇਕੱਠੇ ਕੀਤੇ ਜਾਣ। ਪੀੜਤਾਂ ਨੂੰ ਪੁਲੀਸ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਕਾਰਨ ਨੌਜਵਾਨ ਪੀੜ੍ਹੀ ਦਾ ਰੁਝਾਨ ਨਸ਼ਿਆਂ ਵੱਲ ਵੱਧ ਰਿਹਾ ਹੈ। ਸਰਕਾਰ ਨੂੰ ਘਰ-ਘਰ ਰੁਜ਼ਗਾਰ ਦੇ ਸਾਧਨ ਜੁਟਾਉਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਹਿੱਟ ਐਂਡ ਰਨ ਮੁਆਵਜ਼ਾ: ਏਡੀਸੀ ਨੇ ਪੀੜਤਾਂ ਨੂੰ ਮੁਆਵਜ਼ੇ ਲਈ ਆਏ ਕੇਸਾਂ ਬਾਰੇ ਕੀਤੀ ਚਰਚਾ

ਹਿੱਟ ਐਂਡ ਰਨ ਮੁਆਵਜ਼ਾ: ਏਡੀਸੀ ਨੇ ਪੀੜਤਾਂ ਨੂੰ ਮੁਆਵਜ਼ੇ ਲਈ ਆਏ ਕੇਸਾਂ ਬਾਰੇ ਕੀਤੀ ਚਰਚਾ ਸੜਕ ਹਾਦਸੇ ਵਿੱਚ ਮ…