
ਸਰਕਾਰੀ ਵਿਭਾਗਾਂ ਵਿੱਚ ਨਵੀਂ ਭਰਤੀ ਕਰਨ ਦੀ ਥਾਂ ਡੇਲੀਵੇਜ ਕਾਮਿਆਂ ਨੂੰ ਰੈਗੂਲਰ ਕਰੇ ਸਰਕਾਰ
ਸਿੱਖਿਆ ਬੋਰਡ ਡੇਲੀਵੇਜ ਕਰਮਚਾਰੀ ਯੂਨੀਅਨ ਨੇ ਕੀਤੀ ਮੁੱਖ ਮੰਤਰੀ ਨੂੰ ਅਪੀਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਸਤੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਡੇਲੀਵੇਜ ਕਰਮਚਾਰੀ ਯੂਨੀਅਨ ਦੀ ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਅਤੇ ਦਿਹਾੜੀਦਾਰ ਕਾਮਿਆਂ ਦੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ। ਸੂਬਾ ਪ੍ਰਧਾਨ ਇੰਦਰਜੀਤ ਸਿੰਘ, ਜਨਰਲ ਸਕੱਤਰ ਰਾਜ ਕੁਮਾਰ, ਭਗਵੰਤ ਸਿੰਘ, ਬੂਟਾ ਸਿੰਘ, ਸੁਖਚੈਨ ਸਿੰਘ, ਮਨਦੀਪ ਸਿੰਘ, ਕਰਨ ਸਿੰਘ, ਸੁਸ਼ਮਾ ਕੁਮਾਰੀ, ਹਰਮੇਸ਼ ਕੌਰ, ਕਰਮਜੀਤ ਕੌਰ, ਸੁਖਵਿੰਦਰ ਕੌਰ ਅਤੇ ਪ੍ਰੈਸ ਸਕੱਤਰ ਅਮਰਜੀਤ ਸਿੰਘ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੰਦਿਆਂ ਮੰਗ ਕੀਤੀ ਕਿ ਪੰਜਾਬ ਵਿੱਚ ਹੈਲਪਰਾਂ ਦੀ ਨਵੀਂ ਭਰਤੀ ਨਾ ਕੀਤੀ ਜਾਵੇ ਬਲਕਿ ਪਹਿਲਾਂ ਤੋਂ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਬੋਰਡ ਸਮੇਤ ਪੰਜਾਬ ਦੇ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਭਾਗਾਂ ਵਿੱਚ ਪਿਛਲੇ 10 ਸਾਲਾਂ ਤੋਂ ਪੜ੍ਹੇ ਲਿਖੇ ਡੇਲੀਵੇਜ ਕਰਮਚਾਰੀ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਬੋਰਡ ਵਿੱਚ ਲਗਪਗ 550 ਡੇਲੀਵੇਜ ਕਰਮਚਾਰੀ ਡਾਟਾ ਐਂਟਰੀ, ਕਲਰਕ, ਪਰੂਫ਼ ਰੀਡਰ, ਇਲੈਕਟ੍ਰੀਸ਼ਨ, ਪਲੰਬਰ, ਕਾਰਪੈਂਟਰ, ਫਾਇਰਮੈਨ, ਡਰਾਈਵਰ, ਮਾਲੀ ਦਾ ਕੰਮ ਕਰਦੇ ਆ ਰਹੇ ਹਨ, ਪ੍ਰੰਤੂ ਬੋਰਡ ਮੈਨੇਜਮੈਂਟ ਵੱਲੋਂ ਇਨ੍ਹਾਂ ਸਾਰੇ ਕਰਮਚਾਰੀਆਂ ਨੂੰ ਨਿਗੂਣੀਆਂ ਤਨਖ਼ਾਹ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਾਰੇ ਡੇਲੀਵੇਜ ਕਰਮਚਾਰੀਆਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਰੈਗੂਲਰ ਕੀਤਾ ਜਾਵੇ। ਕਿਉਂਕਿ ਉਹ ਸਾਰੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸ੍ਰੀ ਚੰਨੀ ਵੀ ਗਰੀਬ ਪਰਿਵਾਰ ’ਚੋਂ ਉਪਰ ਉੱਠ ਕੇ ਮੁੱਖ ਮੰਤਰੀ ਬਣੇ ਹਨ ਅਤੇ ਉਹ ਡੇਲੀਵੇਜ ਕਾਮਿਆਂ ਦੇ ਦਰਦ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਰੈਗੂਲਰ ਕਰਨ ਲਈ ਯੋਗ ਪੈਰਵੀ ਕਰਨਗੇ।