ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਨਬਜ਼-ਏ-ਪੰਜਾਬ, ਮੁਹਾਲੀ, 26 ਅਪਰੈਲ:
ਪਸ਼ੂ ਪਾਲਣ ਵਿਭਾਗ ਦੇ ਸੇਵਾਮੁਕਤ ਅਧਿਕਾਰੀਆਂ ਦੀ ਸੀਨੀਅਰ ਵੈਟਸ ਐਸੋਸੀਏਸ਼ਨ ਨੇ ਸੇਵਾਮੁਕਤ ਅਧਿਕਾਰੀਆਂ ਨੂੰ ਲੀਵ ਇਨਕੈਸ਼ਮੈਂਟ ਅਤੇ ਹੋਰ ਬਕਾਏ, ਲੰਬਿਤ ਮੈਡੀਕਲ ਬਿੱਲਾਂ ਅਤੇ ਹੋਰ ਮੁੱਦਿਆਂ ਦੀ ਅਦਾਇਗੀ ਲਈ ਪੰਜਾਬ ਸਰਕਾਰ ਦੀ ਢਿੱਲ-ਮੱਠ ਦਾ ਗੰਭੀਰ ਨੋਟਿਸ ਲਿਆ ਹੈ। ਅੱਜ ਇੱਥੇ ਸੈਕਟਰ-68 ਸਥਿਤ ਪਸ਼ੂ ਪਾਲਣ ਡਾਇਰੈਕਟੋਰੇਟ ਵਿਖੇ ਹੋਈ ਜਥੇਬੰਦੀ ਦੀ ਮੀਟਿੰਗ ਵਿੱਚ ਸੇਵਾਮੁਕਤ ਅਫ਼ਸਰਾਂ ਦੀਆਂ ਜਾਇਜ਼ ਮੰਗਾਂ ਅਤੇ ਲੰਬਿਤ ਮਸਲਿਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ।
ਇਸ ਮਗਰੋਂ ਜਥੇਬੰਦੀ ਦੇ ਆਗੂਆਂ ਨੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨਾਲ ਮੁਲਾਕਾਤ ਕੀਤੀ ਅਤੇ ਉਪਰੋਕਤ ਮੰਗਾਂ ਬਾਰੇ ਚਰਚਾ ਕੀਤੀ। ਜਿਨ੍ਹਾਂ ਨੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਤਨਖ਼ਾਹ-ਕਮਿਸ਼ਨ ਦੇ ਬਕਾਇਆ ਸਬੰਧੀ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਭੁਗਤਾਨ ਕਰਨ ਲਈ ਸੂਬੇ ਦੇ ਸਾਰੇ ਡਿਪਟੀ ਡਾਇਰੈਕਟਰ ਨੂੰ ਪੱਤਰ ਭੇਜ ਦਿੱਤਾ ਹੈ। ਨਾਲ ਹੀ ਸੇਵਾਮੁਕਤ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਭੁਗਤਾਨ ਕਰਨ ਲਈ ਜਿੱਥੇ ਵੀ ਲੋੜ ਹੋਵੇ, ਖ਼ੁਦ ਪ੍ਰਵਾਨਗੀਆਂ ਦੇਣ ਦਾ ਭਰੋਸਾ ਦਿੱਤਾ। ਜਥੇਬੰਦੀ ਦੇ ਮੈਂਬਰਾਂ ਨੇ ਡਾਇਰੈਕਟਰ ਡਾ. ਬੇਦੀ ਦਾ ਉਨ੍ਹਾਂ ਵੱਲੋਂ ਚੁੱਕੇ ਗਏ ਮੁੱਦਿਆਂ ਨੂੰ ਤੁਰੰਤ ਅਤੇ ਤਰਜੀਹ ਦੇ ਆਧਾਰ ’ਤੇ ਹੱਲ ਕਰਨ ਦੀ ਹਾਮੀ ਭਰਨ ਲਈ ਧੰਨਵਾਦ ਕੀਤਾ।
ਡਾ. ਗੁਰਸ਼ਰਨਜੀਤ ਬੇਦੀ ਨੇ ਜਾਣਕਾਰੀ ਦਿੱਤੀ ਕਿ ਲੰਬਿਤ ਮੈਡੀਕਲ ਬਿੱਲਾਂ ਸਬੰਧੀ ਵਿੱਤ ਵਿਭਾਗ ਵੱਲੋਂ ਬਜਟ ਅਲਾਟ ਕਰ ਦਿੱਤਾ ਗਿਆ ਹੈ, ਜੋ ਜਲਦੀ ਹੀ ਵੱਖ-ਵੱਖ ਜ਼ਿਲ੍ਹਿਆਂ ਦੀ ਮੰਗ ਅਨੁਸਾਰ ਵੰਡਿਆ ਜਾਵੇਗਾ। ਡਾ ਗੁਰਿੰਦਰ ਸਿੰਘ ਵਾਲੀਆ ਨੇ ਸਮੂਹ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੂੰ ਅਪੀਲ ਕੀਤੀ ਕਿ ਉਹ ਲੀਵ ਇਨਕੈਂਸ਼ਮੈਂਟ ਦੇ ਬਣਦੇ ਬਕਾਏ ਅਤੇ ਹੋਰ ਮੈਡੀਕਲ ਬਿੱਲਾਂ ਦੇ ਕੇਸ ਪ੍ਰਵਾਨਗੀ ਲਈ ਮੁੱਖ ਦਫ਼ਤਰ ਵਿੱਚ ਭੇਜੇ ਜਾਣ ਤਾਂ ਜੋ ਸਬੰਧਤ ਸੇਵਾਮੁਕਤ ਅਧਿਕਾਰੀਆਂ ਨੂੰ ਉਨ੍ਹਾਂ ਦੇ ਲੰਬਿਤ ਪਏ ਬਕਾਇਆ ਦੀ ਅਦਾਇਗੀ ਹੋ ਸਕੇ। ਮੀਟਿੰਗ ਵਿੱਚ ਡਾ. ਨਿਤਿਨ ਕੁਮਾਰ, ਡਾ. ਗੁਰਿੰਦਰ ਸਿੰਘ ਵਾਲੀਆ, ਡਾ. ਸ਼ਸ਼ੀ ਸੈਣੀ, ਡਾ. ਪਰਮਜੀਤ ਸੈਣੀ, ਡਾ. ਗੌਤਮ ਪ੍ਰਸ਼ਾਦ, ਡਾ. ਮਦਨ ਮੋਹਨ ਸਿੰਗਲਾ ਅਤੇ ਡਾ. ਜਗਜੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ।

Load More Related Articles

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…