
ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਦੇ ਆਗੂਆਂ ਨੇ ਕੀਤੀ ਸਿੱਖਿਆ ਸਕੱਤਰ ਨਾਲ ਅਹਿਮ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਗਸਤ:
ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਦੀ ਮੀਟਿੰਗ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਨਾਲ ਸੁਖਾਵੇਂ ਮਾਹੌਲ ਵਿੱਚ ਹੋਈ। ਜਿਸ ਵਿੱਚ ਤੇਜਿੰਦਰ ਸਿੰਘ ਸਹਾਇਕ ਸਕੱਤਰ ਅਤੇ ਪਰਮਜੀਤ ਸਿੰਘ ਡੀਪੀਆਈ (ਸੈਕੰਡਰੀ) ਸ਼ਾਮਲ ਸਨ। ਇਸ ਮੀਟਿੰਗ ਵਿੱਚ ਪਹਿਲਾਂ ਤੋਂ ਹੀ ਦਿੱਤੇ ਏਜੰਡੇ ’ਤੇ ਸਰਕਾਰੀ ਸਿਖਿਆ ਬਚਾਓ,ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਵਿਚਾਰ ਚਰਚਾ ਹੋਈ। ਸਿੱਖਿਆ ਸਕੱਤਰ ਨੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ’ਤੇ ਲੋੜੀਂਦੇ ਫਰਨੀਚਰ ਦੀ ਘਾਟ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ। ਵਿਦਿਆਰਥੀਆਂ ਦੇ ਸਪੋਰਟਸ ਫੰਡ ਦਾ 50 ਫੀਸਦੀ ਹਿੱਸਾ ਸਕੂਲ ਪੱਧਰ ’ਤੇ ਰੱਖਣ ਸਬੰਧੀ ਮੰਗ ਨੂੰ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ ਦਿਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਸੂਲੀਆਂ ਜਾਂਦੀਆਂ ਵਾਧੂ ਫੀਸਾਂ ਨੂੰ ਘਟ ਕਰਨ ਦਾ ਵਿਸ਼ਵਾਸ ਦਿਵਾਇਆ। ਅਧਿਆਪਕਾਂ ਦੇ ਜੀਪੀਐਫ਼ ਦੇ ਮੋੜਨਯੋਗ ਤੇ ਨਾ-ਮੋੜਨਯੋਗ ਐਡਵਾਂਸ ਦੀਆਂ ਪਾਵਰਾਂ ਡੀਡੀਓ ਪੱਧਰ ’ਤੇ ਦਿੱਤੀਆਂ ਜਾਣਗੀਆਂ।
ਮੈਡੀਕਲ ਛੁੱਟੀ ਨੂੰ ਪੁਰਾਣੇ ਪੈਟਰਨ ਤੇ ਦੇਣ ਲਈ ਪਤਰ ਬਣਾਕੇ ਵਿਤ ਵਿਭਾਗ ਨੂੰ ਭੇਜਿਆ ਗਿਆ ਹੈ। ਐਸ.ਐਸ.ਏ/ਰਮਸਾ ਸਣੇ ਸਾਰੇ ਕਚੇ ਕਰਮਚਾਰੀਆਂ ਨੂੰ 24 ਦਸੰਬਰ 2016 ਦੇ ਨੋਟੀਫਿਕੇਸ਼ਨ ਦੀ ਸਟੇਅ ਟੁੱਟਦਿਆਂ ਹੀ ਇਸ ਨੂੰ ਤੁਰੰਤ ਲਾਗੂ ਕਰ ਦਿਤਾ ਜਾਵੇਗਾ। ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ ਦੀ ਮੰਗ ਨੂੰ ਵਿਚਾਰਨ ਦਾ ਭਰੋਸਾ ਦਿਵਾਇਆ। ਪ੍ਰਾਇਮਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਜਮਾਤਾਂ ਜਲਦੀ ਸ਼ੁਰੂ ਕੀਤੀਆਂ ਜਾਣਗੀਆਂ। ਪਰਖ ਕਾਲ ਦਾ ਸਮਾਂ 2 ਸਾਲ ਕਰਨ ਸਬੰਧੀ ਪਤਰ ਪਰਸੋਨਲ ਵਿਭਾਗ ਨੂੰ ਭੇਜ ਦਿਤਾ ਗਿਆ ਹੈ। ਸਕੂਲਾਂ ਵਿਚ ਬਿਜਲੀ ਦੇ ਬਿਲ਼ ਸਰਕਾਰ ਵਲੋਂ ਅਦਾ ਕੀਤੇ ਜਾਣਗੇ।
ਇਸ ਮੀਟਿੰਗ ਵਿੱਚ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਪ੍ਰੈਸ ਸਕਤਰ ਸੁਰਜੀਤ ਸਿੰਘ, ਵਿੱਤ ਸਕੱਤਰ ਗੁਰਵਿੰਦਰ ਸਿੰਘ ਸਸਕੌਰ, ਸੀਨੀਅਰ ਮੀਤ ਪ੍ਰਧਾਨ ਮੰਗਲ ਸਿੰਘ ਟਾਂਡਾ, ਮੀਤ ਪ੍ਰਧਾਨ ਰਣਜੀਤ ਸਿੰਘ ਮਾਨ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਮੁਕਤਸਰ, ਜੁਆਂਇਟ ਸਕੱਤਰ ਕੁਲਦੀਪ ਸਿੰਘ ਪੁਰੋਵਾਲ, ਸਹਾਇਕ ਪ੍ਰੈਸ ਸਕਤਰ ਕਰਨੈਲ ਫਿਲੌਰ, ਸਹਾਇਕ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਭੁੱਟੋ, ਸੁਰਿੰਦਰ ਸਿੰਘ ਬਰਨਾਲਾ, ਗੁਰਦੀਪ ਸਿੰਘ ਜੌਹਲ, ਪਰਮਜੀਤ ਸਿੰਘ ਪਟਿਆਲਾ, ਨਵਤੇਜ ਸਿੰਘ ਮੁਹਾਲੀ, ਸੁਖਵਿੰਦਰਜੀਤ ਸਿੰਘ ਗਿੱਲ, ਸ਼ਿੰਗਾਰਾ ਸਿੰਘ ਲੁਧਿਆਣਾ, ਪ੍ਰਭਜੀਤ ਸਿੰਘ ਲੁਧਿਆਣਾ ਵੀ ਹਾਜ਼ਰ ਸਨ।