ਮੁਹਾਲੀ ਹਵਾਈ ਅੱਡੇ ਤੋਂ ਲੋੜ ਅਨੁਸਾਰ ਹੋਰ ਕੌਮਾਂਤਰੀ ਉਡਾਣਾਂ ਸ਼ੁਰੂ ਕਰਵਾਏ ਸਰਕਾਰ: ਪਰਵਿੰਦਰ ਸੋਹਾਣਾ
ਮੁਹਾਲੀ ਹਵਾਈ ਅੱਡੇ ’ਤੇ ਸ਼ਹੀਦ ਭਗਤ ਸਿੰਘ ਦਾ 30 ਫੁੱਟ ਉੱਚਾ ਬੁੱਤ ਲਗਾਉਣ ਦੀ ਸ਼ਲਾਘਾ
ਨਬਜ਼-ਏ-ਪੰਜਾਬ, ਮੁਹਾਲੀ, 4 ਦਸੰਬਰ:
ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਦੇਸ਼ ਕੌਮ ਦੇ ਮਹਾਨ ਸ਼ਹੀਦ ਭਗਤ ਸਿੰਘ ਦੇ 30 ਫੁੱਟ ਉੱਚੇ ਬੁੱਤ ਦਾ ਉਦਘਾਟਨ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹਵਾਈ ਅੱਡੇ ’ਤੇ ਸਿਰਫ਼ ਸ਼ਹੀਦ ਦਾ ਬੁੱਤ ਸਥਾਪਿਤ ਕਰਨ ਨਾਲ ਮੰਤਵ ਪੂਰਾ ਨਹੀਂ ਹੋਵੇਗਾ। ਬਲਕਿ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਜੇਕਰ ਮੁਹਾਲੀ ਤੋਂ ਲੋਕਾਂ ਦੀ ਮੰਗ ਅਨੁਸਾਰ ਹੋਰ ਕੌਮਾਂਤਰੀ ਉਡਾਣਾਂ ਸ਼ੁਰੂ ਕਰਵਾਈਆਂ ਜਾਣੇ ਇਸ ਨਾਲ ਸਥਾਨਕ ਲੋਕਾਂ ਨੂੰ ਵਿਦੇਸ਼ੀ ਮੁਲਕਾਂ ਵਿੱਚ ਜਾਣ ਲਈ ਦਿੱਲੀ ਦਾ ਲੰਮਾ ਪੈਂਡਾ ਤੈਅ ਨਹੀਂ ਕਰਨਾ ਪਵੇਗਾ। ਕਿਉਂਕਿ ਇਸ ਲਈ ਵਾਧੂ ਪੈਸਾ ਅਤੇ ਸਮਾਂ ਬਰਬਾਦ ਹੁੰਦਾ ਹੈ।
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਮੁਹਾਲੀ ਦੀ ਜੂਹ ਵਿੱਚ ਪੰਜਾਬ ਦੀ ਧਰਤੀ ਉੱਤੇ ਕੌਮਾਂਤਰੀ ਹਵਾਈ ਅੱਡਾ ਬਣਾਇਆ ਗਿਆ ਸੀ ਪ੍ਰੰਤੂ ਸੱਤਾ ਪਰਿਵਰਤਨ ਤੋਂ ਬਾਅਦ ਪਹਿਲਾਂ ਕਾਂਗਰਸ ਸਰਕਾਰ ਅਤੇ ਹੁਣ ‘ਆਪ’ ਸਰਕਾਰ ਪਿੰਡ ਝਿਊਰਹੇੜੀ ਦੇ ਸਰਬਪੱਖੀ ਵਿਕਾਸ ਲਈ ਕੋਈ ਵਿਸ਼ੇਸ਼ ਯੋਜਨਾ ਨਹੀਂ ਉਲੀਕੀ ਗਈ। ਉਨ੍ਹਾਂ ਕਿਹਾ ਕਿ ਜਦੋਂ ਹਵਾਈ ਅੱਡੇ ਲਈ ਪਿੰਡ ਝਿਊਰਹੇੜੀ ਦੇ ਕਿਸਾਨਾਂ ਅਤੇ ਗਰੀਬ ਲੋਕਾਂ ਦੇ ਵਾੜੇ ਗੁਹਾਰੇ ਐਕਵਾਇਰ ਕੀਤੇ ਗਏ ਸੀ ਤਾਂ ਇੱਥੋਂ ਦੇ ਲੋਕਾਂ ਨੂੰ ਬਹੁਤ ਚਾਅ ਸੀ ਕਿ ਹੁਣ ਮੁਹਾਲੀ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਹੋਣਗੀਆਂ ਅਤੇ ਸਥਾਨਕ ਲੋਕਾਂ ਨੂੰ ਏਅਰਪੋਰਟ ’ਤੇ ਰੁਜ਼ਗਾਰ ਮਿਲੇਗਾ ਪ੍ਰੰਤੂ ਕਾਂਗਰਸ ਅਤੇ ‘ਆਪ’ ਇਸ ਕੰਮ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈਆਂ ਹਨ।
ਅਕਾਲੀ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਮੁਹਾਲੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਨਹੀਂ ਹੋਣ ਦਿੱਤੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਉੱਤੇ ਦਬਾਅ ਬਣਾ ਕੇ ਇੱਥੋਂ ਕੈਨੇਡਾ, ਅਮਰੀਕਾ, ਆਸਟੇ੍ਰਲੀਆ, ਨਿਊਜ਼ੀਲੈਂਡ ਅਤੇ ਯੂਰਪ ਲਈ ਸਿੱਧੀ ਉਡਾਣਾਂ ਸ਼ੁਰੂ ਕਰਵਾਉਣ ਲਈ ਯੋਗ ਪੈਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਸਮੇਤ ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਪੂਰੇ ਖੇਤਰ ਨੂੰ ਇਸ ਦਾ ਲਾਭ ਮਿਲ ਸਕੇ।