ਅਮਰੀਕਾ ਤੋਂ ਵਾਪਸ ਭੇਜੇ ਨਾਗਰਿਕਾਂ ਦੀ ਬਾਂਹ ਫੜੇ ਸਰਕਾਰ: ਬੀਬੀ ਰਾਮੂਵਾਲੀਆ
ਜੇਕਰ ਪੰਜਾਬ ਵਿੱਚ ਰੁਜ਼ਗਾਰ ਹੋਵੇ ਤਾਂ ਨੌਜਵਾਨ ਵਿਦੇਸ਼ਾਂ ’ਚ ਕਿਉਂ ਖਾਣ ਧੱਕੇ
ਨਬਜ਼-ਏ-ਪੰਜਾਬ, ਮੁਹਾਲੀ, 5 ਫਰਵਰੀ:
ਭਾਜਪਾ ਕੇਂਦਰੀ ਕਮੇਟੀ ਦੀ ਸੀਨੀਅਰ ਮੈਂਬਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਅਮਰੀਕਾ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੂੰ ਜਿਸ ਤਰ੍ਹਾਂ ਵਾਪਸ ਭੇਜਣਾ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਦੇ ਸਤਾਏ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਦਾਅ ’ਤੇ ਲਗਾ ਕੇ ਵਿਦੇਸ਼ ਵਿੱਚ ਗਏ ਸਨ ਹੁਣ ਅਮਰੀਕਾ ਦੀ ਨਵੀਂ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦਿਆਂ ਉਨ੍ਹਾਂ ਨੂੰ ਮਜਬੂਰਨ ਵਾਪਸ ਆਉਣਾ ਪਿਆ ਹੈ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਅਮਰੀਕਾ ਦੀ ਇਸ ਕਾਰਵਾਈ ਤੋਂ ਸਾਬਤ ਹੋ ਗਿਆ ਹੈ ਕਿ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਬਾਹਰ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਤਰਾਸਦੀ ਹੈ ਇੱਥੇ ਲੰਮੇ ਸਮੇਂ ਤੋਂ ਕਾਂਗਰਸ ਸਮੇਤ ਦੂਜੀਆਂ ਰਵਾਇਤੀ ਪਾਰਟੀਆਂ ਨੇ ਰਾਜ ਕਰਕੇ ਆਪਣੇ ਟੱਬਰਾਂ ਦਾ ਵਿਕਾਸ ਤਾਂ ਕੀਤਾ ਪ੍ਰੰਤੂ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਮੁਹੱਈਆ ਨਹੀਂ ਕਰਵਾਇਆ ਗਿਆ। ਪਹਿਲਾਂ ਅਕਾਲੀ ਅਤੇ ਕਾਂਗਰਸ ਸਰਕਾਰ ਨੇ ਨੌਜਵਾਨਾਂ ਨਾਲ ਧੱਕਾ ਕੀਤਾ ਅਤੇ ਹੁਣ ‘ਆਪ’ ਵੀ ਉਸੇ ਰਾਹ ਪੈ ਗਈ ਹੈ। ਪੰਜਾਬ ਵਿੱਚ 50 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਦਾਅਵੇ ਨੂੰ ਸਚਾਈ ਤੋਂ ਕੋਹਾਂ ਦੂਰ ਦੱਸਦਿਆਂ ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਰੁਜ਼ਗਾਰ ਵਿਵਸਥਾ ਨਾ ਮਾਤਰ ਹੈ।
ਭਾਜਪਾ ਆਗੂ ਨੇ ਕਿਹਾ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਸੋਚਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਵਿਦੇਸ਼ੀ ਮੁਲਕਾਂ ਵਿੱਚ ਧੱਕੇ ਖਾਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਗਲਤ ਤਰੀਕੇ ਨਾਲ ਵਿਦੇਸ਼ ਨਾ ਜਾਣ ਅਤੇ ਅਜਿਹਾ ਕੋਈ ਕਦਮ ਨਾ ਚੁੱਕਣ ਜਿਸ ਨਾਲ ਪਰਿਵਾਰ ਮੁਸ਼ਕਲਾਂ ਵਿੱਚ ਆ ਜਾਵੇ।