ਕਰਫਿਊ ਦੌਰਾਨ ਦੁੱਧ ਉਤਪਾਦਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਫੌਰੀ ਹੱਲ ਕਰੇ ਸਰਕਾਰ: ਦੋਧੀ ਯੂਨੀਅਨ

ਦੁੱਧ ਉਤਪਾਦਕਾਂ ਨੂੰ ਪਸ਼ੂਆਂ ਲਈ ਚਾਰਾ, ਖੱਲ, ਫੀਡ, ਤੂੜੀ ਲੈਣ ਵਿੱਚ ਕਰਨਾ ਪੈ ਰਿਹੈ ਅੌਕੜਾਂ ਦਾ ਸਾਹਮਣਾ

ਸ਼ਹਿਰੀ ਖੇਤਰ ਵਿੱਚ ਦੋਧੀਆਂ ਵੱਲੋਂ ਰੋਜ਼ਾਨਾ ਕਰੀਬ ਢਾਈ ਲੱਖ ਲੀਟਰ ਦੁੱਧ ਸਪਲਾਈ ਕਰਨ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਦੌਰਾਨ ਪੈਰਾਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਦੇ ਮੈਂਬਰ ਘਰਾਂ ਵਿੱਚ ਦੁੱਧ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਤਤਪਰ ਰਹਿਣਗੇ ਅਤੇ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਵੀ ਨਹੀਂ ਚੁੱਕਣਗੇ ਸਗੋਂ ਪੁਰਾਣੇ ਰੇਟ ’ਤੇ ਦੁੱਧ ਪਾਇਆ ਜਾਵੇਗਾ, ਪ੍ਰੰਤੂ ਨਾਲ ਹੀ ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਦੁੱਧ ਉਤਪਾਦਕਾਂ ਅਤੇ ਦੋਧੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ।
ਅੱਜ ਇੱਥੇ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਸੀਆਂ, ਚੇਅਰਮੈਨ ਜਸਵੀਰ ਸਿੰਘ ਨਰੈਣਾ, ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਮਨਜੀਤ ਸਿੰਘ ਹੁਲਕਾ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ, ਮਨਜੀਤ ਸਿੰਘ ਸੈਣੀ, ਨਰਿੰਦਰ ਸਿੰਘ ਸਿਆਊ, ਭਗਤ ਸਿੰਘ ਕੰਸਾਲਾ, ਦਲਜੀਤ ਸਿੰਘ ਮਨਾਣਾ, ਜਸਵੀਰ ਸਿੰਘ ਢਕੋਰਾਂ, ਸੰਤ ਸਿੰਘ ਕੁਰੜੀ, ਸੁਰਿੰਦਰ ਸਿੰਘ ਬਰਿਆਲੀ, ਸੁਖਵਿੰਦਰ ਸਿੰਘ ਮੌਲੀ ਅਤੇ ਹੋਰਨਾਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੁੱਧ ਉਤਪਾਦਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਫੌਰੀ ਹੱਲ ਕੀਤਾ ਜਾਵੇ ਤਾਂ ਜੋ ਉਹ ਨਿਰੰਤਰ ਦੁੱਧ ਦੀ ਸਪਲਾਈ ਨੂੰ ਯਕੀਨੀ ਬਣਾ ਸਕਣ।
ਆਗੂਆਂ ਨੇ ਕਿਹਾ ਕਿ ਦੁੱਧ ਉਤਪਾਦਕਾਂ ਨੂੰ ਪਸ਼ੂਆਂ ਦਾ ਚਾਰਾ, ਖੱਲ, ਫੀਡ, ਤੂੜੀ ਲੈਣ ਵਿੱਚ ਅੌਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਕਰਫਿਊ ਦੇ ਕਾਰਨ ਖਲ ਫੀਡ ਤਿਆਰ ਕਰਨ ਵਾਲੀਆਂ ਫੈਕਟਰੀਆਂ ਬੰਦ ਹੋ ਜਾਣ ਕਾਰਨ ਦੁਕਾਨਦਾਰਾਂ ਕੋਲ ਪਿਆ ਸਟਾਕ ਵੀ ਖ਼ਤਮ ਹੋ ਗਿਆ ਹੈ ਅਤੇ ਪਸ਼ੂ ਪਾਲਕਾਂ ਨੂੰ ਇਹ ਸਾਮਾਨ ਨਹੀਂ ਮਿਲ ਰਿਹਾ। ਉਨ੍ਹਾਂ ਮੰਗ ਕੀਤੀ ਕਿ ਦੁਕਾਨਦਾਰਾਂ ਨੂੰ ਖਲ ਫੀਡ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਬਾਜ਼ਾਰ ਵਿੱਚ ਤੂੜੀ ਨਾ ਆਉਣ ਕਾਰਨ ਸੁੱਕੇ ਚਾਰੇ ਦੇ ਰੇਟ ਵਧਣ ਦਾ ਖ਼ਦਸ਼ਾ ਹੈ। ਇਸ ਲਈ ਸਰਕਾਰ ਵੱਲੋਂ ਤੂੜੀ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਕਰਫਿਊ ਦੌਰਾਨ ਦੋਧੀਆਂ ਵੱਲੋਂ ਘਰ ਘਰ ਲੋਕਾਂ ਨੂੰ ਦੁੱਧ ਦੀ ਸਪਲਾਈ ਦੇਣ ਵਿੱਚ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਦੋਧੀਆਂ ਵੱਲੋਂ ਰੋਜ਼ਾਨਾ ਕਰੀਬ ਢਾਈ ਲੱਖ ਲੀਟਰ ਦੁੱਧ ਸ਼ਹਿਰੀ ਖੇਤਰ ਵਿੱਚ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਲਗਭਗ ਇਕ ਹਜ਼ਾਰ ਦੋਧੀ ਘਰਾਂ ਵਿੱਚ ਦੁੱਧ ਦੀ ਸਪਲਾਈ ਦਿੰਦੇ ਹਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…