nabaz-e-punjab.com

ਸਰਕਾਰੀ ਵੈਟਰਨਰੀ ਪੋਲੀ ਕਲੀਨਿਕ ਬਲੌਂਗੀ ਨੂੰ ਆਧੁਨਿਕ ਸਾਜੋ-ਸਮਾਨ ਨਾਲ ਲੈਸ ਕੀਤਾ ਜਾਵੇਗਾ: ਸਿੱਧੂ

ਮੁਹਾਲੀ ਹਲਕੇ ਦੇ ਪਸ਼ੂ ਪਾਲਕਾਂ ਲਈ ਪਸ਼ੂਆਂ ਦੇ ਇਲਾਜ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ
ਪਸ਼ੂ ਪਾਲਣ ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਵੈਟਰਨਰੀ ਪੋਲੀ ਕਲੀਨਿਕ ਬਲੌਂਗੀ ਦਾ ਕੀਤਾ ਅਚਨਚੇਤ ਦੌਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਪੰਜਾਬ ਦੀ ਆਰਥਿਕਤਾ ਵਿੱਚ ਪਸ਼ੂ ਧਨ ਦੀ ਵੱਡੀ ਦੇਣ ਹੈ ਅਤੇ ਰਾਜ ਦੇ ਪਸ਼ੂ ਪਾਲਕਾਂ ਨੂੰ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਪਸ਼ੂਆਂ ਦੇ ਇਲਾਜ ਲਈ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਨ੍ਹਾਂ ਵਿਚ ਲੋੜੀਂਦਾ ਨਵਾਂ ਆਧੁਨਿਕ ਸਾਜੋ-ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਵੈਟਰਨਰੀ ਪੋਲੀ ਕਲੀਨਿਕ ਬਲੌਂਗੀ ਦਾ ਅਚਨਚੇਤੀ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਦਿੱਤੀ।
ਸ੍ਰੀ ਸਿੱਧੂ ਨੇ ਦੱਸਿਆ ਕਿ ਪੋਲੀ ਕਲੀਨਿਕ ਬਲੌਂਗੀ ਵਿਖੇ ਹਰ ਜਾਨਵਰ ਦੇ ਇਲਾਜ ਦੀ ਵਿਵਸਥਾ ਹੈ ਪ੍ਰੰਤੂ ਇਸ ਵਿੱਚ ਆਧੁਨਿਕ ਸਾਜੋ-ਸਮਾਨ ਦੀ ਘਾਟ ਹੈ ਅਤੇ ਪਿਛਲੀ ਸਰਕਾਰ ਨੇ ਇਸ ਨੂੰ ਅਣਗੋਲਿਆਂ ਕਰੀ ਰੱਖਿਆ ਅਤੇ ਇਸ ਵਿਚ ਆਧੁਨਿਕ ਸਾਜੋ ਸਮਾਨ ਦੀ ਲੋੜ ਹੈ ਤਾਂ ਜੋ ਜਾਨਵਰਾਂ ਦਾ ਸਹੀ ਇਲਾਜ ਹੋ ਸਕੇ। ਉਨ੍ਹਾਂ ਇਸ ਮੌਕੇ ਐਕਸਰੇ ਮਸ਼ੀਨ, ਅਲਟਰਾ ਸਾਂਉਂਡ ਮਸ਼ੀਨ ਜਿਨ੍ਹਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਦਾ ਵਿਸ਼ੇਸ ਤੌਰ ਤੇ ਜਾਇਜ਼ਾ ਲਿਆ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਅਮਰਜੀਤ ਸਿੰਘ ਨੂੰ ਇਨ੍ਹਾਂ ਮਸ਼ੀਨਾਂ ਨੂੰ ਤੁਰੰਤ ਬਦਲਣ ਦੀਆਂ ਹਦਾਇਤਾਂ ਦਿੱਤੀਆਂ।
ਸ੍ਰੀ ਸਿੱਧੂ ਨੇ ਦੱਸਿਆ ਕਿ ਟਰਾਈ ਸਿਟੀ ਹੋਣ ਕਾਰਨ ਇਸ ਇਲਾਕੇ ਦੇ ਲੋਕਾਂ ਦਾ ਮੁੱਖ ਧੰਦਾ ਡੇਅਰੀ ਧੰਦਾ ਹੈ। ਇਸ ਲਈ ਪੋਲੀ ਕਲੀਨਿਕ ਵਿੱਚ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੇ ਇਲਾਜ ਲਈ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ। ਉਨ੍ਹਾਂ ਪੋਲੀ ਕਲੀਨਿਕ ਦੇ ਓਪਰੇਸ਼ਨ ਥੀਏਟਰ ਸਮੇਤ ਹਰੇਕ ਵਿੰਗ ਦਾ ਦੌਰਾ ਕੀਤਾ ਅਤੇ ਸਟਾਫ਼ ਦੀ ਹਾਜ਼ਰੀ ਦੀ ਚੈਕਿੰਗ ਦੇ ਨਾਲ ਨਾਲ ਪੋਲੀ ਕਲੀਨਿਕ ਵਿੱਚ ਇਲਾਜ ਲਈ ਆਏ ਪਸ਼ੂਆਂ ਦੇ ਰਿਕਾਰਡ ਦਰਜ ਕਰਨ ਵਾਲੇ ਰਜਿਸਟਰ ਨੂੰ ਵੀ ਵਾਚਿਆ ਅਤੇ ਹਦਾਇਤ ਕੀਤੀ ਕਿ ਰਜਿਸਟਰ ਵਿੱਚ ਪਸ਼ੂ ਮਾਲਕ ਦੇ ਨਾਂ ਦੇ ਨਾਲ ਨਾਲ ਉਸ ਦਾ ਮੋਬਾਈਲ ਨੰਬਰ ਵੀ ਦਰਜ ਕੀਤਾ ਜਾਵੇ। ਇਸ ਮੌਕੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਦੱਸਿਆ ਕਿ ਪੋਲੀਕਲੀਨਿਕ ਵਿੱਚ ਹਰੇਕ ਜਾਨਵਰ ਦਾ ਇਲਾਜ ਕੀਤਾ ਜਾਂਦਾ ਹੈ। ਇਹ ਪੋਲੀ ਕਲੀਨਿਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ 12 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਮਾਹਿਰ ਡਾਕਟਰ ਜਾਨਵਰਾਂ ਦਾ ਇਲਾਜ ਕਰਦੇ ਹਨ। ਇਸ ਮੌਕੇ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਹਾਈ ਕੋਰਟ ਦੇ ਵਕੀਲ ਕੰਵਰਬੀਰ ਸਿੰਘ ਸਿੱਧੂ, ਜੀ.ਐਸ. ਰਿਆੜ, ਡਿਪਟੀ ਡਾਇਰੈਕਟਰ ਪ੍ਰਮਾਤਮਾ ਸਰੂਪ, ਡਾ. ਗੁਰਇਕਬਾਲ ਸਿੰਘ ਗਰੋਵਰ, ਡਾ. ਵਰਸ਼ਾ, ਡਾ. ਦਪਿੰਦਰ ਨਿੱਝਰ, ਬਲੌਂਗੀ ਥਾਣੇ ਦੇ ਐਸਐਚਓ ਮਨਫੂਲ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦੰਦਾਂ ਦੀ ਸਮੇਂ-ਸਮੇਂ ਸਿਰ ਜਾਂਚ ਅਤੇ ਸਾਂਭ-ਸੰਭਾਲ ਬੇਹੱਦ ਜ਼ਰੂਰੀ: ਕੁਮਾਰ ਰਾਹੁਲ

ਦੰਦਾਂ ਦੀ ਸਮੇਂ-ਸਮੇਂ ਸਿਰ ਜਾਂਚ ਅਤੇ ਸਾਂਭ-ਸੰਭਾਲ ਬੇਹੱਦ ਜ਼ਰੂਰੀ: ਕੁਮਾਰ ਰਾਹੁਲ ਵਿਸ਼ਵ ਮੌਖਿਕ ਸਿਹਤ ਦਿਵਸ ’…