Nabaz-e-punjab.com

ਗੌਰਮਿੰਟ ਟੀਚਰ ਯੂਨੀਅਨ ਵੱਲੋਂ ਅਧਿਆਪਕ ਮੰਗਾਂ ਨੂੰ ਲੈ ਕੇ ਸਿੱਖਿਆ ਭਵਨ ਦਾ ਘਿਰਾਓ

ਧਰਨਾਕਾਰੀਆਂ ਨੇ ਸਿੱਖਿਆ ਸਕੱਤਰ ਦੇ ਕੰਮ ਕਰਨ ਦੇ ਢੰਗ ਤਰੀਕੇ ’ਤੇ ਸਵਾਲ ਚੁੱਕੇ, ਨਾਅਰੇਬਾਜ਼ੀ ਕੀਤੀ

ਪੰਜਾਬ ਭਰ ’ਚੋਂ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਕੀਤੀ ਸ਼ਮੂਲੀਅਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਅਣਖ ਅਤੇ ਸਵੈ-ਮਾਣ ਦੀ ਬਹਾਲੀ ਅਤੇ ਸਿੱਖਿਆ ਵਿਭਾਗ ਵੱਲੋਂ ਸੈਂਕੜੇ ਸਕੂਲਾਂ ਨੂੰ ਤਾਲਾ ਲਗਾਉਣ ਦੇ ਤਾਨਾਸ਼ਾਹੀ ਫੁਰਮਾਨ ਅਤੇ ਸਿੱਖਿਆ ਵਿਭਾਗ ਦੀ ਕੀਤੀ ਜਾ ਰਹੀ ਆਕਾਰ ਘਟਾਈ ਤੇ ਪੇਂਡੂ ਵਸੋਂ ਤੋਂ ਸਿੱਖਿਆ ਦਾ ਹੱਕ ਖੋਹੇ ਜਾਣ ਦੇ ਰੋਸ ਵਜੋਂ ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਵੱਲੋਂ ਅੱਜ ਸਿੱਖਿਆ ਭਵਨ ਦਾ ਘਿਰਾਓ ਕੀਤਾ ਗਿਆ। ਇਸ ਵਿਰੋਧ ਪ੍ਰਦਰਸ਼ਨ ਵਿੱਚ ਪੰਜਾਬ ਭਰ ’ਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਸ਼ਮੂਲੀਅਤ ਕੀਤੀ।
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਕੰਮ ਕਰਨ ਦੇ ਢੰਗ ਤਰੀਕੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਿੱਖਿਆ ਸੁਧਾਰਾਂ ਦੇ ਨਾਂ ’ਤੇ ਅਧਿਆਪਕਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਡੀਏ ਦੀਆਂ ਕਿਸ਼ਤਾਂ, ਬਕਾਏ ਅਤੇ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕਰਨ, ਦੋਸ਼ ਸੂਚੀਆਂ/ਨੋਟਿਸ ਰੱਦ ਕਰਨ, ਬੇਮੌਕਾ ਰੈਸ਼ਨੇਲਾਈਜੇਸ਼ਨ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮੁੱਢਲੀ ਤਨਖ਼ਾਹ ’ਤੇ ਨਿਯੁਕਤੀ ਦਾ ਨੋਟੀਫ਼ਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਅਧਿਆਪਕਾਂ ਨੂੰ ਪੂਰੀਆਂ ਤਨਖ਼ਾਹਾਂ ਦੇਣ, ਬਰਾਬਰ ਕੰਮ ਬਰਾਬਰ ਤਨਖ਼ਾਹ ਅਤੇ ਹੋਰ ਅਧਿਆਪਕ ਪੱਖੀ ਅਦਾਲਤੀ ਫੈਸਲੇ ਲਾਗੂ ਕਰਨ, ਹੈੱਡ ਟੀਚਰਾਂ ਦੀਆਂ 1904 ਅਸਾਮੀਆਂ ਸਮੇਤ ਹਰ ਵਰਗ ਦੀਆਂ ਖ਼ਤਮ ਕੀਤੀਆਂ ਅਸਾਮੀਆਂ ਬਹਾਲ ਕਰਨ, ਪ੍ਰਾਇਮਰੀ ਵਿੱਚ ਜਮਾਤਵਾਰ ਅਤੇ ਅੱਪਰ ਪ੍ਰਾਇਮਰੀ ਵਿੱਚ ਵਿਸ਼ਾਵਾਰ ਅਧਿਆਪਕ ਦੇਣ, ਸੈਂਟਰ ਸਕੂਲਾਂ ਵਿੱਚ ਕਲਰਕ-ਕਮ-ਡਾਟਾ ਐਂਟਰੀ ਅਪਰੇਟਰਾਂ ਦੀ ਤਾਇਨਾਤੀ। ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਲਈ ਨਰਸਰੀ ਟੀਚਰ, ਹੈਲਪਰ, ਵਰਦੀ ਅਤੇ ਮਿਡ-ਡੇਅ-ਮੀਲ ਦੇਣ, ਮਿਡਲ ਸਕੂਲਾਂ ਵਿੱਚ ਪੀਟੀਆਈ ਅਤੇ ਡਰਾਇੰਗ ਦੀਆਂ ਅਸਾਮੀਆਂ ਬਹਾਲ ਰੱਖਣ, ਵਿਦਿਆਰਥੀਆਂ ਦੇ ਵਜ਼ੀਫ਼ੇ ਜਾਰੀ ਕਰਨ, ਬੋਰਡ ਪ੍ਰੀਖਿਆਵਾਂ ਦੀਆਂ ਫੀਸਾਂ ਘਟਾਉਣ, ਟੈੱਟ ਪਾਸ ਬੇਰੁਜ਼ਗਾਰਾਂ ਲਈ ਨਿਗੂਣੀਆਂ ਅਸਾਮੀਆਂ ਕੱਢਣ ਦੀ ਬਜਾਏ ਸਾਰੀਆਂ ਖਾਲੀ ਅਸਾਮੀਆਂ ਪੂਰੇ ਗਰੇਡ ’ਤੇ ਭਰਨ, ਸਿੱਧੀ ਭਰਤੀ ਦੇ ਨਾਂ ’ਤੇ ਪ੍ਰਮੋਸ਼ਨਲ ਪੋਸਟਾਂ ਦਾ ਖਾਤਮਾ ਬੰਦ ਕਰਨ, ਹਰ ਵਰਗ ਦੀਆਂ ਪਦ ਉੱਨਤੀਆਂ ਕਰਨ, ਪ੍ਰੀਖਿਆ ਡਿਊਟੀ ਅਤੇ ਪੇਪਰ ਮਾਰਕਿੰਗ ਦਾ ਮਿਹਨਤਾਨਾ ਦੇਣ, 3582 ਅਧਿਆਪਕਾਂ ਦੇ ਘਰਾਂ ਨੇੜੇ ਅਸਾਮੀਆਂ ਖਾਲੀ ਹੋਣ ਕਾਰਨ ਬਾਰਡਰ ਏਰੀਆ ’ਚੋਂ ਹੋਈਆਂ ਬਦਲੀਆਂ ਲਾਗੂ ਕਰਨ, ਅਧਿਆਪਕਾਂ ਤੋਂ ਗੈਰਵਿੱਦਿਅਕ ਕੰਮ ਲੈਣੇ ਬੰਦ ਕਰਨ, ਪੜ੍ਹੋ ਪੰਜਾਬ ਪੜਾਓ ਪੰਜਾਬ ਦਾ ਨਤੀਜਾ ਰੈਸ਼ਨੇਲਾਈਜੇਸ਼ਨ, ਬਦਲੀ, ਏਸੀਆਰ ਲਈ ਨਾ ਗਿਣਨਾ, ਸਿਲੇਬਸ ਅਨੁਸਾਰ ਪੜ੍ਹਾਈ ਕਰਵਾਉਣ, ਅਧਿਆਪਕ ਵਿਰੋਧੀ ਪੱਤਰ ਵਾਪਸ ਲੈਣ ’ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਲਈ ਜੀਟੀਯੂ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ, ਪ੍ਰੰਤੂ ਬੇਲਗਾਮ ਅਫ਼ਸਰਸ਼ਾਹੀ ਦੇ ਕੰਨਾਂ ’ਤੇ ਜੂੰਅ ਨਹੀਂ ਸਰਕੀ।
ਇਸ ਮੌਕੇ ਮੰਚ ਸੰਚਾਲਕ ਗੁਰਬਿੰਦਰ ਸਿੰਘ ਸਸਕੌਰ, ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਵੇਦ ਪ੍ਰਕਾਸ਼ ਸ਼ਰਮਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਤੀਰਥ ਬਾਸੀ, ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਦਰਸ਼ਨ ਬੇਲੂਮਾਜਰਾ, ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਆਗੂ ਹਰਨੇਕ ਸਿੰਘ ਮਾਵੀ, ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਗੁਰਪ੍ਰੀਤ ਭੋਤਨਾ, ਐਸਐਸਏ/ਰਮਸਾ ਦੇ ਸੁਭਾਸ਼ ਚੰਦਰ ਅੰਮ੍ਰਿਤਸਰ, ਪੁਰਾਣੇ ਆਗੂ ਜਰਮਨਜੀਤ ਸਿੰਘ, ਆਈਈਵੀ ਯੂਨੀਅਨ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਨਾੜੂ, ਮੰਗਲ ਟਾਂਡਾ, ਕੁਲਵਿੰਦਰ ਮੁਕਤਸਰ, ਰਣਜੀਤ ਸਿੰਘ ਮਾਨ, ਕੁਲਦੀਪ ਪੁਰੋਵਾਲ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਸੁਰਜੀਤ ਸਿੰਘ ਮੁਹਾਲੀ, ਬਲਵਿੰਦਰ ਸਿੰਘ ਭੁੱਟੋ, ਗਣੇਸ਼ ਭਗਤ, ਭਗਵੰਤ ਭਟੇਜਾ, ਸਰਬਜੀਤ ਬਰਾੜ, ਨਰਿੰਦਰ ਮਾਖਾ, ਜਗਦੀਪ ਜੌਹਲ, ਕੇਵਲ ਸਿੰਘ, ਕਰਨੈਲ ਰਾਹੋਂ, ਬਖਸ਼ੀਸ਼ ਜਵੰਦਾ, ਹਰਜੀਤ ਸਿੰਘ ਗਲਵੱਟੀ, ਸੁਰਿੰਦਰ ਕੁਮਾਰ ਬਰਨਾਲਾ ਹਾਜ਼ਰ ਸਨ।
(ਬਾਕਸ ਆਈਟਮ)
ਉਧਰ, ਮੁਹਾਲੀ ਦੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਧਰਨੇ ’ਤੇ ਪਹੁੰਚ ਕੇ ਸੰਘਰਸ਼ਸ਼ੀਲ ਅਧਿਆਪਕਾਂ ਤੋਂ ਮੰਗ ਪੱਤਰ ਹਾਸਲ ਕੀਤਾ ਅਤੇ ਉਨ੍ਹਾਂ ਨੂੰ ਅਧਿਆਪਕ ਮਸਲਿਆਂ ਸਬੰਧੀ 27 ਫਰਵਰੀ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਬਾਅਦ ਦੁਪਹਿਰ 3 ਵਜੇ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ। ਇਸ ਮਗਰੋਂ ਸ਼ਾਮ ਨੂੰ ਅਧਿਆਪਕਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਮੀਟਿੰਗ ਵਿੱਚ ਜਾਇਜ਼ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਗਈਆਂ ਤਾਂ ਅਧਿਆਪਕ ਵਰਗ ਮੁੜ ਤੋਂ ਸੜਕਾਂ ’ਤੇ ਉੱਤਰ ਆਵੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…